ਸਰਕਾਰਾਂ ’ਤੇ ਕੱਢੀ ਮਲਕੀਤ ਰੌਣੀ ਨੇ ਭੜਾਸ, ਕਿਹਾ- ‘ਜਿਸ ਦੇਸ਼ ਦਾ ਰਾਜਾ ਸੁੱਤਾ ਪਿਆ ਹੋਵੇ, ਉਸ ਨੇ ਕੀ ਤਰੱਕੀ ਕਰਨੀ’
Monday, May 10, 2021 - 05:35 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਮਲਕੀਤ ਰੌਣੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਮਲਕੀਤ ਰੌਣੀ ਆਏ ਦਿਨ ਸਮਾਜਿਕ ਮੁੱਦਿਆਂ ’ਤੇ ਆਪਣਾ ਪੱਖ ਰੱਖਦੇ ਹਨ। ਕੋਰੋਨਾ ਵਾਇਰਸ ਦੇ ਦੌਰ ਦੀ ਜੇਕਰ ਗੱਲ ਕਰੀਏ ਤਾਂ ਇਸ ’ਚ ਬਾਕੀ ਕਿੱਤਿਆਂ ਦੇ ਵਾਂਗ ਹੀ ਫ਼ਿਲਮ ਜਗਤ ਨੂੰ ਵੀ ਵੱਡਾ ਘਾਟਾ ਪਿਆ ਹੈ। ਲੱਖਾਂ ਲੋਕ ਫ਼ਿਲਮ ਜਗਤ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ’ਚ ਦਿਹਾੜੀਦਾਰ ਕਾਮੇ ਵੀ ਸ਼ਾਮਲ ਹਨ।
ਕੋਰੋਨਾ ਦੇ ਚਲਦਿਆਂ ਫ਼ਿਲਮਾਂ ਦਾ ਕੰਮ ਬੰਦ ਪਿਆ ਹੈ ਤੇ ਸ਼ੂਟਿੰਗਾਂ ’ਤੇ ਵੀ ਰੋਕ ਲੱਗ ਗਈ ਹੈ। ਇਸ ’ਤੇ ਮਲਕੀਤ ਰੌਣੀ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣਾ ਗੁੱਸਾ ਕੱਢਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਰਾਹੁਲ ਵੋਹਰਾ ਦੀ ਆਖਰੀ ਵੀਡੀਓ ਹੋਈ ਵਾਇਰਲ, ਪਤਨੀ ਨੇ ਲਗਾਈ ਇਨਸਾਫ ਦੀ ਗੁਹਾਰ
ਮਲਕੀਤ ਰੌਣੀ ਨੇ ਲਿਖਿਆ, ‘ਮੈਂ ਇਕ ਕਲਾਕਾਰ ਹਾਂ। ਜੇ ਮੇਰਾ ਰੁਜ਼ਗਾਰ ਗੈਰ-ਜ਼ਰੂਰੀ ਹੈ ਤਾਂ ਮੇਰਾ ਵੋਟ ਵੀ ਗੈਰ-ਜ਼ਰੂਰੀ ਹੈ। ਜਿਸ ਦੇਸ਼ ਦੇ ਲੋਕ ਭੁੱਖੇ ਮਰਨ ਤੇ ਰਾਜਾ ਸੁੱਤਾ ਪਿਆ ਹੋਵੇ। ਉਸ ਦੇਸ਼ ਨੇ ਕੀ ਤਰੱਕੀ ਕਰਨੀ ਹੈ।’
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਜਗਤ ਇਕ ਅਜਿਹਾ ਕਿੱਤਾ ਹੈ, ਜਿਸ ਨੂੰ ਕੋਰੋਨਾ ਵਾਇਰਸ ਦੇ ਚਲਦਿਆਂ ਬੰਦ ਵੀ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ ਤੇ ਚੀਜ਼ਾਂ ਠੀਕ ਹੋਣ ’ਤੇ ਖੋਲ੍ਹਿਆ ਵੀ ਸਭ ਤੋਂ ਬਾਅਦ ’ਚ ਜਾਂਦਾ ਹੈ। ਸ਼ਾਇਦ ਇਸੇ ਗੱਲ ਦਾ ਗੁੱਸਾ ਮਲਕੀਤ ਰੌਣੀ ਨੇ ਆਪਣੀ ਪੋਸਟ ’ਚ ਕੱਢਿਆ ਹੈ।
ਕੋਰੋਨਾ ਵਾਇਰਸ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਕਈ ਸੂਬਿਆਂ ’ਚ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ’ਚ ਵੀ ਨਿੱਤ ਦਿਨ ਨਵੇਂ-ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਤੇ ਕੋਰੋਨਾ ਵਾਇਰਸ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ।
ਨੋਟ– ਮਲਕੀਤ ਰੌਣੀ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।