ਸੋਨੀ ਮਾਨ ਦੇ ਇਲਜ਼ਾਮ ਤੋਂ ਬਾਅਦ ਲਾਈਵ ਹੋਇਆ ਲੱਖਾ ਸਿਧਾਣਾ, ਫਾਇਰਿੰਗ ਮਾਮਲੇ ’ਤੇ ਦਿੱਤੀ ਸਫਾਈ

Wednesday, Dec 08, 2021 - 01:26 PM (IST)

ਸੋਨੀ ਮਾਨ ਦੇ ਇਲਜ਼ਾਮ ਤੋਂ ਬਾਅਦ ਲਾਈਵ ਹੋਇਆ ਲੱਖਾ ਸਿਧਾਣਾ, ਫਾਇਰਿੰਗ ਮਾਮਲੇ ’ਤੇ ਦਿੱਤੀ ਸਫਾਈ

ਚੰਡੀਗੜ੍ਹ (ਬਿਊਰੋ)– ਸੋਨੀ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਲੱਖਾ ਸਿਧਾਣਾ ’ਤੇ ਗੰਭੀਰ ਦੋਸ਼ ਲਗਾ ਰਹੀ ਹੈ। ਸੋਨੀ ਮਾਨ ਦੇ ਘਰ ’ਤੇ ਬੀਤੇ ਦਿਨੀਂ ਫਾਇਰਿੰਗ ਹੋਈ ਤੇ ਸੋਨੀ ਮਾਨ ਦਾ ਦੋਸ਼ ਹੈ ਕਿ ਇਹ ਫਾਇਰਿੰਗ ਲੱਖਾ ਸਿਧਾਣਾ ਨੇ ਕਰਵਾਈ ਹੈ। ਸੋਨੀ ਮਾਨ ਨੇ ਇਹ ਵੀ ਕਿਹਾ ਕਿ ਲੱਖਾ ਸਿਧਾਣਾ ਨੇ ਉਨ੍ਹਾਂ ਨੂੰ ਗੀਤ ਡਿਲੀਟ ਕਰਨ ਲਈ ਕਿਹਾ ਸੀ, ਜਿਸ ਨੂੰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਤੇ ਲੱਖਾ ਸਿਧਾਣਾ ਨੇ ਕਿਹਾ ਕਿ ਉਸ ਨੂੰ ਗੀਤ ਡਿਲੀਟ ਕਰਵਾਉਣਾ ਚੰਗੀ ਤਰ੍ਹਾਂ ਆਉਂਦਾ ਹੈ। ਇਸ ’ਤੇ ਹੁਣ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੀ ਮਾਨ ਦੇ ਘਰ ਦੇ ਬਾਹਰ ਫਾਇਰਿੰਗ, ਲੱਖਾ ਸਿਧਾਣਾ ’ਤੇ ਲਾਇਆ ਇਲਜ਼ਾਮ (ਵੀਡੀਓ)

ਲੱਖਾ ਸਿਧਾਣਾ ਨੇ ਕਿਹਾ, ‘ਤੁਸੀਂ ਸਾਰਿਆਂ ਨੇ ਦੇਖਿਆ, ਸੋਸ਼ਲ ਮੀਡੀਆ ’ਤੇ ਬਹੁਤ ਰੌਲਾ ਪੈ ਰਿਹਾ ਹੈ। ਇਕ ਗਾਉਣ ਵਾਲੀ ਬੀਬੀ ਇਲਜ਼ਾਮ ਲਗਾ ਰਹੀ ਹੈ ਕਿ ਲੱਖਾ ਸਿਧਾਣਾ ਨੇ ਸਾਡੇ ਘਰ ਗੋਲੀਆਂ ਚਲਾ ਦਿੱਤੀਆਂ। ਮੇਰੇ ’ਤੇ ਇਲਜ਼ਾਮ ਲੱਗਣਾ ਨਵੀਂ ਗੱਲ ਨਹੀਂ। ਜਦੋਂ ਤੋਂ ਮੈਂ ਪੰਜਾਬ ਲਈ ਲੜਨਾ ਸ਼ੁਰੂ ਹੋਇਆ ਹਾਂ, ਜਦੋਂ ਤੋਂ ਮੈਂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਜਦੋਂ ਤੋਂ ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹਾਂ, ਮੈਨੂੰ ਤਰ੍ਹਾਂ-ਤਰ੍ਹਾਂ ਦੇ ਫਤਵੇ ਦਿੱਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ, ‘ਹੁਣ ਇਕ ਨਵਾਂ ਇਲਜ਼ਾਮ ਬੀਬੀ ਨੇ ਲਗਾ ਦਿੱਤਾ ਕਿ ਮੈਂ ਉਨ੍ਹਾਂ ਘਰ ਗੋਲੀਆਂ ਚਲਾ ਦਿੱਤੀਆਂ। 26 ਜਨਵਰੀ ਨੂੰ ਮੇਰੇ ਖ਼ਿਲਾਫ਼ ਬੜੇ ਸਰਟੀਫਿਕੇਟ ਵੰਡੇ ਗਏ ਸਨ, ਕੀ ਮੈਂ ਉਨ੍ਹਾਂ ਦੇ ਘਰਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ? ਮੇਰੇ ਖ਼ਿਲਾਫ਼ ਕਈ ਬੰਦਿਆਂ ਨੇ ਏਜੰਡੇ ਚਲਾਏ, ਕੀ ਮੈਂ ਉਨ੍ਹਾਂ ਦੇ ਘਰਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ? ਮੇਰੇ ’ਤੇ ਇਲਜ਼ਾਮ ਲਗਾਉਣਾ ਇਸ ਗੱਲੋਂ ਸੌਖਾ ਹੈ ਕਿਉਂਕਿ ਮੇਰਾ ਬੈਕਗਰਾਊਂਡ ਉਸ ਲਾਈਨ ਨਾਲ ਜੁੜਦਾ ਹੈ, ਜਿਸ ਨੂੰ ਜਲਦੀ ਬਦਨਾਮ ਕੀਤਾ ਜਾ ਸਕਦਾ ਹੈ।’

