ਦੋਸਤੀ, ਪਰਿਵਾਰ ਤੇ ਸੋਸ਼ਲ ਮੀਡੀਆ ਦੀ ਦੁਨੀਆ ’ਤੇ ਆਧਾਰਿਤ ਹੈ ਫ਼ਿਲਮ ‘ਖੋ ਗਏ ਹਮ ਕਹਾਂ’

Saturday, Dec 23, 2023 - 01:53 PM (IST)

ਸੋਸ਼ਲ ਮੀਡੀਆ ਦੀ ਦੁਨੀਆ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਦੋਸਤੀ, ਪਰਿਵਾਰ ਤੇ ਸੋਸ਼ਲ ਮੀਡੀਆ ’ਤੇ ਫਾਲੋਅਰਜ਼ ਤੇ ਲਾਈਕਸ ਦੇ ਚੱਕਰ ਕੱਟਦੀ ਫ਼ਿਲਮ ‘ਖੋ ਗਏ ਹਮ ਕਹਾਂ’ ਇਸ ਦੌਰ ’ਤੇ ਬਣੀ ਇਕ ਅਜਿਹੀ ਫ਼ਿਲਮ ਹੈ, ਜਿਸ ’ਚ ਇਨ੍ਹਾਂ ਸਾਰਿਆਂ ਦੀ ਅਹਿਮੀਅਤ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ ’ਚ ਆਦਰਸ਼ ਗੌਰਵ ਦੇ ਨਾਲ ਅਨਨਿਆ ਪਾਂਡੇ ਤੇ ਸਿਧਾਂਤ ਚਤੁਰਵੇਦੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਨੈੱਟਫਲਿਕਸ ’ਤੇ 26 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਅਰਜੁਨ ਵਰੈਨ ਸਿੰਘ ਨੇ ਕੀਤਾ ਹੈ। ਅਜਿਹੇ ’ਚ ‘ਖੋ ਗਏ ਹਮ ਕਹਾਂ’ ਬਾਰੇ ਸਟਾਰ ਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਫ਼ਿਲਮ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ–

ਅਨਨਿਆ ਪਾਂਡੇ

ਸਵਾਲ– ਸੋਸ਼ਲ ਮੀਡੀਆ ਦੀ ਦੁਨੀਆਂ ਬਾਰੇ ਤੁਹਾਨੂੰ ਕਿਹੜੀ ਚੀਜ਼ ਸੱਚ ਤੇ ਕਿਹੜੀ ਝੂਠ ਲੱਗਦੀ ਹੈ?
ਜਵਾਬ–
ਮੈਨੂੰ ਇਸ ਸੰਸਾਰ ’ਚ ਜੋ ਝੂਠ ਲੱਗਦਾ ਹੈ, ਉਹ ਇਹ ਹੈ ਕਿ ਲੋਕ ਇਸ ’ਤੇ ਸਿਰਫ਼ ਖ਼ੁਸ਼ੀਆਂ ਪੋਸਟ ਕਰਦੇ ਹਨ ਪਰ ਜੇਕਰ ਉਨ੍ਹਾਂ ਦੀ ਜ਼ਿੰਦਗੀ ’ਚ ਕੁਝ ਬੁਰਾ ਹੋ ਰਿਹਾ ਹੈ ਜਾਂ ਉਨ੍ਹਾਂ ਦਾ ਦਿਨ ਖ਼ਰਾਬ ਚੱਲ ਰਿਹਾ ਹੈ ਤਾਂ ਉਹ ਕਦੇ ਵੀ ਇਸ ਨੂੰ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਨਹੀਂ ਕਰਦੇ। ਇਸ ਪਲੇਟਫਾਰਮ ਦੀ ਚੰਗੀ ਗੱਲ ਇਹ ਹੈ ਕਿ ਇਸ ਨੇ ਸਾਰਿਆਂ ਨੂੰ ਆਪਸ ’ਚ ਜੋੜ ਦਿੱਤਾ ਹੈ। ਹੁਣ ਮੇਰੇ ਦੋਸਤ ਕਿਤੇ ਵੀ ਹੋਣ, ਜੇਕਰ ਉਨ੍ਹਾਂ ਨੇ ਮੈਨੂੰ ਕੋਈ ਮੀਮ ਭੇਜਿਆ ਤੇ ਮੈਂ ਉਸ ਦਾ ਰਿਪਲਾਈ ਕੀਤਾ ਤਾਂ ਲੱਗਦਾ ਹੈ ਕਿ ਅਸੀਂ ਆਪਸ ’ਚ ਕਿਤੇ ਨਾ ਕਿਤੇ ਕੰਟੈਕਟ ’ਚ ਤਾਂ ਹਾਂ। ਰਿਸ਼ਤੇਦਾਰਾਂ ਨੂੰ ਵੀ ਪਤਾ ਰਹਿੰਦਾ ਹੈ ਕਿ ਤੁਸੀਂ ਕਿਥੇ ਹੋ। ਮੇਰੀ ਨਾਨੀ ਮੇਰੀ ਹਰ ਪੋਸਟ ’ਤੇ ਕੁਮੈਂਟ ਕਰਦੀ ਹਨ।

