ਹੈਰੀ ਪੋਟਰ'' ਸਟਾਰ ਡੇਨੀਅਲ ਰੈਡਕਲਿਫ ਦਾ ਵੱਡਾ ਖੁਲਾਸਾ: ''ਮੇਰੇ ਬੇਟੇ ਨੂੰ ਮੇਰੀ ਪ੍ਰਸਿੱਧੀ ਬਾਰੇ ਕੁਝ ਨਹੀਂ ਪਤਾ''

Tuesday, Jun 02, 2026 - 04:30 PM (IST)

ਹੈਰੀ ਪੋਟਰ'' ਸਟਾਰ ਡੇਨੀਅਲ ਰੈਡਕਲਿਫ ਦਾ ਵੱਡਾ ਖੁਲਾਸਾ: ''ਮੇਰੇ ਬੇਟੇ ਨੂੰ ਮੇਰੀ ਪ੍ਰਸਿੱਧੀ ਬਾਰੇ ਕੁਝ ਨਹੀਂ ਪਤਾ''

ਲੰਡਨ (ਏਜੰਸੀ) : ਵਿਸ਼ਵ ਪ੍ਰਸਿੱਧ ਫਿਲਮ ਸੀਰੀਜ਼ 'ਹੈਰੀ ਪੋਟਰ' ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਮਕਬੂਲੀਅਤ ਹਾਸਲ ਕਰਨ ਵਾਲੇ ਅਦਾਕਾਰ ਡੇਨੀਅਲ ਰੈਡਕਲਿਫ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਇੱਕ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ। ਰੈਡਕਲਿਫ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸ਼ੋਹਰਤ ਅਤੇ ਫਿਲਮੀ ਦੁਨੀਆ ਨੂੰ ਆਪਣੇ ਬੇਟੇ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਹੈ।

ਅਦਾਕਾਰ ਨੇ ਇੱਕ ਨਿੱਜੀ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਜਦੋਂ ਉਹ ਆਪਣੀ ਪਾਰਟਨਰ ਅਤੇ ਅਦਾਕਾਰਾ ਏਰਿਨ ਡਾਰਕ ਨਾਲ 'ਵਿੰਟਰ ਓਲੰਪਿਕ' ਦੇਖ ਰਹੇ ਸਨ, ਤਾਂ ਅਚਾਨਕ ਉਨ੍ਹਾਂ ਦੇ ਇੱਕ ਸ਼ੋਅ ਦਾ ਵਿਗਿਆਪਨ ਆ ਗਿਆ। ਰੈਡਕਲਿਫ ਅਨੁਸਾਰ, ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਸਕ੍ਰੀਨ 'ਤੇ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਉਸ ਨੇ ਪਹਿਲਾਂ ਕਦੇ ਵੀ ਆਪਣੇ ਪਿਤਾ ਨੂੰ ਕੰਮ ਕਰਦੇ ਹੋਏ ਨਹੀਂ ਦੇਖਿਆ ਸੀ।

ਮਨੋਰੰਜਨ ਪੱਤਰਕਾ 'ਪੀਪਲ' ਨਾਲ ਗੱਲਬਾਤ ਕਰਦਿਆਂ ਰੈਡਕਲਿਫ ਨੇ ਕਿਹਾ ਕਿ ਡਾਕਟਰ, ਪੁਲਸ ਕਰਮਚਾਰੀ ਜਾਂ ਫਾਇਰਫਾਈਟਰ ਵਰਗੇ ਪੇਸ਼ੇ ਬਾਰੇ ਬੱਚੇ ਨੂੰ ਦੱਸਣਾ ਸੌਖਾ ਹੁੰਦਾ ਹੈ। ਪਰ ਅਦਾਕਾਰੀ ਵਰਗੇ ਪੇਸ਼ੇ ਨੂੰ ਸਮਝਾਉਣਾ ਥੋੜ੍ਹਾ ਔਖਾ ਹੈ। ਉਨ੍ਹਾਂ ਕਿਹਾ, "ਅਸੀਂ ਬੱਚੇ ਨੂੰ ਕਹਿੰਦੇ ਹਾਂ ਕਿ ਅਸੀਂ ਕਹਾਣੀਆਂ ਸੁਣਾਉਂਦੇ ਹਾਂ, ਜਿਵੇਂ ਤੁਹਾਡੀਆਂ ਕਿਤਾਬਾਂ ਹੁੰਦੀਆਂ ਹਨ। ਅਸੀਂ ਅਦਾਕਾਰੀ ਰਾਹੀਂ ਕਹਾਣੀਆਂ ਪੇਸ਼ ਕਰਦੇ ਹਾਂ। ਫਿਲਹਾਲ ਮੇਰੇ ਬੇਟੇ ਨੂੰ ਮੇਰੇ ਕੰਮ ਦੀ ਬਿਲਕੁਲ ਸਮਝ ਨਹੀਂ ਹੈ"।

ਡੇਨੀਅਲ ਰੈਡਕਲਿਫ ਨੇ 'ਹੈਰੀ ਪੋਟਰ' ਤੋਂ ਇਲਾਵਾ 'ਪਿਜ਼ਾ ਮੂਵੀ' ਅਤੇ 'ਵੀਰਡ: ਦ ਏਐਲ ਯਾਂਕੋਵਿਕ ਸਟੋਰੀ' ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਪਰ ਉਹ ਆਪਣੇ ਬੱਚੇ ਲਈ ਫਿਲਹਾਲ ਸਿਰਫ਼ ਇੱਕ ਪਿਤਾ ਦੀ ਭੂਮਿਕਾ ਹੀ ਨਿਭਾਉਣਾ ਚਾਹੁੰਦੇ ਹਨ।
 


author

cherry

Content Editor

Related News