ਲੱਖਾ ਸਿਧਾਣਾ ਨੇ ਕਿਹਾ, ‘ਇਹ ਕੌਣ ਤਾਕਤਾਂ ਹਨ, ਕਿਹੜੀਆਂ ਧਿਰਾਂ ਹਨ, ਜੋ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਕਰ ਰਹੀਆਂ ਹਨ। ਜਦੋਂ ਤੋਂ ਅਸੀਂ ਚੋਣ ਮੈਦਾਨ ’ਚ ਉਤਰਨ ਦੀ ਗੱਲ ਕੀਤੀ ਹੈ। ਮੈਂ ਕਈ ਇੰਟਰਵਿਊਜ਼ ’ਚ ਦੱਸਿਆ ਹੈ ਕਿ ਹੋ ਸਕਦਾ ਹੈ ਕਿ ਵੋਟਾਂ ਨੇੜੇ ਆਉਂਦਿਆਂ ਹੀ ਮੈਨੂੰ ਜੇਲ੍ਹ ’ਚ ਸੁੱਟ ਦਿੱਤਾ ਜਾਵੇ ਜਾਂ ਹੋ ਸਕਦਾ ਮੇਰੇ ’ਤੇ ਕੋਈ ਹਮਲਾ ਕਰਵਾ ਦਿੱਤਾ ਜਾਵੇ ਕਿਉਂਕਿ ਜੇਕਰ ਮੈਂ ਕੱਲ ਨੂੰ ਵਿਧਾਨ ਸਭਾ ਪਹੁੰਚ ਗਿਆ ਤਾਂ ਉਥੇ ਉਨ੍ਹਾਂ ਦੀਆਂ ਚੋਰੀਆਂ ਜਗ ਜ਼ਾਹਿਰ ਹੋ ਜਾਣਗੀਆਂ। ਇਨ੍ਹਾਂ ਸਾਰੀਆਂ ਧਿਰਾਂ ਦਾ ਜ਼ੋਰ ਮੇਰੀ ਆਵਾਜ਼ ਨੂੰ ਦੱਬਣ ’ਚ ਲੱਗਾ ਹੋਇਆ ਹੈ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਆਇਆ ਹਾਂ ਕਿ ਮੇਰੀ ਆਵਾਜ਼ ਇੰਝ ਨਹੀਂ ਦੱਬਣੀ। ਜਿੰਨਾ ਚਿਰ ਮੇਰੇ ਸਾਹ ਚੱਲਦੇ ਰਹਿਣਗੇ, ਮੈਂ ਪੰਜਾਬ ਤੇ ਪੰਜਾਬੀਅਤ ਲਈ ਆਪਣੀ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਹਾਂ। ਆਉਣ ਵਾਲੇ ਸਮੇਂ ’ਚ ਹੋਰ ਵੀ ਚਾਲਾਂ ਮੇਰੇ ਖ਼ਿਲਾਫ਼ ਚੱਲੀਆਂ ਜਾ ਸਕਦੀਆਂ ਹਨ।’

ਨੋਟ– ਲੱਖਾ ਸਿਧਾਣਾ ਦੇ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News