ਬੈਡਮਿੰਟਨ ਖਿਡਾਰਨ ਤੋਂ ਅਦਾਕਾਰੀ ਤੇ ਫਿਰ ਰਾਜਨੀਤੀ ’ਚ ਇੰਝ ਸਰਗਰਮ ਹੋਈ ਕਿਰਨ ਖੇਰ

2021-06-14T14:08:41.217

ਚੰਡੀਗੜ੍ਹ (ਬਿਊਰੋ)– ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਦਾ ਅੱਜ ਜਨਮਦਿਨ ਹੈ। ਕਿਰਨ ਖੇਰ ਆਪਣਾ 65ਵਾਂ ਜਨਮਦਿਨ ਮਨਾ ਰਹੀ ਹੈ। ਕਿਰਨ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜਿਨ੍ਹਾਂ ਨੇ ਇੰਡਸਟਰੀ ’ਚ ਆਪਣੀ ਅਦਾਕਾਰੀ ਨਾਲ ਆਪਣੀ ਸਮਝਦਾਰੀ ਨੂੰ ਸਾਬਿਤ ਕੀਤਾ। ਹਾਲਾਂਕਿ ਅੱਜ ਕਿਰਨ ਬਾਲੀਵੁੱਡ ਤੋਂ ਦੂਰ ਹੈ ਤੇ ਰਾਜਨੀਤੀ ’ਚ ਸਰਗਰਮ ਹੈ ਪਰ ਇਕ ਸਮਾਂ ਅਜਿਹਾ ਸੀ, ਜਦੋਂ ਉਸ ਦੀ ਬੁਲੰਦ ਆਵਾਜ਼ ਤੇ ਅਦਾਕਾਰੀ ਦੇ ਲੋਕ ਦੀਵਾਨੇ ਸਨ। ਅੱਜ ਉਸ ਦੇ ਜਨਮਦਿਨ ’ਤੇ ਅਸੀਂ ਤੁਹਾਨੂੰ ਕਿਰਨ ਦੇ ਬਾਲੀਵੁੱਡ ਅਦਾਕਾਰਾ ਤੋਂ ਰਾਜਨੇਤਾ ਤਕ ਦੇ ਸਫ਼ਰ ਬਾਰੇ ਦੱਸਣ ਜਾ ਰਹੇ ਹਾਂ–

PunjabKesari

ਕਿਰਨ ਖੇਰ ਦਾ ਜਨਮ 14 ਜੂਨ, 1955 ਨੂੰ ਪੰਜਾਬ ’ਚ ਹੋਇਆ। ਕਿਰਨ ਨੇ ਆਪਣੀ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਹੀ ਪੂਰੀ ਕੀਤੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕਿਰਨ ਬੈਡਮਿੰਟਨ ਦੀ ਵਧੀਆ ਖਿਡਾਰਨ ਰਹੀ ਹੈ। ਕਿਰਨ ਖੇਰ ਨੇ ਦੀਪਿਕਾ ਪਾਦੂਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਨਾਲ ਰਾਸ਼ਟਰੀ ਪੱਧਰ ’ਤੇ ਬੈਡਮਿੰਟਨ ਖੇਡਿਆ ਹੈ।

PunjabKesari

ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਕਿਰਨ ਦਾ ਝੁਕਾਅ ਅਦਾਕਾਰੀ ਵੱਲ ਵਧਿਆ ਤੇ ਉਸ ਨੇ ਇਸ ਦਿਸ਼ਾ ਵੱਲ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ। ਕਿਰਨ ਨੇ ਚੰਡੀਗੜ੍ਹ ’ਚ ਥੀਏਟਰ ਜੁਆਇਨ ਕੀਤਾ। ਅਨੁਪਮ ਖੇਰ ਵੀ ਇਸ ਥੀਏਟਰ ਗਰੁੱਪ ’ਚ ਸਨ, ਜਿਥੇ ਉਸ ਦੀ ਅਨੁਪਮ ਖੇਰ ਨਾਲ ਦੋਸਤੀ ਹੋਈ ਸੀ ਪਰ ਉਸ ਤੋਂ ਬਾਅਦ ਕਿਰਨ ਬਾਲੀਵੁੱਡ ’ਚ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਚਲੀ ਗਈ।

