ਬਰਸੀ ''ਤੇ ਵਿਸ਼ੇਸ਼ : ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕੁਲਦੀਪ ਮਾਣਕ ਨੂੰ ਦਿੱਤਾ ਸੀ ਇਹ ਖ਼ਾਸ ਖਿਤਾਬ

Tuesday, Nov 30, 2021 - 02:06 PM (IST)

ਬਰਸੀ ''ਤੇ ਵਿਸ਼ੇਸ਼ : ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕੁਲਦੀਪ ਮਾਣਕ ਨੂੰ ਦਿੱਤਾ ਸੀ ਇਹ ਖ਼ਾਸ ਖਿਤਾਬ

ਜਲੰਧਰ (ਬਿਊਰੋ) — ਪਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਕੁਲਦੀਪ ਮਾਣਕ ਦਾ ਨਾਂ 'ਕਲੀਆਂ ਦੇ ਬਾਦਸ਼ਾਹ'' ਦੇ ਤੌਰ 'ਤੇ ਵੀ ਯਾਦ ਕੀਤਾ ਜਾਂਦਾ ਹੈ। ਕੁਲਦੀਪ ਮਾਣਕ ਨੇ ਆਪਣੀ ਗਾਇਕੀ ਰਾਹੀਂ ਪੰਜਾਬੀਆਂ 'ਚ ਆਪਣੀ ਇਕ ਵੱਖਰੀ ਹੀ ਪਛਾਣ ਬਣਾਈ ਹੈ। ਅੱਜ ਕੁਲਦੀਪ ਮਾਣਕ ਦੀ ਬਰਸੀ ਹੈ। ਉਨ੍ਹਾਂ ਨੇ 30 ਨਵੰਬਰ 2011 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

ਇੰਝ ਬਣੇ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ
ਕੁਲਦੀਪ ਮਾਣਕ, ਜਿਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਕਹੀਏ, ਮੇਲਿਆਂ ਤੇ ਅਖਾੜਿਆਂ ਦਾ ਸ਼ਿੰਗਾਰ ਕਹੀਏ ਜਾਂ ਕਹੀਏ ਲੋਕ ਗਾਥਾਵਾਂ ਦਾ ਸ਼ਾਹਕਾਰ ਇਨ੍ਹਾਂ 'ਚੋਂ ਕੁਝ ਵੀ ਕਹੀਏ ਪਰ ਰਹਿੰਦੀ ਦੁਨੀਆਂ ਤੱਕ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਰਹੇਗਾ- ਸਵਰਗਵਾਸੀ ਕੁਲਦੀਪ ਮਾਣਕ। ਮਾਣਕ ਦੀ ਗਾਇਕੀ ਨੇ ਹਮੇਸ਼ਾ ਹੀ ਸਭ ਨੂੰ ਵਿਰਾਸਤ ਨਾਲ ਜੋੜਿਆ ਹੈ। ਇਸ ਮਹਾਨ ਗਾਇਕ ਦੀਆਂ ਗਾਈਆਂ ਕੁਝ ਅਜਿਹੀਆਂ ਕਲੀਆਂ ਅਤੇ ਗੀਤ ਹਨ, ਜੋ ਅੱਜ ਵੀ ਉਨੇ ਹੀ ਨਵੇਂ ਲਗਦੇ ਹਨ ਜਿੰਨੇ ਕਿ ਪਹਿਲਾਂ ਲੱਗਦੇ ਸਨ। 'ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ', ਜਿੱਥੇ ਇਸ ਗੀਤ ਨੇ ਹਰ ਮਾਂ ਦੇ ਦਿਲ ਨੂੰ ਛੂਹਿਆ ਉੱਥੇ ਹੀ 'ਸੁੱਚਾ ਸੂਰਮਾ ਤੇ ਜੱਟ ਜਿਉਣਾ' ਮੌੜ ਵਰਗੀਆਂ ਕਲੀਆਂ ਨੇ ਇਨ੍ਹਾਂ ਪਾਤਰਾਂ ਨੂੰ ਜਿਵੇਂ ਮੁੜ ਸੁਰਜੀਤ ਕਰ ਦਿੱਤਾ।

PunjabKesari

30 ਨਵੰਬਰ 2011 ਦੇ ਗਏ ਸਦੀਵੀ ਵਿਛੋੜਾ
ਦੱਸਣਯੋਗ ਹੈ ਕਿ ਪੰਜਾਬ ਦਾ ਮਾਣ, ਮਾਣਕ, ਕੁਲਦੀਪ ਮਾਣਕ 30 ਨਵੰਬਰ 2011 ਦੇ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ। ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਦਿਲਾਂ 'ਚ ਵਸਣ ਵਾਲਾ ਕੁਲਦੀਪ ਮਾਣਕ ਉਹ ਨਾਂ ਹੈ, ਜੋ ਸਾਡੇ ਬਜ਼ੁਰਗਾਂ ਵਲੋਂ ਵੀ ਮਾਣ ਨਾਲ ਲਿਆ ਜਾਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦਾ ਜ਼ਿਕਰ ਹੇਮਸ਼ਾ ਸਤਿਕਾਰ ਨਾਲ ਕਰਦੀਆਂ ਰਹਿਣਗੀਆਂ। ਉਨ੍ਹਾਂ ਦਾ ਜਨਮ 15 ਨਵੰਬਰ 1951 ਨੂੰ ਪੰਜਾਬ 'ਚ ਹੋਇਆ ਸੀ। ਪੰਜਾਬ ਦੇ ਲੋਕਾਂ ਤੋਂ ਜੇਕਰ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਦੋ ਹੀ ਅਰਥ ਪਤਾ ਹੋਣਗੇ ਇਕ ਤਾਂ 'ਫੁੱਲਾਂ ਦੀਆਂ ਕਲੀਆਂ' ਤੇ ਦੂਜਾ 'ਮਾਣਕ ਦੀਆਂ ਕਲੀਆਂ'।

PunjabKesari

ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸੀ ਮਾਣਕ ਦਾ ਖਿਤਾਬ
ਕੁਲਦੀਪ ਨੂੰ ਮਾਣਕ ਦਾ ਖਿਤਾਬ ਪੇਂਡੂ ਖੇਡ ਮੇਲੇ 'ਚ ਪਹੁੰਚੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ 'ਜੱਟਾ ਓਏ ਸੁਣ ਭੋਲਿਆ ਜੱਟਾ ਤੇਰੇ ਸਿਰ ਵਿਚ ਪੈਂਦਾ ਘੱਟਾ, ਵਿਹਲੜ ਲੋਕੀਂ ਮੌਜਾਂ ਮਾਣਦੇ' ਗੀਤ ਨੂੰ ਸੁਣ ਕੇ ਦਿੱਤਾ। ਉਨ੍ਹਾਂ ਦਾ ਹੌਸਲਾ ਇੰਨਾ ਵਧਿਆ ਕਿ ਸਕੂਲ ਪੜ੍ਹਦਿਆਂ ਹੀ ਉਨ੍ਹਾਂ ਨੇ ਅਖਾੜਿਆਂ 'ਚ ਜਾਣਾ ਸ਼ੁਰੂ ਕਰ ਦਿੱਤਾ। ਇਕ ਦਿਨ ਉਨ੍ਹਾਂ ਦੀ ਮੁਲਾਕਾਤ ਪਿੰਡ ਭੁੱਟੀਵਾਲਾ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਉਸਤਾਦ ਖ਼ੁਸ਼ੀ ਰਾਮ ਨਾਲ ਹੋਈ, ਜਿਨ੍ਹਾਂ ਨੂੰ ਬਕਾਇਦਾ ਉਸਤਾਦ ਧਾਰਨ ਕਰ ਕੇ ਮਾਣਕ ਨੇ ਸੰਗੀਤ ਸਿੱਖਣਾ ਆਰੰਭ ਕੀਤਾ। ਕੁਝ ਸਮੇਂ ਬਾਅਦ ਮਾਣਕ ਪਰਿਵਾਰ ਸਮੇਤ ਲੁਧਿਆਣੇ ਆ ਵੱਸੇ ਤੇ ਬੱਸ ਸਟੈਡ ਕੋਲ ਗਾਇਕਾਂ ਦੇ ਦਫ਼ਤਰਾਂ 'ਚ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ।

PunjabKesari

15 ਰੁਪਏ ਮਹੀਨੇ 'ਤੇ ਕੀਤਾ ਕੰਮ
ਕੁਲਦੀਪ ਮਾਣਕ ਨੇ ਹੋਰ ਕਲਾਕਾਰਾਂ ਨਾਲ-ਨਾਲ ਹਰਚਰਨ ਗਰੇਵਾਲ ਨਾਲ ਸਟੇਜਾਂ 'ਤੇ ਜਾਣਾ ਸ਼ੁਰੂ ਕੀਤਾ। ਹਰਚਰਨ ਗਰੇਵਾਲ ਦੀ ਟੀਮ 'ਚ ਉਹ ਕਈ ਸਾਲ 15 ਰੁਪਏ ਮਹੀਨੇ 'ਤੇ ਕੰਮ ਕਰਦੇ ਰਹੇ। ਫਿਰ ਖ਼ੁਦ ਆਪਣੇ ਤੌਰ 'ਤੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ। ਉਨ੍ਹਾਂ ਦਾ ਸਟੇਜ 'ਤੇ ਜਾਣ ਦਾ ਅੰਦਾਜ਼ ਵੀ ਵੱਖਰਾ ਸੀ। ਉਹ ਦੂਰੋਂ ਤੁਰ ਕੇ ਸਟੇਜ ਤਕ ਜਾਂਦੇ ਸਨ। 