ਸਵਾਲ– ਅਦਾਕਾਰੀ ਤੋਂ ਇਲਾਵਾ ਤੁਹਾਨੂੰ ਕਿਹੜਾ ਪ੍ਰੋਫੈਸ਼ਨ ਪਸੰਦ ਹੈ?
ਜਵਾਬ–
ਹਾਲਾਂਕਿ ਮੈਨੂੰ ਅਦਾਕਾਰੀ ਪਸੰਦ ਹੈ ਪਰ ਜੇਕਰ ਮੈਂ ਅਦਾਕਾਰਾ ਨਾ ਹੁੰਦੀ ਤਾਂ ਮੈਂ ਪ੍ਰੀ-ਸਕੂਲ ਟੀਚਰ ਬਣਦੀ। ਮੈਨੂੰ ਬੱਚੇ ਬਹੁਤ ਪਸੰਦ ਹਨ। ਮੈਨੂੰ ਨਹੀਂ ਪਤਾ ਕਿ ਮੈਂ ਬੱਚਿਆਂ ਨੂੰ ਕੀ ਸਿਖਾਉਂਦੀ ਪਰ ਮੈਨੂੰ ਉਹ ਬੇਹੱਦ ਪਸੰਦ ਹਨ, ਇਸ ਲਈ ਮੈਂ ਇਸੇ ਪ੍ਰੋਫੈਸ਼ਨ ’ਚ ਜਾਂਦੀ।

ਸਵਾਲ– ਜਦੋਂ ‘ਖੋ ਗਏ ਹਮ ਕਹਾਂ’ ਲਈ ਕਾਲ ਆਈ ਤਾਂ ਤੁਹਾਡਾ ਰਿਐਕਸ਼ਨ ਕੀ ਸੀ?
ਜਵਾਬ–
ਮੈਨੂੰ ਕੋਈ ਕਾਲ ਨਹੀਂ ਆਈ, ਸਗੋਂ ਮੈਂ ਇਸ ਲਈ ਪ੍ਰਾਪਰ ਆਡੀਸ਼ਨ ਸਟੇਜ ਕੀਤਾ ਸੀ। ਮੈਨੂੰ ਫ਼ਿਲਮ ਬਾਰੇ ਪਤਾ ਸੀ ਤੇ ਮੈਂ ਹਮੇਸ਼ਾ ਤੋਂ ਇਸ ਦਾ ਹਿੱਸਾ ਬਣਨਾ ਚਾਹੁੰਦੀ ਸੀ। ਜਦੋਂ ਮੈਂ ਤੇ ਸਿਧਾਂਤ ਗੋਆ ’ਚ ‘ਗਹਿਰਾਈਂਆਂ’ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਸਾਡੇ ਨਿਰਦੇਸ਼ਕ ਅਰਜੁਨ ਵਰੈਣ ਸਿੰਘ ਗੋਆ ਆਏ ਸਨ, ਸਿਡ ਨੂੰ ਇਸ ਦੀ ਸਕ੍ਰਿਪਟ ਸੁਣਾਉਣ ਲਈ। ਉਦੋਂ ਮੈਂ ਸੁਣ ਲਿਆ ਸੀ ਕਿ ਕਿਰਦਾਰ ਇਕ ਟੌਮਬੁਆਏ ਲੜਕੀ ਹੈ ਤਾਂ ਮੈਂ ਛੇਤੀ ਨਾਲ ਆਪਣੇ ਕਮਰੇ ’ਚ ਜਾ ਕੇ ਕੁਝ ਅਜਿਹੇ ਹੀ ਕੱਪੜੇ ਪਹਿਨੇ ਤੇ ਆਡੀਸ਼ਨ ਦੇ ਦਿੱਤਾ। ਬਾਅਦ ’ਚ ਅਰਜੁਨ ਨੇ ਮੇਰਾ ਉਹ ਸਾਈਡ ਦੇਖ ਕੇ ਕਿਹਾ ਕਿ ਇਹ ਮੇਰਾ ਕਿਰਦਾਰ ਅਹਾਨਾ ਨਾਲ ਕਾਫ਼ੀ ਮਿਲਦਾ-ਜੁਲਦਾ ਹੈ। ਇਸ ਤੋਂ ਬਾਅਦ ਮੈਨੂੰ ਇਹ ਫ਼ਿਲਮ ਮਿਲ ਗਈ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

ਸਿਧਾਂਤ ਚਤੁਰਵੇਦੀ

ਸਵਾਲ– ਜੇਕਰ ਅਦਾਕਾਰੀ ਨਹੀਂ ਤਾਂ ਤੁਸੀਂ ਕਿਸ ਪ੍ਰੋਫੈਸ਼ਨ ’ਚ ਜਾਂਦੇ?
ਜਵਾਬ–
ਮੈਂ ਅਦਾਕਾਰੀ ਤੋਂ ਪਹਿਲਾਂ ਇੰਨੀਆਂ ਸਾਰੀਆਂ ਚੀਜ਼ਾਂ ਕਰ ਲਈਆਂ ਸਨ ਕਿ ਹੁਣ ਮੈਨੂੰ ਇਹੋ ਕਰਨਾ ਹੈ। ਮੇਰੇ ਬਹੁਤ ਸਾਰੇ ਛੋਟੇ-ਛੋਟੇ ਪੈਸ਼ਨ ਸਨ, ਮੈਂ ਕ੍ਰਿਕਟ ਖੇਡਦਾ ਸੀ। ਬਾਅਦ ’ਚ ਫੁੱਟਬਾਲ ਟੀਮ ਜੁਆਇਨ ਕਰ ਲਈ। ਫਿਰ ਮੈਂ ਸੀ. ਏ. ਦੀ ਤਿਆਰੀ ਕਰਨ ਲੱਗਾ ਤੇ ਬਹੁਤ ਪੜ੍ਹਾਈ ਕੀਤੀ ਤੇ ਇਸ ਦੇ ਨਾਲ ਹੀ ਮੈਂ ਲਿਖਦਾ ਵੀ ਸੀ। ਇਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਨੂੰ ਕੁਝ ਅਜਿਹਾ ਚੁਣਨਾ ਹੋਵੇਗਾ, ਜਿਸ ਨਾਲ ਮੈਨੂੰ ਪਿਆਰ ਹੋਵੇ ਤੇ ਉਹ ਸੀ ਅਦਾਕਾਰੀ ਪਰ ਅਜਿਹਾ ਨਹੀਂ ਹੈ ਕਿ ਬੀਤੇ ਸਮੇਂ ’ਚ ਜੋ ਕੁਝ ਮੈਂ ਕੀਤਾ, ਉਹ ਮੇਰੇ ਕਿਸੇ ਕੰਮ ਦਾ ਨਹੀਂ ਹੈ, ਹਾਲੇ ਵੀ ਇਹ ਸਾਰੀਆਂ ਚੀਜ਼ਾਂ ਮੇਰੀ ਬਹੁਤ ਮਦਦ ਕਰਦੀਆਂ ਹਨ।

