ਸਾਡਾ ਮਕਸਦ ਹੈ ਕਿ ਜੋ ਵੀ ਫਿਲਮ ਦੇਖੇ, ਕੁਝ ਸਿੱਖ ਕੇ ਅਤੇ ਸੁਨੇਹਾ ਲੈ ਕੇ ਜਾਵੇ : ਕਿਰਨ ਬੇਦੀ
Saturday, Jun 15, 2024 - 01:49 PM (IST)
ਬਾਲੀਵੁੱਡ ਨੇ ਕਈ ਮਹਾਰਥੀਆਂ ਦੀਆਂ ਸ਼ਾਨਦਾਰ ਬਾਇਓਪਿਕ ਬਣਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਹੁਣ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਡਾ. ਕਿਰਨ ਬੇਦੀ ’ਤੇ ਵੀ ਬਾਇਓਪਿਕ ਬਣਨ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਕੁਸ਼ਾਲ ਚਾਵਲਾ ਨੇ ਕੀਤਾ ਹੈ। ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਦਾ ਨਾਂ ਤਾਂ ਹਰ ਕਿਸੇ ਨੇ ਸੁਣਿਆ ਹੋਵੇਗਾ ਪਰ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਬਹੁਤ ਘੱਟ ਲੋਕ ਜਾਣਦੇ ਹੋਣਗੇ। ਹੁਣ ਇਹ ਕਹਾਣੀ ਪਰਦੇ ’ਤੇ ਫਿਲਮ ਬਣ ਕੇ ਆ ਰਹੀ ਹੈ। ਫਿਲਮ ਦਾ ਨਾਂ ਹੈ ‘ਬੇਦੀ’। ਫਿਲਮ ਬਾਰੇ ਕਿਰਨ ਬੇਦੀ ਤੇ ਕੁਸ਼ਾਲ ਚਾਵਲਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਪੈਂਰੇਟਿੰਗ ਇਕ ਫੁੱਲ ਟਾਈਮ ਜੌਬ, ਬੱਚਿਆਂ ਨੂੰ ਤੁਹਾਡੇ ਸਮੇਂ ਦੀ ਲੋੜ, ਹਰ ਹੁਨਰ ਉਨ੍ਹਾਂ ਨੂੰ ਸਿਖਾਓ : ਕਿਰਨ ਬੇਦੀ
ਫਿਲਮ ਪ੍ਰਤੀ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?