ਦੇਵ ਥਰੀਕੇ ਨਾਲ ਮੁਲਾਕਾਤ
ਇਕ ਦਿਨ ਪੀਟੀ ਮਾਸਟਰ ਗੁਰਦਿਆਲ ਸਿੰਘ ਨੇ ਬੱਸ ਅੱਡੇ ਦੇ ਨੇੜੇ ਸੋਮੇ ਭਲਵਾਨ ਦੇ ਢਾਬੇ 'ਤੇ ਮਾਣਕ ਦੀ ਮੁਲਾਕਾਤ ਦੇਵ ਥਰੀਕੇ ਵਾਲੇ ਨਾਲ ਕਰਵਾਈ ਤੇ ਕਿਹਾ ਕਿ ਮਾਣਕ ਦੀ ਮਦਦ ਕਰਨੀ ਹੈ। ਕੁਲਦੀਪ ਮਾਣਕ ਨੇ ਉਨ੍ਹਾਂ ਨੂੰ ਕਿਹਾ ਕਿ ਗਾਣੇ ਲਿਖ ਕੇ ਦਿਓ। ਦੇਵ ਥਰੀਕੇ ਵਾਲੇ ਅਨੁਸਾਰ ਉਨ੍ਹਾਂ ਗੀਤ ਲਿਖ ਕੇ ਦਿੱਤੇ ਅਤੇ ਕੁਲਦੀਪ ਮਾਣਕ ਨੂੰ ਐੱਚ. ਐੱਮ. ਵੀ. ਕੰਪਨੀ ਵਾਲਿਆਂ ਨਾਲ ਮਿਲਾਇਆ। ਕੰਪਨੀ ਦੇ ਮੈਨੇਜਰ ਸੰਤ ਰਾਮ ਦਾਸ ਸਦਕਾ ਦੇਵ ਥਰੀਕੇ ਵਾਲਾ ਦੇ ਲਿਖੇ ਤੇ ਮਾਣਕ ਦੇ ਗਾਏ ਚਾਰ ਗੀਤ 'ਰਸਾਲੂ ਰਾਣੀਏ', 'ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ', 'ਤੇਰੀ ਖਾਤਰ ਹੀਰੇ' ਅਤੇ 'ਆਖੇ ਅਕਬਰ ਬਾਦਸ਼ਾਹ' ਰਿਕਾਰਡ ਅਤੇ ਕਾਮਯਾਬ ਹੋਏ। ਉਨ੍ਹਾਂ ਦਾ ਹੌਸਲਾ ਵਧਿਆ ਤੇ ਕੰਪਨੀ ਨੇ ਲੋਕ ਗਾਥਾਵਾਂ ਦੀ ਐਲਬਮ ਰਿਲੀਜ਼ ਕੀਤੀ। ਇਨ੍ਹਾਂ ਲੋਕ ਗਾਥਾਵਾਂ 'ਚ ਸ਼ਾਮਲ 'ਛੇਤੀ ਕਰ ਸਰਵਣ ਪੁੱਤਰਾ' ਅਤੇ 'ਤੇਰੇ ਟਿੱਲੇ ਤੋਂ ਓਹ ਸੂਰਤ ਦੀਹਦੀ ਆ ਹੀਰ ਦੀ' ਨੇ ਤਰਥੱਲੀ ਮਚਾ ਦਿੱਤੀ। ਇਸ ਤੋਂ ਬਾਅਦ ਦੇਵ ਤੇ ਮਾਣਕ ਦੀ ਜੋੜੀ ਨੇ ਕਈ ਸਦਾਬਹਾਰ ਗਾਣੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ।

PunjabKesari

ਫ਼ਿਲਮਾਂ 'ਚ ਵੀ ਦਿਖਾਏ ਅਦਾਕਾਰੀ ਦੇ ਜੌਹਰ
ਦੇਸ਼ਾਂ ਤੇ ਵਿਦੇਸ਼ਾਂ 'ਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨ ਵਾਲੇ ਕੁਲਦੀਪ ਮਾਣਕ ਨੇ ਜਿੱਥੇ ਪੰਜਾਬੀ ਫ਼ਿਲਮ 'ਲੰਬੜਦਾਰਨੀ', 'ਰੂਪ ਸ਼ੁਕੀਨਣ ਦਾ', 'ਸੈਦਾ ਜੋਗਣ' ਤੇ 'ਸੱਸੀ ਪੁੰਨੂ' ਫ਼ਿਲਮ ਲਈ ਗੀਤ ਗਾਏ, ਉੱਥੇ ਹੀ ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮ 'ਬਲਬੀਰੋ ਭਾਬੀ' 'ਚ ਅਦਾਕਾਰੀ ਦੇ ਜੌਹਰ ਵੀ ਵਿਖਾਏ। ਧਾਰਮਿਕ, ਦੇਸ਼ ਭਗਤੀ ਤੇ ਦੋਗਾਣਾ ਗਾਇਕੀ 'ਚ ਵੀ ਉਨ੍ਹਾਂ ਦਾ ਵੱਖਰਾ ਮੁਕਾਮ ਰਿਹਾ।

ਸੁਪਰ ਹਿੱਟ ਗੀਤ
ਕੁਲਦੀਪ ਮਾਣਕ ਦਾ ਗਾਇਆ ਹਰ ਗੀਤ ਹੀ ਬਹੁਤ ਜ਼ਿਆਦਾ ਮਕਬੂਲ ਹੋਇਆ ਪਰ ਫਿਰ ਵੀ ਉਨ੍ਹਾਂ ਦੇ ਕੁਝ ਗੀਤਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ 'ਚ 'ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ', 'ਕਿਤੋਂ ਆ ਜਾ ਬਾਬਲਾ ਵੇ ਦੁੱਖੜੇ ਸੁਣ ਲੈ ਧੀ ਦੇ ਆ ਕੇ', 'ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ', 'ਕਹਿੰਦੇ ਗੋਰਿਆਂ ਮੁਕੱਦਮਾ ਕਰਿਆ', 'ਸਾਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ', 'ਨੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ', 'ਇਕ ਵੀਰ ਦਈਂ ਵੇ ਰੱਬਾ ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ', 'ਮੇਰੇ ਯਾਰ ਨੂੰ ਮੰਦਾ ਨਾ ਬੋਲੀਂ ਮੇਰੀ ਭਾਵੇਂ ਜ਼ਿੰਦ ਕੱਢ ਲੈ', 'ਇਹ ਦੁਨੀਆ ਧੋਖੇਬਾਜ਼ਾਂ ਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ', 'ਰਾਂਝਾ ਜੋਗੀ ਹੋ ਗਿਆ ਕੰਨੀਂ ਮੁੰਦਰਾਂ ਪਾਈਆਂ' ਆਦਿ ਤਾਂ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ। ਬੇਸ਼ੱਕ ਸਰੀਰਕ ਤੌਰ 'ਤੇ ਕੁਲਦੀਪ ਮਾਣਕ ਇਸ ਦੁਨੀਆ ’ਚ ਨਹੀਂ ਰਹੇ ਪਰ ਆਪਣੇ ਅਨੇਕਾਂ ਸਦਾਬਹਾਰ ਗੀਤਾਂ ਸਦਕਾ ਉਹ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਵੱਸੇ ਰਹਿਣਗੇ।

PunjabKesari

ਸ਼ਾਗਿਰਦ ਵੀ ਕਾਮਯਾਬ
ਕੁਲਦੀਪ ਮਾਣਕ ਦੇ ਸ਼ਾਗਿਰਦ ਜੈਜ਼ੀ ਬੀ ਨੇ ਪੂਰੀ ਦੁਨੀਆ 'ਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ। ਪੁੱਤਰ ਯੁੱਧਵੀਰ ਮਾਣਕ ਨੇ ਵੀ ਕਈ ਗਾਣੇ ਗਾਏ ਹਨ। ਇਸ ਤੋਂ ਇਲਾਵਾ ਮਾਣਕ ਸਾਹਿਬ ਦੇ ਭਤੀਜੇ ਪਰਗਟ ਖ਼ਾਨ ਤੇ ਜਗਦੇਵ ਖ਼ਾਨ ਵੀ ਪਰਿਵਾਰ ਦੀ ਵਿਰਾਸਤ ਨੂੰ ਸਾਂਭਣ ਦਾ ਯਤਨ ਕਰ ਰਹੇ ਹਨ। 


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News