ਜਾਣੋ ਕਦੋਂ ਤੇ ਕਿਥੇ ਹੋਵੇਗਾ ਪੰਕਜ ਉਧਾਸ ਦਾ ਅੰਤਿਮ ਸੰਸਕਾਰ, 72 ਸਾਲ ਦੀ ਉਮਰ ’ਚ ਪੈਨਕ੍ਰੀਆਜ਼ ਕੈਂਸਰ ਨਾਲ ਹੋਈ ਮੌਤ

Tuesday, Feb 27, 2024 - 12:10 PM (IST)

ਜਾਣੋ ਕਦੋਂ ਤੇ ਕਿਥੇ ਹੋਵੇਗਾ ਪੰਕਜ ਉਧਾਸ ਦਾ ਅੰਤਿਮ ਸੰਸਕਾਰ, 72 ਸਾਲ ਦੀ ਉਮਰ ’ਚ ਪੈਨਕ੍ਰੀਆਜ਼ ਕੈਂਸਰ ਨਾਲ ਹੋਈ ਮੌਤ

ਮੁੰਬਈ (ਬਿਊਰੋ)– ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਅੱਜ ਪੰਜ ਤੱਤਾ ’ਚ ਵਿਲੀਨ ਹੋ ਜਾਣਗੇ। ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਰਲੀ ਸਥਿਤ ਹਿੰਦੂ ਕ੍ਰਿਮੇਟੋਰੀਅਮ ’ਚ ਦੁਪਹਿਰ 3 ਤੋਂ 5 ਵਜੇ ਤੱਕ ਕੀਤਾ ਜਾਵੇਗਾ। ਉਨ੍ਹਾਂ ਦਾ 72 ਸਾਲ ਦੀ ਉਮਰ ’ਚ ਬੀਤੇ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਧੀ ਨਾਇਬ ਉਧਾਸ ਨੇ ਸੋਸ਼ਲ ਮੀਡੀਆ ’ਤੇ ਦਿੱਤੀ।

ਗ਼ਜ਼ਲ ਗਾਇਕ ਜੈਜ਼ੀਮ ਸ਼ਰਮਾ ਨੇ ਦੱਸਿਆ ਕਿ ਉਹ ਪੈਨਕ੍ਰੀਆਜ਼ ਕੈਂਸਰ ਨਾਲ ਜੂਝ ਰਹੇ ਸਨ। 10 ਦਿਨ ਪਹਿਲਾਂ ਸਾਹ ਲੈਣ ’ਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਸੋਮਵਾਰ ਸਵੇਰੇ 11 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਪੰਕਜ ਆਪਣੇ ਪਿੱਛੇ ਪਤਨੀ ਫਰੀਦਾ ਤੇ ਦੋ ਧੀਆਂ ਨਾਇਬ ਤੇ ਰੇਵਾ ਨੂੰ ਛੱਡ ਗਏ ਹਨ।

ਗੁਜਰਾਤ ਦੇ ਇਕ ਜ਼ਿਮੀਂਦਾਰ ਪਰਿਵਾਰ ’ਚ ਹੋਇਆ ਜਨਮ
ਪੰਕਜ ਉਧਾਸ ਦਾ ਜਨਮ 17 ਮਈ, 1951 ਨੂੰ ਜੇਤਪੁਰ, ਗੁਜਰਾਤ ’ਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਰਾਜਕੋਟ ਦੇ ਨੇੜੇ ਚਰਖੜੀ ਕਸਬੇ ਦਾ ਵਸਨੀਕ ਸੀ। ਉਨ੍ਹਾਂ ਦੇ ਦਾਦਾ ਜੀ ਭਾਵਨਗਰ ਦੇ ਜ਼ਿਮੀਂਦਾਰ ਤੇ ਦੀਵਾਨ ਸਨ। ਉਨ੍ਹਾਂ ਦੇ ਪਿਤਾ ਕੇਸ਼ੂਭਾਈ ਸਰਕਾਰੀ ਮੁਲਾਜ਼ਮ ਸਨ। ਪਿਤਾ ਨੂੰ ਇਸਰਾਜ (ਇਕ ਸੰਗੀਤਕ ਸਾਜ਼) ਵਜਾਉਣ ਦਾ ਸ਼ੌਕ ਸੀ ਤੇ ਮਾਂ ਜੀਤੂਬੇਨ ਗਾਉਣ ਦੀ ਸ਼ੌਕੀਨ ਸੀ। ਇਸ ਕਾਰਨ ਪੰਕਜ ਉਧਾਸ ਤੇ ਉਨ੍ਹਾਂ ਦੇ ਦੋਵੇਂ ਭਰਾ ਸੰਗੀਤ ਵੱਲ ਮੁੜ ਗਏ।