ਸਵਾਲ– ਤੁਸੀਂ ਤੇ ਅਨਨਿਆ ਤਾਂ ਪਹਿਲਾਂ ਵੀ ਕੰਮ ਕਰ ਚੁੱਕੇ ਹੋ ਪਰ ਪਹਿਲੀ ਵਾਰ ਆਦਰਸ਼ ਨਾਲ ਕੰਮ ਕਰਨ ਦਾ ਤਜਰਬਾ ਕਿਹੋ-ਜਿਹਾ ਰਿਹਾ?
ਜਵਾਬ–
ਮੇਰੀ ਤੇ ਅਨਨਿਆ ਦੀ ਬਾਂਡਿੰਗ ਪਹਿਲਾਂ ਤੋਂ ਹੀ ਸੀ ਪਰ ਮੈਨੂੰ ਲੱਗਦਾ ਹੈ ਕਿ ਆਦਰਸ਼ ਦੇ ਆਉਣ ਨਾਲ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਦੋਸਤ ਹਮੇਸ਼ਾ ਤਿੰਨ ਹੁੰਦੇ ਹਨ, ਜਿਹੜੀਆਂ ਚੀਜ਼ਾਂ ਦੋ ਵਿਚਾਲੇ ਬੈਲੰਸ ਨਹੀਂ ਹੁੰਦੀਆਂ, ਉਹ ਤਿੰਨ ’ਚ ਪਤਾ ਨਹੀਂ ਕਿਵੇਂ ਹੋ ਜਾਂਦੀਆਂ ਹਨ। ਆਦਰਸ਼ ਦੇ ਆਉਣ ਨਾਲ ਸਾਡੀ ਬਾਂਡਿੰਗ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਹੈ। ਜੇਕਰ ਮੈਂ ਆਦਰਸ਼ ਨੂੰ ਜ਼ਿਆਦਾ ਚਿੜਾਅ ਰਿਹਾ ਹੁੰਦਾ ਹਾਂ ਤਾਂ ਅਨਨਿਆ ਡਿਫੈਂਸ ਮੋਡ ’ਚ ਆ ਜਾਵੇਗੀ। ਮੈਂ ਹਮੇਸ਼ਾ ਉਸ ਨੂੰ ਖ਼ੁਦ ਪ੍ਰੇਸ਼ਾਨ ਕਰਦਾ ਰਹਿੰਦਾ ਹਾਂ। ਤੁਹਾਨੂੰ ਦੱਸ ਦੇਵਾਂ ਕਿ ਫ਼ਿਲਮ ਦੀ ਸ਼ੁਰੂਆਤ ਦਾ ਜੋ ਗਾਣਾ ਹੈ ‘ਹੋਨੇ ਦੋ ਜੋ ਹੋਤਾ ਹੈ’ ਉਹ ਅਨਨਿਆ ਨੇ ਹੀ ਖ਼ੁਦ ਸ਼ੂਟ ਕੀਤਾ ਹੈ।

ਸਵਾਲ– ਅਜਿਹਾ ਕਿਹਾ ਜਾਂਦਾ ਹੈ ਕਿ ਕਾਮੇਡੀ ਹਮੇਸ਼ਾ ਡੂੰਘੇ ਦਰਦ ’ਚੋਂ ਹੋ ਕੇ ਆਉਂਦੀ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ–
ਸੱਚ ਕਹਾਂ ਤਾਂ ਇਸੇ ਲਈ ਮੈਂ ਆਪਣੀ ਜ਼ਿੰਦਗੀ ’ਚ ਇੰਨਾ ਜ਼ਿਆਦਾ ਫ਼ਨੀ ਹਾਂ। ਮੇਰੇ ਹਿਸਾਬ ਨਾਲ ਕਾਮੇਡੀ ਟ੍ਰੈਜਡੀ ਤੇ ਟਾਈਮ ਨਾਲ ਮਿਲ ਕੇ ਬਣੀ ਹੈ। ਬਸ ਇਸ ਦੇ ਅੱਗੇ ਤੁਸੀਂ ਫ਼ਿਲਮ ’ਚ ਦੇਖੋਗੇ ਕਿ ਕਿਵੇਂ ਹਮੇਸ਼ਾ ਖ਼ੁਸ਼ ਤੇ ਚਿੱਲ ਦਿਖਣ ਵਾਲੇ ਲੋਕ ਜ਼ਰੂਰੀ ਨਹੀਂ ਕਿ ਅਸਲ ਜ਼ਿੰਦਗੀ ’ਚ ਖ਼ੁਸ਼ ਵੀ ਹੋਣ। ਉਨ੍ਹਾਂ ਦੇ ਚਿਹਰੇ ’ਤੇ ਬਹੁਤ ਸਾਰੀਆਂ ਪਰਤਾਂ ਚੜ੍ਹੀਆਂ ਹੁੰਦੀਆਂ ਹਨ।