ਜਦੋਂ ਉਹ ਮੇਰੇ ਕੋਲ ਆਏ ਤਾਂ ਮੈਨੂੰ ਲੱਗਾ ਸੀ ਕਿ ਇਹ ਕਿਉਂ ਆਏ ਹਨ, ਕਿਸ ਮਕਸਦ ਨਾਲ, ਕਿਸ ਤਿਆਰੀ ਨਾਲ ਜਾਂ ਕਿਸ ਲਗਨ ਨਾਲ ਆਏ ਹਨ। ਉਹ ਭਰੋਸੇ ਲਾਇਕ ਹਨ, ਪ੍ਰਮਾਣਿਕ ਹਨ, ਇਹ ਸਾਰੀਆਂ ਗੱਲਾਂ ਮੇਰੇ ਦਿਮਾਗ਼ ’ਚ ਸਨ ਅਤੇ ਜਦੋਂ ਉਹ ਆਏ ਸਨ ਤਾਂ ਪੂਰੀ ਤਿਆਰੀ ਨਾਲ ਆਏ ਸਨ ਤੇ ਆਪਣੇ ਆਪ ਹੀ ਮਿਹਨਤ ਕਰ ਰਹੇ ਸਨ। ਆਖ਼ਰ ਇਸ ’ਚ ਸਮਾਂ, ਪੈਸਾ ਅਤੇ ਊਰਜਾ ਸਭ ਲੱਗਦੀ ਹੈ ਪਰ ਉਹ ਖ਼ੁਦ ਆਪਣਾ ਪੈਸਾ, ਸਮਾਂ ਸਭ ਲਾ ਰਹੇ ਸਨ। ਮੇਰੇ ਬਾਰੇ ਰਿਸਰਚ ਕਰ ਰਹੇ ਸਨ, ਜਾਣ ਰਹੇ ਸਨ, ਮੈਂ ਤਾਂ ਹਾਲੇ ਵੀ ਕੰਮ ’ਤੇ ਸੀ ਤੇ ਮੈਂ ਵੀ ਤਿਆਰ ਨਹੀਂ ਸੀ ਪਰ ਮੈਂ ਉਨ੍ਹਾਂ ਦੀ ਹਿੰਮਤ ਦੇਖੀ। ਉਨ੍ਹਾਂ ਵਾਂਗ ਕਦੇ ਕਿਸੇ ਨੇ ਆ ਕੇ ਨਹੀਂ ਕਿਹਾ ਕਿ ਅਸੀਂ ਤਿਆਰ ਹਾਂ ਜਾਂ ਤੁਸੀਂ ਤਿਆਰ ਹੋ ਤਾਂ ਸ਼ੁਰੂ ਕਰਦੇ ਹਾਂ। ਇਸ ਤੋਂ ਬਾਅਦ ਜਦੋਂ ਮੇਰੀ ਫਾਰਮਲ ਇੰਪਲਾਇਮੈਂਟ ਖਤਮ ਹੋਈ ਤਾਂ ਮੈਂ ਆਪਣੇ ਪੈਂਡਿੰਗ ਕੰਮ ਕੀਤੇ ਤੇ ਫਿਰ ਅਸੀਂ ਮਿਲਦੇ ਰਹੇ ਅਤੇ ਇਹ ਉਹ ਸਮਾਂ ਸੀ ਜਦੋਂ ਮੈਂ ਕੁਸ਼ਾਲ ਨੂੰ ਹਾਂ ਕਿਹਾ ਅਤੇ ਉਸ ਨੂੰ ਨਿਰਦੇਸ਼ਨ ਤੇ ਨਿਰਮਾਣ ਕਰਨ ਲਈ ਕਿਹਾ। ਮੈਂ ਫਿਰ ਉਸ ਨੂੰ ਕਿਹਾ ਕਿ ਮੇਰੇ ਮਨ ’ਚ ਜੋ ਚੱਲਦੀ ਹੋਈ ਫਿਲਮ ਹੈ , ਮੈਂ ਤੁਹਾਨੂੰ ਉਹ ਸੁਣਾਉਂਦੀ ਹਾਂ।
ਅੱਜਕੱਲ ਦੇ ਮਾਪਿਆਂ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਕੀ ਕਹੋਗੇ?
ਪਾਲਣ-ਪੋਸ਼ਣ ਜੋ ਹੈ, ਉਹ ਹੁਣ ਫੁੱਲ ਟਾਈਮ ਦੀ ਲੋੜ ਹੈ। ਤੁਸੀਂ ਹਰ ਸਮੇਂ ਬੱਚਿਆਂ ਦੇ ਨਾਲ ਹੋ ਜਾਂ ਨਹੀਂ ਪਰ ਉਨ੍ਹਾਂ ਦੀ ਜ਼ਿੰਦਗੀ ਤੁਸੀਂ ਹੀ ਬਣਾ ਰਹੇ ਹੋ, ਜੋ ਉਨ੍ਹਾਂ ਨੇ ਤੁਹਾਡੇ ਤੋਂ ਬਾਅਦ ਜਿਉਣੀ ਹੈ। ਤੁਸੀਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਇਸ ਤਰ੍ਹਾਂ ਕਰਨਾ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਉਹ ਖ਼ੁਸ਼ਹਾਲ ਤੇ ਸਫਲ ਜੀਵਨ ਬਤੀਤ ਕਰ ਸਕਣ ਅਤੇ ਉਸ ਸਫ਼ਲ ਜੀਵਨ ਦੀ ਜੋ ਨੀਂਹ ਹੈ, ਉਸ ਦਾ ਬਚਪਨ, ਉਸ ਦਾ ਪਾਲਣ-ਪੋਸ਼ਣ, ਇਸ ’ਚ ਮਾਤਾ-ਪਿਤਾ ਦੋਵਾਂ ਦੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਦਾਦਾ-ਦਾਦੀ ਤੇ ਸਕੂਲ ਅਧਿਆਪਕਾਂ ਦੀ ਵੀ ਹੈ। ਉਨ੍ਹਾਂ ਦੇ ਬਚਪਨ ਨੂੰ ਆਪਣਾ ਸਮਾਂ ਦਿਓ, ਬੱਚਾ ਹਮੇਸ਼ਾ ਮਾਤਾ-ਪਿਤਾ ਨੂੰ ਯਾਦ ਰੱਖੇਗਾ। ਤੁਸੀਂ ਆਪਣੇ ਬੱਚਿਆਂ ਨੂੰ ਹਰ ਹੁਨਰ ਸਿਖਾਉਣਾ ਹੈ, ਘੁਮਾਉਣਾ, ਟਰੈਕਿੰਗ ਕਰਨਾ, ਪੜ੍ਹਾਉਣਾ, ਘਰ ਦਾ ਕੰਮ ਸਿਖਾਉਣਾ, ਇਹ ਸਭ ਕੁਝ ਇਸ ’ਚ ਸ਼ਾਮਲ ਹੈ।
ਤੁਸੀਂ ਸਾਰਿਆਂ ਲਈ ਪ੍ਰੇਰਨਾ ਸਰੋਤ ਹੋ? ਕੀ ਤੁਸੀਂ ਵੀ ਕਿਸੇ ਤੋਂ ਪ੍ਰੇਰਿਤ ਹੋ?
ਮੈਂ ਹਰ ਰੋਜ਼ ਇਕ ਨਵਾਂ ਆਈਡੀਆ ਲੈਂਦੀ ਹਾਂ, ਨਵੀਂ ਕਿਤਾਬ, ਨਵੀਂ ਫਿਲਮ ਤੇ ਨਵੇਂ ਲੋਕਾਂ ਤੋਂ ਕਈ ਵਿਚਾਰਾਂ ਨੂੰ ਜ਼ਿੰਦਗੀ ’ਚ ਲਿਆਉਣ ਦੀ ਕੋਸ਼ਿਸ਼ ਵੀ ਕਰਦੀ ਹਾਂ। ਮੈਨੂੰ ਨਾਨ-ਫਿਕਸ਼ਨ ਤੇ ਆਟੋ-ਬਾਇਓਗ੍ਰਾਫੀ ਫਿਲਮਾਂ ਦੇਖਣਾ ਪਸੰਦ ਹੈ।
ਤੁਸੀਂ ਔਰਤਾਂ ਨੂੰ ਮਜ਼ਬੂਤ, ਸਮਰੱਥ ਤੇ ਬਹਾਦਰ ਬਣਨ ਲਈ ਕੀ ਸੰਦੇਸ਼ ਦੇਣਾ ਚਾਹੋਗੇ?
ਮੈਂ ਕਹਾਂਗੀ ਕਿ ਤੁਸੀਂ ਬਚਪਨ ਤੋਂ ਹੀ ਬਦਲੋ, ਮੈਂ 9 ਸਾਲ ਦੀ ਛੋਟੀ ਉਮਰ ਤੋਂ ਟੈਨਿਸ, ਸਾਈਕਲ ਚਲਾਉਣਾ ਸਭ ਕਰਦੀ ਸੀ। ਮੁੰਡੇ ਛੇੜਦੇ ਤੇ ਡਰਾਉਂਦੇ ਸਨ, ਮੈਂ ਵੀ ਉਨ੍ਹਾਂ ਨੂੰ ਡਰਾਉਂਦੀ ਸੀ, ਇਸ ਨਾਲ ਮੈਨੂੰ ਹਿੰਮਤ ਮਿਲਦੀ ਹੈ। ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਤੁਸੀਂ ਅੱਗੇ ਵਧਦੇ ਹੋ, ਜੇਤੂ ਬਣਦੇ ਹੋ। ਸਾਡਾ ਜੋ ਸਮਾਜ ਹੈ, ਉਹ ਬੱਚੀ ਨੂੰ ਛੋਟੀ ਉਮਰ ਤੋਂ ਹੀ ਸੁਰੱਖਿਅਤ ਰੱਖਦਾ ਹੈ ਪਰ ਜਿੰਨਾ ਤੁਸੀਂ ਉਸ ਨੂੰ ਸੁਰੱਖਿਅਤ ਰੱਖੋਗੇ ਤਾਂ ਉਹ ਬਹਾਦਰ ਕਦੋਂ ਬਣੇਗੀ, ਉਸ ’ਚ ਹਿੰਮਤ ਕਿਵੇਂ ਪੈਦਾ ਹੋਵੇਗੀ। ਹੋਣਾ ਇਹ ਚਾਹੀਦਾ ਹੈ ਕਿ ਛੱਡਿਆ ਵੀ ਜਾਵੇ ਤੇ ਸੰਭਾਲਿਆ ਵੀ। ਨਾਲ ਹੀ ਉਸ ਨੂੰ ਸੁਪਨੇ ਦੇਖਣਾ ਵੀ ਸਿਖਾਓ, ਉਸ ਨੂੰ ਸਿਖਾਓ ਕਿ ਕਦੇ ਮੰਗਣਾ ਨਹੀਂ ਹੈ, ਹਮੇਸ਼ਾ ਦੇਣਾ ਸਿੱਖਣਾ ਹੈ।
ਇਸ ਕਹਾਣੀ ’ਚ ਇੰਨਾ ਕੁਝ ਹੈ ਕਿ ਕੋਈ ਵੀ ਸਕ੍ਰਿਪਟ ਰਾਈਟਰ ਨਹੀਂ ਲਿਖ ਸਕਦਾ : ਕੁਸ਼ਾਲ ਚਾਵਲਾ
ਕਿਰਨ ਬੇਦੀ ਦੀ ਬਾਇਓਪਿਕ ਬਣਾਉਣ ਦਾ ਵਿਚਾਰ ਕਿਸ ਦਾ ਸੀ ਅਤੇ ਇਸ ਨੂੰ ਕਦੋਂ ਸ਼ੁਰੂ ਕੀਤਾ?
ਅਸੀਂ 4 ਸਾਲ ਪਹਿਲਾਂ ਮੈਮ (ਕਿਰਨ ਬੇਦੀ) ਨੂੰ ਮਿਲੇ ਸੀ ਤੇ ਉਨ੍ਹਾਂ ਦੀ ਇਕ ਕਹਾਣੀ ਹੈ, ਜੋ ਦੁਨੀਆ ਜਾਣਦੀ ਹੈ ਕਿ ਉਹ ਆਈ. ਪੀ. ਐੱਸ. ਅਧਿਕਾਰੀ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਉਹੀ ਕਹਾਣੀਆਂ ਦੱਸਣ ਲਈ ਸਾਨੂੰ ਲੱਗਾ ਕਿ ਇਹ ਸਿਰਫ਼ ਇਸ ਪੀੜ੍ਹੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇ। ਉਹ ਭਾਵੇਂ ਇਸ ਨੂੰ ਦੇਖ ਨਾ ਸਕੇ ਹੋਣ ਪਰ ਇਸ ਫਿਲਮ ਰਾਹੀਂ ਅਨੁਭਵ ਕਰ ਸਕਣਗੇ। ਅਸੀਂ 4 ਸਾਲ ਪਹਿਲਾਂ ਰਿਸਰਚ ਸ਼ੁਰੂ ਕੀਤੀ ਸੀ। ਮੈਮ ਨਾਲ ਜਿਹੜੇ ਲੋਕ ਸਨ, ਉਨ੍ਹਾਂ ਦੀ ਟੀਮ ’ਚ ਅਸੀਂ ਸਾਰਿਆਂ ਨਾਲ ਗੱਲ ਕੀਤੀ।
ਫਿਲਮ ’ਚ ਪੂਰੀ ਜੀਵਨ ਯਾਤਰਾ ਨੂੰ ਘੱਟ ਸਮੇਂ ’ਚ ਦਿਖਾਉਣ ’ਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ?