ਇਹ ਖ਼ਬਰ ਵੀ ਪੜ੍ਹੋ : ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ

ਸਕੂਲ ’ਚ ਪਹਿਲੇ ਗੀਤ ਲਈ 51 ਰੁਪਏ ਲਏ
ਪੰਕਜ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਗਾਇਕੀ ’ਚ ਕਰੀਅਰ ਬਣਾ ਲੈਣਗੇ। ਉਨ੍ਹੀਂ ਦਿਨੀਂ ਭਾਰਤ-ਚੀਨ ਜੰਗ ਚੱਲ ਰਹੀ ਸੀ। ਇਸ ਦੌਰਾਨ ਲਤਾ ਮੰਗੇਸ਼ਕਰ ਦਾ ਗੀਤ ‘ਏ ਮੇਰੇ ਵਤਨ ਕੇ ਲੋਗੋਂ’ ਗੀਤ ਰਿਲੀਜ਼ ਹੋਇਆ। ਪੰਕਜ ਨੇ ਇਹ ਗੀਤ ਗਾਇਆ। ਉਨ੍ਹਾਂ ਦੇ ਗੀਤ ਨਾਲ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਇਕ ਸਰੋਤੇ ਨੇ ਉਨ੍ਹਾਂ ਨੂੰ ਇਨਾਮ ਵਜੋਂ 51 ਰੁਪਏ ਦਿੱਤੇ। ਇਹ ਉਨ੍ਹਾਂ ਦੀ ਗਾਇਕੀ ਤੋਂ ਪਹਿਲੀ ਕਮਾਈ ਸੀ।

ਸੰਗੀਤ ਅਕੈਡਮੀ ’ਚ ਪੜ੍ਹਾਈ ਕੀਤੀ
ਪੰਕਜ ਦੇ ਦੋਵੇਂ ਭਰਾ ਮਨਹਰ ਤੇ ਨਿਰਜਲ ਉਧਾਸ ਸੰਗੀਤ ਉਦਯੋਗ ’ਚ ਜਾਣੇ-ਪਛਾਣੇ ਨਾਮ ਸਨ। ਸਕੂਲ ’ਚ ਪੰਕਜ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਨੂੰ ਲੱਗਾ ਕਿ ਪੰਕਜ ਵੀ ਆਪਣੇ ਭਰਾਵਾਂ ਵਾਂਗ ਸੰਗੀਤ ਖੇਤਰ ’ਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਕੋਟ ਦੀ ਮਿਊਜ਼ਿਕ ਅਕੈਡਮੀ ’ਚ ਦਾਖ਼ਲ ਕਰਵਾਇਆ ਗਿਆ।

ਉਨ੍ਹਾਂ ਦੀ ਪਹਿਲੀ ਐਲਬਮ ‘ਆਹਟ’ 1980 ’ਚ ਰਿਲੀਜ਼ ਹੋਈ ਸੀ। ਇਸ ’ਚ ਉਨ੍ਹਾਂ ਨੇ ਕਈ ਗ਼ਜ਼ਲਾਂ ਗਾਈਆਂ। ਪੰਕਜ ਉਧਾਸ ਆਪਣੀ ਗ਼ਜ਼ਲ ਗਾਇਕੀ ਲਈ ਮਸ਼ਹੂਰ ਹੋਏ। ਉਨ੍ਹਾਂ ਦੇ ਪ੍ਰਸਿੱਧ ਗੀਤਾਂ ’ਚ ‘ਜੀਏ ਤੋਂ ਜੀਏ ਕੈਸੇ ਬਿਨ ਆਪਕੇ’, ‘ਚਿੱਠੀ ਆਈ ਹੈ’, ‘ਚਾਂਦੀ ਜੈਸਾ ਰੰਗ ਹੈ ਤੇਰਾ, ਸੋਨੇ ਜੈਸੇ ਬਾਲ’, ‘ਨਾ ਕਜਰੇ ਕੀ ਧਾਰ, ਨਾ ਮੋਤੀਓਂ ਕੇ ਹਾਰ’ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News