‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦਾ ਨਵਾਂ ਪ੍ਰੋਮੋ ਹੋਇਆ ਜਾਰੀ
Sunday, Jul 20, 2025 - 09:52 AM (IST)

ਮੁੰਬਈ- ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਸ਼ੋਅ ਦੇ ਨਵੇਂ ਸੀਜ਼ਨ ਦੇ ਐਲਾਨ ਨੇ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਹਲਚਲ ਮਚਾ ਦਿੱਤੀ ਸੀ। ਹੁਣ ਜਿਵੇਂ ਹੀ ਪਹਿਲਾ ਪ੍ਰੋਮੋ ਰਿਲੀਜ਼ ਹੋਇਆ, ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ। ਪ੍ਰੋਮੋ ਨੇ ਸਿਰਫ ਨਵੇਂ ਸੀਜ਼ਨ ਦੀ ਝਲਕ ਹੀ ਨਹੀਂ ਦਿੱਤੀ, ਸਗੋਂ ‘ਤੁਲਸੀ’ ਦਾ ਲੁੱਕ ਵੀ ਸਾਹਮਣੇ ਆਇਆ, ਜਿਸ ਵਿਚ ਉਹੀ ਜੋਸ਼ ਅਤੇ ਮਜ਼ਬੂਤੀ ਝਲਕ ਰਹੀ ਸੀ।
ਮੇਕਰਸ ਨੇ ਲਿਖਿਆ-ਬਦਲਦੇ ਸਮੇਂ ਨਾਲ ਨਵੇਂ ਨਜ਼ਰੀਏ ਨਾਲ ਪਰਤ ਰਹੀ ਹੈ ‘ਤੁਲਸੀ’! ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ 29 ਜੁਲਾਈ ਤੋਂ ਰਾਤ 10:30 ਵਜੇ ਸਿਰਫ ਸਟਾਰ ਪਲੱਸ ਤੇ ਜੀਓ ਹੌਟਸਟਾਰ ’ਤੇ ਪ੍ਰਸਾਰਿਤ ਹੋਵੇਗਾ। ਪ੍ਰੋਮੋ ਦੀ ਸ਼ੁਰੂਆਤ ਹੁੰਦੀ ਹੈ ਤੁਲਸੀ ਦੀਆਂ ਉਨ੍ਹਾਂ ਯਾਦਾਂ ਨਾਲ, ਜੋ ਉਸ ਨੇ ਲੰਘੇ ਸਮੇਂ ਦੇ ਨਾਲ ਜੋੜੀਆਂ ਹਨ ਪਰ ਨਾਲ ਹੀ ਆਉਣ ਵਾਲੇ ਸਫਰ ਦੀ ਝਲਕ ਵੀ ਦਿਖਾਉਂਦੀ ਹੈ।
ਪ੍ਰੋਮੋ ਵਿਚ ਤੁਲਸੀ ਦੀ ਮਜ਼ਬੂਤੀ ਅਤੇ ਪਰਿਵਾਰਕ ਕਦਰਾਂਕੀਮਤਾਂ ਨਾਲ ਉਸ ਦੇ ਡੂੰਘੇ ਜੋੜ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ, ਉਹ ਵੀ ਅਜੋਕੇ ਬਦਲਦੇ ਦੌਰ ਦੀਆਂ ਚੁਨੌਤੀਆਂ ਵਿਚ। ਕਹਾਣੀ ਪੁਰਾਣੇ ਜਾਣੇ-ਪਛਾਣੇ ਪਲਾਂ ਤੋਂ ਸ਼ੁਰੂ ਹੋ ਕੇ ਨਵੇਂ ਦੌਰ ਦੀਆਂ ਝਲਕੀਆਂ ਤੱਕ ਪੁੱਜਦੀ ਹੈ, ਜਿਸ ਵਿਚ ਬੀਤੇ ਕੱਲ ਦੀਆਂ ਯਾਦਾਂ ਅਤੇ ਅਜੋਕਾ ਸਮਾਂ ਇਕੱਠੇ ਬੱਝੇ ਨਜ਼ਰ ਆਉਂਦੇ ਹਨ।