ਮੁਸ਼ਕਲਾਂ ਤਾਂ ਆਈਆਂ ਪਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡਾ ਵਿਸ਼ੇਸ਼ ਅਧਿਕਾਰ ਮੇਰੇ ਕੋਲ ਹੋਰ ਕੋਈ ਨਹੀਂ ਹੋ ਸਕਦਾ ਸੀ ਕਿਉਂਕਿ ਇੰਨਾ ਵੱਡਾ ਤੇ ਟ੍ਰਾਂਸਫੋਰਮੇਟਿਵ ਕਰੀਅਰ ਸ਼ਾਇਦ ਅਸੀਂ ਫਿਕਸ਼ਨ ਰਾਈਟਰ ਕਦੇ ਲਿਖ ਵੀ ਨਹੀਂ ਸਕਦੇ। ਇਹ ਚੁਣੌਤੀ ਤਾਂ ਹਮੇਸ਼ਾ ਆਵੇਗੀ ਕਿ 2-3 ਘੰਟਿਆਂ ’ਚ ਪੂਰੀ ਜ਼ਿੰਦਗੀ ਦਾ ਸਫ਼ਰ ਕਿਵੇਂ ਦਿਖਾਇਆ ਜਾਵੇ। ਇਸ ਨਾਲ ਹੀ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਮੇਰੇ ਲਈ ਵੀ ਇਕ ਚੁਣੌਤੀ ਸੀ ਕਿ ਮੈਮ ਦੇ ਇੰਨੇ ਪ੍ਰੇਰਨਾਦਾਇਕ ਸਫ਼ਰ ਨੂੰ ਸਿਨੇਮਾ ’ਤੇ ਨਿਆਂ ਮਿਲੇ। ਮੇਰਾ ਇਹੋ ਮਕਸਦ ਸੀ ਕਿ ਮੈਮ ਦੀ ਇੰਨੀ ਪ੍ਰੇਰਨਾਦਾਇਕ ਜੀਵਨ ਦੀ ਕਹਾਣੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਤੋਂ ਪ੍ਰੇਰਿਤ ਹੋਣ।
ਫਿਲਮ ’ਚ ਤੁਸੀਂ ਸਿਨੇਮੈਟਿਕ ਲਿਬਰਟੀ ਲਓਗੇ ਜਾਂ ਇਸ ਨੂੰ ਬਹੁਤ ਹੀ ਅਸਲੀ, ਪ੍ਰਮਾਣਿਕ ਤਰੀਕੇ ਨਾਲ ਦਿਖਾਓਗੇ?
ਸਾਡੀ ਕੋਸ਼ਿਸ਼ ਹਮੇਸ਼ਾ ਇਹੋ ਹੁੰਦੀ ਹੈ ਕਿ ਅਸੀਂ ਸੱਚਾਈ ਨੂੰ ਨੇੜਿਓਂ ਦਿਖਾਈਏ। ਅਸੀਂ ਹਕੀਕਤ ਦੇ ਜਿੰਨਾ ਨੇੜੇ ਜਾਈਏ, ਓਨਾ ਹੀ ਚੰਗਾ ਹੈ ਕਿਉਂਕਿ ਮੈਮ ਦੀ ਕਹਾਣੀ ਲੋਕ ਇਕ ਪ੍ਰਮਾਣਿਕ ਤੇ ਸੱਚੇ ਅਨੁਭਵ ਲਈ ਦੇਖਦੇ ਹਨ। ਮੈਮ ਦੀ ਕਹਾਣੀ ’ਚ ਉਹ ਜਾਣਨਾ ਚਾਹੁੰਦੇ ਹਨ ਕਿ ਅਸਲ ’ਚ ਕੀ ਹੋਇਆ ਸੀ। ਅਸੀਂ ਇਹੋ ਚਾਹੁੰਦੇ ਹਾਂ ਕਿ ਸੱਚਾਈ ਨੂੰ 100 ਫ਼ੀਸਦੀ ਨੇੜਿਓਂ ਦਿਖਾਇਆ ਜਾਵੇ ਤਾਂ ਜੋ ਲੋਕ ਮੈਮ ਦੀ ਜ਼ਿੰਦਗੀ ਦੀ ਕਹਾਣੀ ਜਾਣ ਸਕਣ। ਬਾਕੀ ਮਨੋਰੰਜਨ ਦੇ ਪੁਆਇੰਟ ਉਹੋ ਹਨ, ਜੋ ਕਹਾਣੀ ’ਚ ਆਪਣੇ ਆਪ ਆ ਜਾਣਗੇ।