ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਅਦਾਲਤ ’ਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ

Tuesday, Aug 09, 2022 - 11:00 AM (IST)

ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਅਦਾਲਤ ’ਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਨਕੀਰਤ ਔਲਖ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਕਿਸੇ ਨਾ ਕਿਸੇ ਵਿਵਾਦ ’ਚ ਉਨ੍ਹਾਂ ਦਾ ਨਾਂ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਹੁਣ ਮਨਕੀਰਤ ਔਲਖ ਆਪਣੇ ਇਕ ਗੀਤ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਹਨ।

ਅਸਲ ’ਚ 27 ਅਪ੍ਰੈਲ, 2021 ਨੂੰ ਮਨਕੀਰਤ ਔਲਖ ਦਾ ਗੀਤ ‘8 ਰਫਲਾਂ’ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਮਨਕੀਰਤ ਨੇ ਵਕੀਲਾਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਮਾਮਲਾ ਉਦੋਂ ਵੀ ਭਖਿਆ ਸੀ ਪਰ ਬਾਅਦ ’ਚ ਠੰਡੇ ਬਸਤੇ ਪੈ ਗਿਆ।

ਹੁਣ ਐਡਵੋਕੇਟ ਸੁਨੀਲ ਮੱਲਣ ਨੇ ਮਨਕੀਰਤ ਔਲਖ ਖ਼ਿਲਾਫ਼ ਇਸ ਗੀਤ ਨੂੰ ਲੈ ਕੇ ਕੋਰਟ ਕੇਸ ਕੀਤਾ ਹੈ। ਅੱਜ ਯਾਨੀ 9 ਅਗਸਤ ਨੂੰ ਇਸ ਮਾਮਲੇ ਦੀ ਸੁਣਵਾਈ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਫ਼ਿਲਮ ’ਚੋਂ ਕੱਢੇ ਜਾਣ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਮਨਕੀਰਤ ਔਲਖ ਨੂੰ ‘8 ਰਫਲਾਂ’ ਗੀਤ ਨੂੰ ਲੈ ਕੇ 15 ਮਈ, 2021 ਨੂੰ ਨੋਟਿਸ ਭੇਜਿਆ ਗਿਆ ਸੀ ਪਰ ਉਸ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ, ਨਾਲ ਹੀ ਮੁਆਵਜ਼ਾ ਲੈ ਕੇ ਐਡਵੋਕੇਟ ਵੈੱਲਫੇਅਰ ਫੰਡ ’ਚ ਜਮ੍ਹਾ ਕਰਵਾਇਆ ਜਾਵੇ।

ਦੱਸ ਦੇਈਏ ਕਿ ਐਡਵੋਕੇਟ ਮੱਲਣ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਗੀਤ ‘ਸੰਜੂ’ ’ਚ ਵਕੀਲਾਂ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਦਾ ਮਾਮਲਾ ਵੀ ਦਰਜ ਕਰਵਾ ਚੁੱਕੇ ਹਨ। ਇਸ ਮਾਮਲੇ ’ਚ ਸਿੱਧੂ ਦੀ ਮੌਤ ਤੋਂ ਬਾਅਦ ਬਾਕੀ ਸਬੰਧਤ ਵਿਅਕਤੀਆਂ ਖ਼ਿਲਾਫ਼ ਕੇਸ ਚੱਲ ਰਿਹਾ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News