ਕੌਰ ਬੀ ਦੀ ਕਰਨ ਔਜਲਾ ਨੂੰ ਬੇਨਤੀ, ‘ਪੁੱਤ ਬਣ ਕੇ ਇਕ ਵਾਰ ਸਿੱਧੂ ਦੇ ਮਾਪਿਆਂ ਨੂੰ ਮਿਲਿਓ ਜ਼ਰੂਰ’

Saturday, Jun 04, 2022 - 02:17 PM (IST)

ਕੌਰ ਬੀ ਦੀ ਕਰਨ ਔਜਲਾ ਨੂੰ ਬੇਨਤੀ, ‘ਪੁੱਤ ਬਣ ਕੇ ਇਕ ਵਾਰ ਸਿੱਧੂ ਦੇ ਮਾਪਿਆਂ ਨੂੰ ਮਿਲਿਓ ਜ਼ਰੂਰ’

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਰ ਕਲਾਕਾਰ ਸਦਮੇ ’ਚ ਹੈ। ਹਰ ਕੋਈ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਆਪੋ-ਆਪਣੀ ਰਾਏ ਦੇ ਰਿਹਾ ਹੈ ਤੇ ਸਿੱਧੂ ਨੂੰ ਯਾਦ ਕਰ ਭਾਵੁਕ ਹੋ ਰਿਹਾ ਹੈ। ਗਾਇਕਾ ਕੌਰ ਬੀ ਨੇ ਵੀ ਇਕ ਅਜਿਹੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਕੌਰ ਬੀ ਨੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਹਨ।

ਇਹ ਖ਼ਬਰ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਰੋਇਆ ਸ਼ੈਰੀ ਮਾਨ, ਭਾਵੁਕ ਪੋਸਟ ਸਾਂਝੀ ਕਰ ਮੰਗੀ ਮੁਆਫ਼ੀ

ਕੌਰ ਬੀ ਲਿਖਦੀ ਹੈ, ‘‘ਪਤਾ ਨਹੀਂ ਜਿਹੜਾ ਬੰਦਾ ਇੰਨਾ ਚੰਗਾ ਹੁੰਦਾ, ਉਹ ਕਿਉਂ ਛੇਤੀ ਛੱਡ ਕੇ ਚਲਾ ਜਾਂਦਾ। ਇਕ ਵਾਰ ਤਾਂ ਹਨੇਰਾ ਹੋ ਗਿਆ ਪਰ ਦਿਲ ਕਹਿੰਦਾ ਆਊਗਾ ਵਾਪਸ ਜ਼ਰੂਰ। ਨਾ ਕੋਈ ਕੰਮ ਕਰਨ ਨੂੰ ਜੀਅ ਕਰਦਾ, ਨਾ ਕਿਤੇ ਮਨ ਲੱਗ ਰਿਹਾ ਪਰ ਫਿਰ ਵੀ ਸ਼ਾਇਦ ਅਸੀਂ ਸਭ ਥੋੜ੍ਹੇ ਦਿਨਾਂ ਤਕ ਸਹੀ ਹੋ ਜਾਵਾਂਗੇ ਪਰ ਧੰਨ ਨੇ ਉਹ ਮਾਤਾ ਜੀ ਬਾਪੂ ਜੀ, ਜਿਨ੍ਹਾਂ ਨੇ ਉਮਰ ਕੱਢਣੀ ਇਸ ਦੁੱਖ ਨਾਲ।’’

ਕੌਰ ਬੀ ਨੇ ਅੱਗੇ ਲਿਖਿਆ, ‘‘15 ਦਿਨਾਂ ਦੀ ਮੁਲਾਕਾਤ 15 ਸਾਲ ਵਰਗੀ ਰਹੀ। ਉਸ ਨੇ ਕਿਹਾ ਸੀ ਕਿ ਮੈਮ ਬਹੁਤ ਗਾਣੇ ਸੁਣੇ ਤੁਹਾਡੇ ਪਰ ਹੁਣ ਜਦੋਂ ਤੁਹਾਨੂੰ ਸੁਣਨ ਵਾਲੇ ਤੜਫ ਰਹੇ, ਉਹ ਵੇਖ ਹੀ ਨਹੀਂ ਰਿਹਾ ਜੱਟਾ। ਜਿੰਨੀ ਵਾਰ ਉਸ ਰੱਬੀ ਰੂਹ ਵਾਲੇ ਮਾਂ-ਪਿਓ ਨੂੰ ਮਿਲੋ ਵੇਖ ਕੇ ਜਾਨ ਨਿਕਲਦੀ ਪਰ ਜਿਵੇਂ ਉਹ ਗੱਲ ਕਰਦੇ, ਅਜੇ ਵੀ ਇੰਨਾ ਵੱਡਾ ਜਿਗਰਾ, ਰੱਬ ਲੰਮੀ ਉਮਰ ਦੇਵੇ ਮਾਪਿਆਂ ਨੂੰ।’’

PunjabKesari

ਕਰਨ ਔਜਲਾ ਨੂੰ ਬੇਨਤੀ ਕਰਦਿਆਂ ਕੌਰ ਬੀ ਲਿਖਦੀ ਹੈ, ‘‘ਪਹਿਲੀ ਬੇਨਤੀ, ਕਰਨ ਔਜਲਾ ਜੇਕਰ ਸੰਭਵ ਹੋਇਆ ਤਾਂ ਇਕ ਵਾਰ ਇਨ੍ਹਾਂ ਮਾਪਿਆਂ ਨੂੰ ਮਿਲਿਓ ਜ਼ਰੂਰ ਪੁੱਤ ਬਣ ਕੇ। ਦੂਜੀ ਬੇਨਤੀ, ਇਨਸਾਫ ਦੀ ਮੰਗ ਸਾਰੀ ਦੁਨੀਆ ਦੇ ਨਾਲ ਸਾਰੀ ਇੰਡਸਟਰੀ ਦਾ ਵੀ ਹੱਕ, ਜੇ ਅਸੀਂ ਸਭ ਅੱਜ ਨਾ ਇਕੱਠੇ ਹੋਏ, ਸ਼ਾਇਦ ਫਿਰ ਕਦੇ ਹੋ ਵੀ ਨਹੀਂ ਸਕਦੇ।’’

ਦੱਸ ਦੇਈਏ ਕਿ ਆਪਣੀ ਪੋਸਟ ’ਚ ਕੌਰ ਬੀ ਨੇ ਪਹਿਲਾਂ ਵੀ ਇਹ ਗੱਲ ਆਖੀ ਸੀ ਕਿ ਕਰਨ ਔਜਲਾ ਸਿੱਧੂ ਦੇ ਮਾਪਿਆਂ ਨੂੰ ਜ਼ਰੂਰ ਮਿਲੇ। ਕਰਨ ਔਜਲਾ ਵਲੋਂ ਵੀ ਸਿੱਧੂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਗਿਆ ਹੈ।

ਨੋਟ– ਕੌਰ ਬੀ ਦੀ ਇਸ ਪੋਸਟ ਬਾਰੇ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News