ਆਦਰਸ਼ ਗੌਰਵ

ਸਵਾਲ– ਸੋਸ਼ਲ ਮੀਡੀਆ ’ਤੇ ਇਕੱਲੇਪਣ ਦੇ ਕੰਸੈਪਟ ’ਤੇ ਤੁਹਾਡਾ ਕੀ ਕਹਿਣਾ ਹੈ?
ਜਵਾਬ–
ਮਤਲਬ, ਸੋਸ਼ਲ ਮੀਡੀਆ ਦੇ ਬਾਰੇ ਇਕ ਗੱਲ ਹੈ ਕਿ ਕਈ ਵਾਰ ਜੋ ਤੁਹਾਡੇ ਚੰਗੇ ਦੋਸਤ ਨਹੀਂ ਹਨ, ਜੇਕਰ ਤੁਸੀਂ ਉਨ੍ਹਾਂ ਦੇ ਨਾਲ ਆਪਣੀ ਤਸਵੀਰ ਪੋਸਟ ਕਰ ਦਿੱਤੀ ਤਾਂ ਲੋਕ ਸਮਝਣਗੇ ਕਿ ਇਹ ਦੋਵੇਂ ਤਾਂ ਪੱਕੇ ਦੋਸਤ ਹਨ। ਅਸਲ ਜ਼ਿੰਦਗੀ ’ਚ ਜੋ ਸਾਡੇ ਬੈਸਟ ਫ੍ਰੈਂਡਸ ਹੁੰਦੇ ਹਨ, ਉਨ੍ਹਾਂ ਦੇ ਨਾਲ ਸਾਡੀਆਂ ਫੋਟੋਆਂ ਹੀ ਨਹੀਂ ਹੁੰਦੀਆਂ ਹਨ। ਜਿਹੜੇ ਸਭ ਤੋਂ ਪੁਰਾਣੇ ਬਚਪਨ ਦੇ ਦੋਸਤ ਹਨ, ਉਨ੍ਹਾਂ ਨਾਲ ਵੀ ਕੋਈ ਫੋਟੋ ਨਹੀਂ ਹੁੰਦੀ। ਮੈਨੂੰ ਇਸ ਪਲੇਟਫਾਰਮ ਦੀ ਚੰਗੀ ਗੱਲ ਇਹ ਲੱਗਦੀ ਹੈ ਕਿ ਮੀਮਜ਼ ਬਹੁਤ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਇਸ ਤੋਂ ਇਲਾਵਾ ਮੈਨੂੰ ਐਨੀਮਲ ਵੀਡੀਓਜ਼ ਦੇਖਣ ’ਚ ਵੀ ਮਜ਼ਾ ਆਉਂਦਾ ਹੈ। ਦਰਅਸਲ ਮੈਂ ‘ਨੈਸ਼ਨਲ ਜਿਓਗ੍ਰਾਫ਼ੀ’ ਲਈ ਕੰਮ ਕਰਨਾ ਚਾਹੁੰਦਾ ਸੀ, ਇਸ ਲਈ ਮੈਨੂੰ ਉਨ੍ਹਾਂ ਦੇ ਵੀਡੀਓਜ਼ ਦੇਖਣਾ ਪਸੰਦ ਹੈ।

ਸਵਾਲ– ਅਦਾਕਾਰੀ ਤੋਂ ਇਲਾਵਾ ਤੁਹਾਨੂੰ ਕੀ ਪਸੰਦ ਹੈ?
ਜਵਾਬ–
ਸੱਚ ਕਹਾਂ ਤਾਂ ਜੇਕਰ ਮੈਨੂੰ ਰੁੱਖਾਂ ’ਤੇ ਚੜ੍ਹਨ ਲਈ ਪੈਸੇ ਮਿਲਦੇ ਤਾਂ ਮੈਂ ਪ੍ਰੋਫੈਸ਼ਨਲ ਟ੍ਰੀ ਕਲਾਈਂਬਰ ਹੁੰਦਾ ਕਿਉਂਕਿ ਮੈਨੂੰ ਰੁੱਖਾਂ ’ਤੇ ਚੜ੍ਹਨਾ ਪਸੰਦ ਹੈ। ਗੋਆ ’ਚ ਇਹ ਜਾਬ ਕਾਫ਼ੀ ਪਾਪੂਲਰ ਵੀ ਹੈ।

ਸਵਾਲ– ਫ਼ਿਲਮ ਦੌਰਾਨ ਤੁਹਾਡੀ ਸਾਰਿਆਂ ਨਾਲ ਬਾਂਡਿੰਗ ਕਿਵੇਂ ਰਹੀ?
ਜਵਾਬ–
ਜਦੋਂ ਮੈਂ ਪਹਿਲੀ ਵਾਰ ਸਿਧਾਂਤ ਨੂੰ ਮਿਲਿਆ ਸੀ ਤਾਂ ਮਿਲਦੇ ਹੀ ਅਸੀਂ ਇਕ-ਦੂਜੇ ਨਾਲ ਕਨੈਕਟ ਹੋ ਗਏ ਸੀ। ਅਜਿਹਾ ਨਹੀਂ ਲੱਗਦਾ ਸੀ ਕਿ ਅਸੀਂ ਪਹਿਲੀ ਵਾਰ ਕੰਮ ਕਰ ਰਹੇ ਹਾਂ। ਥੋੜ੍ਹੀ ਦੇਰ ’ਚ ਹੀ ਅਸੀਂ ਹਾਰਰ ਸਟੋਰੀਜ਼ ਸੁਣਾਉਣ ਲੱਗ ਗਏ ਸੀ। ਇਹ ਮੇਰੀ ਪਾਰਟੀ ਟ੍ਰਿਕ ਹੈ, ਜਦੋਂ ਵੀ ਮੈਂ ਕਿਤੇ ਜਾਂਦਾ ਹਾਂ ਤਾਂ ਹਾਰਰ ਸਟੋਰੀਜ਼ ਸੁਣਾਉਣ ਲੱਗਦਾ ਹਾਂ। ਮੇਰੇ ਨਾਲ ਇਕ ਵਾਰ ਪੁਣੇ ’ਚ ਹੋਇਆ ਸੀ ਕਿ ਰਾਤ ਤਿੰਨ ਵਜੇ ਮੈਨੂੰ ਬਾਥਰੂਮ ਤੋਂ ਕੱਪੜੇ ਧੋਣ ਦੀ ਆਵਾਜ਼ ਆ ਰਹੀ ਸੀ। ਕਾਫ਼ੀ ਦੇਰ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਉਹ ਖੁੱਲ੍ਹਿਆ ਤਾਂ ਅੰਦਰ ਕੁਝ ਵੀ ਨਹੀਂ ਸੀ। ਮੈਂ ਇਹੋ ਕਿੱਸਾ ਉਨ੍ਹਾਂ ਨੂੰ ਸੁਣਾ ਰਿਹਾ ਸੀ। ਇਸੇ ਤਰ੍ਹਾਂ ਬਸ ਸਾਡੀ ਬਾਂਡਿੰਗ ਬਣਦੀ ਚਲੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਆਰਟੀਕਲ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News