PunjabKesari

ਕਿਰਨ ਖੇਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1983 ’ਚ ਪੰਜਾਬੀ ਫ਼ਿਲਮ ‘ਆਸਰਾ ਪਿਆਰ ਦਾ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 1996 ’ਚ ‘ਸਰਦਾਰੀ ਬੇਗਮ’ ’ਚ ਅਮਰੀਸ਼ ਪੁਰੀ ਨਾਲ ਕੰਮ ਕੀਤਾ, ਜੋ ਕਿ ਬਹੁਤ ਮਸ਼ਹੂਰ ਹੋਈ ਸੀ। ਫ਼ਿਲਮ ਨੂੰ ਨੈਸ਼ਨਲ ਫ਼ਿਲਮ ਐਵਾਰਡ ਵੀ ਮਿਲਿਆ ਹੈ। ਇਸ ਤੋਂ ਬਾਅਦ ਕਿਰਨ ਨੇ ਕਈ ਫ਼ਿਲਮਾਂ ’ਚ ਕੰਮ ਕੀਤਾ ਪਰ ਜ਼ਿਆਦਾਤਰ ਫ਼ਿਲਮਾਂ ’ਚ ਉਸ ਨੇ ਮਾਂ ਦਾ ਕਿਰਦਾਰ ਨਿਭਾਇਆ। ਸਾਲ 2002 ’ਚ ਅਦਾਕਾਰਾ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਦੇਵਦਾਸ’ ’ਚ ਐਸ਼ਵਰਿਆ ਰਾਏ ਦੀ ਮਾਂ ਦਾ ਕਿਰਦਾਰ ਨਿਭਾਇਆ। ਕਿਰਨ ਦੇ ਇਸ ਕਿਰਦਾਰ ਨੇ ਲੋਕਾਂ ਦੇ ਮਨਾਂ ’ਤੇ ਇਕ ਵੱਖਰੀ ਛਾਪ ਛੱਡੀ। ਇਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ਜਿਵੇਂ ‘ਓਮ ਸ਼ਾਂਤੀ ਓਮ’, ‘ਅਪਨੇ’, ‘ਕਭੀ ਅਲਵਿਦਾ ਨਾ ਕਾਹਨਾ’, ‘ਰੰਗ ਦੇ ਬਸੰਤੀ’, ‘ਫਨਾ’, ‘ਹਮ ਤੁਮ’, ‘ਵੀਰ ਜ਼ਾਰਾ’, ‘ਮੈਂ ਹੂੰ ਨਾ’ ਆਦਿ ’ਚ ਮਾਂ ਦੀ ਭੂਮਿਕਾ ਨਿਭਾਈ।

PunjabKesari

ਕਿਰਨ ਤੇ ਅਨੁਪਮ ਦੀ ਦੋਸਤੀ ਥੀਏਟਰ ਦੇ ਦਿਨਾਂ ਤੋਂ ਹੀ ਹੋ ਗਈ ਸੀ ਪਰ ਫਿਰ ਉਹ ਕੰਮ ਦੀ ਭਾਲ ’ਚ ਮੁੰਬਈ ਆ ਗਈ। ਇਥੇ ਆਉਂਦਿਆਂ ਉਸ ਨੇ ਕਾਰੋਬਾਰੀ ਗੌਤਮ ਬੇਰੀ ਨਾਲ ਵਿਆਹ ਕਰਵਾ ਲਿਆ। ਦੂਜੇ ਪਾਸੇ ਅਨੁਪਮ ਖੇਰ ਨੇ ਮਧੁਮਾਲਤੀ ਨਾਲ ਵਿਆਹ ਕਰਵਾਇਆ। ਆਪਣੇ ਪਹਿਲੇ ਵਿਆਹ ਤੋਂ ਹੀ ਕਿਰਨ ਦਾ ਇਕ ਪੁੱਤਰ ਸੀ, ਜਿਸ ਦਾ ਨਾਮ ਸਿਕੰਦਰ ਹੈ, ਜੋ ਇਸ ਸਮੇਂ ਇਕ ਅਦਾਕਾਰ ਹੈ ਪਰ ਨਾ ਤਾਂ ਕਿਰਨ ਦਾ ਵਿਆਹ ਇਥੇ ਵਧੀਆ ਚੱਲ ਰਿਹਾ ਸੀ ਤੇ ਦੂਜੇ ਪਾਸੇ ਅਨੁਪਮ ਦਾ ਵੀ ਇਹੋ ਹਾਲ ਸੀ। ਕਿਰਨ ਤੇ ਗੌਤਮ ਦਾ 1985 ’ਚ ਤਲਾਕ ਹੋ ਗਿਆ ਸੀ। ਇਥੇ ਅਨੁਪਮ ਵੀ ਆਪਣੀ ਪਤਨੀ ਤੋਂ ਵੱਖ ਹੋ ਗਏ ਤੇ ਉਸੇ ਸਾਲ ਯਾਨੀ 1985 ’ਚ ਕਿਰਨ ਤੇ ਅਨੁਪਮ ਨੇ ਵਿਆਹ ਕਰਵਾ ਲਿਆ ਸੀ।

PunjabKesari

ਇਸ ਤੋਂ ਬਾਅਦ ਕਿਰਨ ਰਾਜਨੀਤੀ ਵੱਲ ਵਧੀ ਤੇ ਹੁਣ ਅਦਾਕਾਰਾ ਸਰਗਰਮ ਰਾਜਨੀਤੀ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਕਿਰਨ ਖੇਰ ਨੇ ਸਾਲ 2009 ’ਚ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਇਆ ਤੇ ਰਾਜਨੀਤੀ ’ਚ ਸਰਗਰਮ ਹੋ ਗਈ। ਉਸ ਤੋਂ ਬਾਅਦ 2014 ’ਚ ਉਹ ਭਾਜਪਾ ਦੇ ਚੋਣ ਨਿਸ਼ਾਨ ਨਾਲ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਰੀ ਤੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ 2019 ’ਚ ਵੀ ਉਸ ਨੇ ਇਸ ਸੀਟ ’ਤੇ ਕਬਜ਼ਾ ਕਰ ਲਿਆ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh