ਕਸ਼ਮੀਰ ਵਾਲਾ ਮਾਡਲ ਅਤੇ ਰਣਨੀਤੀ ਹੌਲੀ-ਹੌਲੀ ਬੰਗਾਲ ’ਚ ਵੀ ਲਾਗੂ ਕੀਤੀ ਜਾ ਰਹੀ ਹੈ: ਵਿਵੇਕ ਰੰਜਨ ਅਗਨੀਹੋਤਰੀ
Friday, Aug 22, 2025 - 01:42 PM (IST)

ਚੰਡੀਗੜ੍ਹ- ਵਿਵੇਕ ਰੰਜਨ ਅਗਨੀਹੋਤਰੀ ਵਲੋਂ ਨਿਰਦੇਸ਼ਤ ਫਿਲਮ ‘ਦਿ ਬੰਗਾਲ ਫਾਈਲਜ਼’ 5 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਕਈ ਤਜਰਬੇਕਾਰ ਕਲਾਕਾਰ ਨਜ਼ਰ ਆਉਣਗੇ। ਫਿਲਮ ਵਿਚ ਬੰਗਾਲ ਦੇ ਇਕ ਅਜਿਹੇ ਕਿੱਸੇ ਨੂੰ ਦਿਖਾਇਆ ਗਿਆ ਹੈ, ਜੋ ਅੱਜ ਵੀ ਕਈ ਲੋਕਾਂ ਨੂੰ ਪਤਾ ਨਹੀਂ ਹੈ। ਇਸ ਫਿਲਮ ’ਚ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ, ਦਰਸ਼ਨ ਕੁਮਾਰ, ਸੌਰਵ ਦਾਸ, ਅਨੁਪਮ ਖੇਰ, ਪੁਨੀਤ ਇੱਸਰ, ਸ਼ਾਸ਼ਵਤ ਚੈਟਰਜੀ, ਦਿਵਯੇਂਦੂ ਭੱਟਾਚਾਰੀਆ ਤੇ ਰਾਜੇਸ਼ ਖੇੜਾ ਨਜ਼ਰ ਆਉਣ ਵਾਲੇ ਹਨ। ਫਿਲਮ ਬਾਰੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਲਈ ਪੱਤਰਕਾਰ ਸੰਦੇਸ਼ ਔਲਖ ਸ਼ਰਮਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...
ਪ੍ਰ. ‘ਦਿ ਬੰਗਾਲ ਫਾਈਲਜ਼’ ਦੇ ਟ੍ਰੇਲਰ ’ਚ ਤੁਸੀਂ ਕਿਹਾ, ‘ਇਫ ਕਸ਼ਮੀਰ ਹਰਟ ਯੂ, ਬੰਗਾਲ ਫਾਈਲਜ਼ ਵਿਲ ਹਾਂਟ ਯੂ’ ਤੁਸੀਂ ਅਜਿਹਾ ਕਿਉਂ ਕਿਹਾ?
ਇਸ ਲਾਈਨ ਪਿੱਛੇ ਇਕ ਬਹੂਤ ਡੂੰਘੀ ਇਤਿਹਾਸਕ ਅਤੇ ਸਮਾਜਿਕ ਸੋਚ ਹੈ। ‘ਦਿ ਕਸ਼ਮੀਰ ਫਾਈਲਜ਼’ ਦੀ ਤਰ੍ਹਾਂ ਹੀ ‘ਦਿ ਬੰਗਾਲ ਫਾਈਲਜ਼’ ਵੀ ਭਾਰਤ ਦੀ ਵੰਡ ਅਤੇ ਉਸ ਨਾਲ ਜੁੜੀ ਇਕ ਖ਼ਾਸ ਰਣਨੀਤੀ ਵੱਲ ਇਸ਼ਾਰਾ ਕਰਦੀ ਹੈ। ਵੰਡ ਸਮੇਂ ਮੁਸਲਿਮ ਲੀਗ ਦੀ ਇਕ ਰਣਨੀਤੀ ਸੀ ਭਾਰਤ ਦੇ ਜਨਸੰਖਿਆ ਢਾਂਚੇ ਨੂੰ ਇੰਚ ਦਰ ਇੰਚ ਬਦਲਣਾ। ਉਸ ਦਾ ਸੁਪਨਾ ਸੀ ਕਿ ਕਲਕੱਤਾ, ਮੁੰਬਈ ਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰ ਵੀ ਉਸ ਦਾ ਹਿੱਸਾ ਬਣਨ ਪਰ ਅਜਿਹਾ ਨਹੀਂ ਹੋਇਆ, ਜਿਸ ਦਾ ਉਨ੍ਹਾਂ ਨੂੰ ਅਫ਼ਸੋਸ ਰਹਿ ਗਿਆ। ਕਸ਼ਮੀਰ ਵਿਚ ਕਿਸ ਤਰ੍ਹਾਂ ਇਕ ਪੂਰੇ ਹਿੰਦੂ ਸਮਾਜ ਨੂੰ ਕਤਲੇਆਮ ਤੇ ਹਿੰਸਾ ਰਾਹੀਂ ਬੇਦਖ਼ਲ ਕਰ ਦਿੱਤਾ ਗਿਆ, ਇਹ ਇਤਿਹਾਸ ਦਾ ਇਕ ਬਹੁਤ ਹੀ ਦਰਦਨਾਕ ਅਧਿਆਇ ਹੈ।
ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਉੱਥੇ ਸਿੱਖਾਂ ਨੂੰ ਵੀ ਕਤਾਰ ’ਚ ਖੜ੍ਹਾ ਕਰ ਕੇ ਗੋਲ਼ੀਆਂ ਨਾਲ ਮਾਰ ਦਿੱਤਾ ਗਿਆ ਸੀ। ਹੁਣ ਉਹੀ ਮਾਡਲ ਅਤੇ ਰਣਨੀਤੀ ਹੌਲੀ-ਹੌਲੀ ਬੰਗਾਲ ਵਿਚ ਲਾਗੂ ਕੀਤੀ ਜਾ ਰਹੀ ਹੈ। ਨਾਜਾਇਜ਼ ਘੁਸਪੈਠ, ਜਨਸੰਖਿਆ ਸੰਤੁਲਨ ਵਿਚ ਬਦਲਾਅ, ਨੌਜਵਾਨਾਂ ਦਾ ਕੱਟੜਵਾਦ ਵੱਲ ਵਧਣਾ ਅਤੇ ਐਂਟੀ-ਇੰਡੀਆ ਸੋਚ ਦਾ ਫੈਲਾਅ। ਬੰਗਾਲ ਵਿਚ ਅੱਜ ਭਾਰੀ ਫਿਰਕੂ ਹਿੰਸਾ ਦੇਖੀ ਜਾ ਰਹੀ ਹੈ। ਇਸ ਲਈ ਜਦੋਂ ਕਸ਼ਮੀਰ ਦੀ ਕਹਾਣੀ ਨੇ ਲੋਕਾਂ ਨੂੰ ਹਿਲਾ ਦਿੱਤਾ ਤਾਂ ਬੰਗਾਲ ਦੀ ਸੱਚਾਈ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਬੇਚੈਨ ਕਰ ਦੇਵੇਗੀ। ਇਹੀ ਕਾਰਨ ਹੈ ਕਿ ਇਹ ਲਾਈਨ ਟ੍ਰੇਲਰ ਵਿਚ ਕਹੀ ਗਈ ਹੈ।
ਪ੍ਰ. ਬੰਗਾਲ ਵਿਚ ‘ਦਿ ਬੰਗਾਲ ਫਾਈਲਜ਼’ ਦੇ ਟ੍ਰੇਲਰ ਲਾਂਚ ’ਤੇ ਕਾਫ਼ੀ ਵਿਵਾਦ ਅਤੇ ਹੰਗਾਮਾ ਹੋਇਆ। ਇਸ ’ਤੇ ਕੀ ਕਹੋਗੇ?
ਇਸ ਵਿਵਾਦ ਨੂੰ ਮੈਂ ਨਹੀਂ ਸਗੋਂ ਉੱਥੋਂ ਦੀ ਸੂਬਾ ਵਿਵਸਥਾ ਨੇ ਪੈਦਾ ਕੀਤਾ। ਮੈਂ ਤਾਂ ਇਕ ਫਿਲਮਮੇਕਰ ਹਾਂ ਤੇ ਆਪਣੀ ਫਿਲਮ ਦਾ ਟ੍ਰੇਲਰ ਦਿਖਾਉਣ ਗਿਆ ਸੀ ਪਰ ਜਿਸ ਤਰ੍ਹਾਂ ਸੂਬਾ ਸਰਕਾਰ ਨੇ ਪੁਲਸ ਦੀ ਵਰਤੋਂ ਕਰ ਕੇ ਟ੍ਰੇਲਰ ਲਾਂਚ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਬਹੁਤ ਹੀ ਮੰਦਭਾਗਾ ਸੀ। ਪਹਿਲਾਂ ਮਲਟੀਪਲੈਕਸ ’ਤੇ ਦਬਾਅ ਬਣਾ ਕੇ ਈਵੈਂਟ ਕੈਂਸਲ ਕਰਵਾਇਆ ਗਿਆ ਤੇ ਫਿਰ ਇਕ ਫਾਈਵ ਸਟਾਰ ਹੋਟਲ ਵਿਚ ਹੋਣ ਵਾਲਾ ਟ੍ਰੇਲਰ ਲਾਂਚ ਵੀ ਰੱਦ ਕਰਵਾਇਆ ਗਿਆ। ਉੱਥੇ ਹਾਲਾਤ ਇੰਨੇ ਵਿਗੜ ਗਏ ਕਿ ਪੁਲਸ ਸਾਹਮਣੇ ਹੁੰਦੇ ਹੋਏ ਵੀ ਕੁਝ ਨਹੀਂ ਕਰ ਰਹੀ ਸੀ। ਪਾਰਟੀ ਵਰਕਰਾਂ ਨੇ ਜਬਰੀ ਘੁਸਪੈਠ ਕੀਤੀ, ਭਾਜੜ ਮੱਚ ਗਈ ਤੇ ਕਈ ਮਹਿਲਾ ਪੱਤਰਕਾਰਾਂ ਨੂੰ ਸੱਟਾਂ ਲੱਗੀਆਂ। ਮੈਂ ਖ਼ੁਦ ਪੱਲਵੀ ਨੂੰ ਭੀੜ ਤੋਂ ਬਚਾਅ ਕੇ ਕੱਢਿਆ। ਇਹ ਸਭ ਦੇਖ ਕੇ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਬੰਗਾਲ ’ਚ ਲਾਅ ਐਂਡ ਆਰਡਰ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਘਟਨਾ ਮੈਨੂੰ ਪੂਰੀ ਉਮਰ ਪ੍ਰੇਸ਼ਾਨ ਕਰੇਗੀ ਪਰ ਹੁਣ ਮੈਂ ਅੱਗੇ ਵਧਣਾ ਚਾਹੁੰਦਾ ਹਾਂ ਅਤੇ ਆਪਣੇ ਸਿਨੇਮਾ ਦੀ ਗੱਲ ਕਰਨਾ ਚਾਹੁੰਦਾ ਹਾਂ। ‘ਦਿ ਬੰਗਾਲ ਫਾਈਲਜ਼’ ਸਿਰਫ਼ ਇਕ ਮੁੱਦਾ ਨਹੀਂ ਸਗੋਂ ਇਕ ਸਿਨੇਮਾ ਅਨੁਭਵ ਹੈ, ਜਿਸ ਵਿਚ ਸਿਨੇਮੈਟੋਗ੍ਰਾਫੀ, ਤਕਨੀਕ ਤੇ ਕੰਟੈਂਟ, ਹਰ ਪੱਧਰ ’ਤੇ ਬਹੁਤ ਕੁਝ ਕਹਿਣ ਨੂੰ ਹੈ। ਮੈਂ ਚਾਹੁੰਦਾ ਹਾਂ ਕਿ ਖ਼ਾਸ ਤੌਰ ’ਤੇ ਨੌਜਵਾਨ ਅਤੇ ਜੇਨ-ਜੀ ਇਸ ਨੂੰ ਦੇਖਣ ਤੇ ਸੋਚਣ।
ਪ੍ਰ. ਕੀ ਤੁਹਾਨੂੰ ਲੱਗਦਾ ਹੈ ਕਿ ਪੱਛਮੀ ਬੰਗਾਲ ’ਚ ਰਿਲੀਜ਼ ਵਿਚ ਰੁਕਾਵਟ ਆ ਸਕਦੀ ਹੈ?
ਮੈਨੂੰ ਸਭ ਤੋਂ ਵੱਡੀ ਹੈਰਾਨੀ ਇਸੇ ਗੱਲ ’ਤੇ ਹੈ ਕਿ ਆਖ਼ਿਰ ਇਸ ਫਿਲਮ ਦਾ ਵਿਰੋਧ ਕਿਉਂ ਹੋ ਰਿਹਾ ਹੈ? ਮੈਂ ਕਿਸੇ ਰਾਜਨੀਤਕ ਏਜੰਡੇ ਤਹਿਤ ਨਹੀਂ ਸਗੋਂ ਇਕ ਇਤਿਹਾਸ ਦੀ ਸੱਚਾਈ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਮੇਰੀ ਫਿਲਮ ’ਚ ਆਪਣੇ ਪੁਰਖਿਆਂ ਦੇ ਦਰਦ, ਦੁੱਖ ਤੇ ਇਤਿਹਾਸ ਨੂੰ ਦੇਖੇ ਤਾਂ ਕੀ ਉਸ ਦਾ ਸਨਮਾਨ ਨਹੀਂ ਕੀਤਾ ਜਾਣਾ ਚਾਹੀਦਾ? ਕੀ ਸਿਰਫ਼ ਇਸ ਲਈ ਫਿਲਮ ਨੂੰ ਬੈਨ ਕਰ ਦਿੱਤਾ ਜਾਵੇ ਕਿ ਉਹ ਕੌੜੀ ਸੱਚਾਈ ਦਿਖਾ ਰਹੀ ਹੈ? ਇਹ ਤਾਂ ਸਾਫ਼ ਤੌਰ ’ਤੇ ਭਾਰਤ ਦੇ ਆਮ ਲੋਕਾਂ ਅਤੇ ਬੰਗਾਲ ਦੇ ਨਾਗਰਿਕਾਂ ਨਾਲ ਬੇਇਨਸਾਫ਼ੀ ਹੈ। ਜੋ ਲੋਕ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਵਿਚ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵੀ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਅਧਿਕਾਰਾਂ ਦੀ ਰੱਖਿਆ ਕਰਨ ਨਾ ਕਿ ਉਨ੍ਹਾਂ ਨੂੰ ਕੁਚਲਣ। ਜੇ ਕੋਈ ਇਸ ਫਿਲਮ ਨੂੰ ਰੋਕਦਾ ਹੈ ਤਾਂ ਮੇਰੇ ਕੋਲ ਇਕਲੌਤਾ ਰਸਤਾ ਕਾਨੂੰਨ ਦਾ ਹੈ। ਮੈਂ ਕੋਈ ਹਿੰਸਾ ਨਹੀਂ ਕਰ ਸਕਦਾ ਤੇੇ ਨਾ ਹੀ ਮੇਰੇ ਕੋਲ ਤਾਕਤ ਹੈ। ਮੈਂ ਅਦਾਲਤ ਜਾਵਾਂਗਾ ਤੇ ਨਿਆਂ ਦਾ ਸਹਾਰਾ ਲਵਾਂਗਾ।
ਪ੍ਰ. ਫਿਲਮ ਦੀਆਂ ਵਿਦੇਸ਼ੀ ਸਕ੍ਰੀਨਿੰਗਜ਼ ’ਚ ਕਈ ਦਰਸ਼ਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ। ਅਜਿਹਾ ਕਿਉਂ ਅਤੇ ਇਸ ਨੂੰ ਜਾਣਨਾ ਕਿੰਨਾ ਜ਼ਰੂਰੀ ਹੈ?
ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਕ ਇੰਨਾ ਵੱਡਾ ਇਤਿਹਾਸਕ ਸੱਚ, ਜਿਸ ਨੂੰ ਦੁਨੀਆ ਨੂੰ ਜਾਣਨਾ ਚਾਹੀਦਾ ਸੀ, ਉਸ ਨੂੰ ਦੇਸ਼ ਦੇ ਲੋਕ ਨਹੀਂ ਜਾਣਦੇ, ਜਿੱਥੇ ਇਹ ਘਟਨਾ ਵਾਪਰੀ। ‘ਦਿ ਬੰਗਾਲ ਫਾਈਲਜ਼’ ਭਾਵੇਂ ਹੀ ਬੰਗਾਲ ’ਤੇ ਕੇਂਦਰਿਤ ਹੈ ਪਰ ਇਹ ਭਾਰਤ ਦੀ ਕਹਾਣੀ ਹੈ, ਪੂਰੇ ਭਾਰਤ ਦੀ ਵੰਡ ਦੀ ਕਹਾਣੀ। ਬੰਗਾਲ ਦੀ ਵੰਡ ਤਾਂ ਦੋ ਵਾਰ ਹੋਈ। ਪਹਿਲਾਂ 1905 ’ਚ ਅਤੇ ਫਿਰ 1947 ਵਿਚ ਅਤੇ 1971 ਵਿਚ ਬੰਗਲਾਦੇਸ਼ ਬਣਨ ਦੀ ਘਟਨਾ ਵੀ ਇਸੇ ਇਤਿਹਾਸ ਨਾਲ ਜੁੜੀ ਹੈ। ਡਾਇਰੈਕਟ ਐਕਸ਼ਨ ਡੇ ਤੇ ‘ਨੋਆਖਾਲੀ ਨਸਲਕੁਸ਼ੀ ਵਰਗੇ ਭਿਆਨਕ ਘਟਨਾਕ੍ਰਮ, ਜਿਨ੍ਹਾਂ ਵਿਚ ਹਜ਼ਾਰਾਂ ਨਿਰਦੋਸ਼ ਮਾਰੇ ਗਏ ਅਤੇ ਕਲਕੱਤਾ ਦੀਆ ਸੜਕਾਂ ’ਤੇ ਮਹੀਨਿਆਂ ਤੱਕ ਲਾਸ਼ਾਂ ਦੀ ਬਦਬੂ ਫੈਲੀ ਰਹੀ, ਉਸ ਨੂੰ ਇਤਿਹਾਸ ਵਿਚ ਕਿਤੇ ਦਬਾ ਦਿੱਤਾ ਗਿਆ। ਸੋਚੋ ਕੀ ਕੋਈ ਯਹੂਦੀ ਬੱਚਾ ਹੋਲੋਕਾਸਟ ਤੋਂ ਅਣਜਾਣ ਹੁੰਦਾ? ਕੋਈ ਅਫਰੀਕੀ ਮੂਲ ਦਾ ਬੱਚਾ ਸਲੇਵਰੀ ਤੋਂ? ਜਾ ਜਾਪਾਨੀ ਦਾ ਬੱਚਾ ਹੀਰੋਸ਼ੀਮਾ-ਨਾਗਾਸਾਕੀ ਤੋਂ? ਫਿਰ ਸਾਡੀ ਨਵੀਂ ਪੀੜ੍ਹੀ ਇਸ ਸਭ ਤੋਂ ਅਣਜਾਣ ਕਿਉਂ ਹੈ? ਜਦੋਂ ਤਕ ਅਸੀਂ ਆਪਣੇ ਇਤਿਹਾਸ ਨੂੰ ਸਮਝਾਂਗੇ ਨਹੀਂ, ਉਸ ਤੋਂ ਸਬਕ ਨਹੀਂ ਲਵਾਂਗੇ, ਉਦੋਂ ਤਕ ਉਹੀ ਗ਼ਲਤੀਆਂ ਦੁਹਰਾਉਂਦੇ ਰਹਾਂਗੇ ਤੇ ਇਹੀ ਹੋ ਰਿਹਾ ਹੈ ਅੱਜ ਵੀ ਭਾਰਤ ਵਿਚ। ਹਿੰਦੂ-ਮੁਸਲਿਮ ਫ਼ਿਰਕੂ ਹਿੰਸਾ ਉਸੇ ਜੜ੍ਹ ਤੋਂ ਪੈਦਾ ਹੋਈ ਹੈ। ਇਤਿਹਾਸ ਨੂੰ ਜਾਣਨਾ, ਉਸ ਨੂੰ ਸਮਝਣਾ ਤੇ ਯਾਦ ਰੱਖਣਾ ਇਸ ਲਈ ਜ਼ਰੂਰੀ ਹੈ ਤਾਂ ਕਿ ਅਸੀਂ ਦੁਬਾਰਾ ਇਹੀ ਦਰਦ ਨਾ ਸਹੀਏ।
ਪ੍ਰ. ਤੁਹਾਡੇ ਅਨੁਸਾਰ ਸਾਨੂੰ ਆਪਣੇ ਹੀ ਇਤਿਹਾਸ ਦੀ ਸੱਚਾਈ ਕਿਉਂ ਨਹੀਂ ਪਤਾ? ਇਹ ਗ਼ਲਤੀ ਕਿਸ ਦੀ ਹੈ?
ਇਸ ਸੱਚਾਈ ਤੋਂ ਅਣਜਾਣ ਰਹਿਣ ਦੇ ਦੋ ਵੱਡੇ ਕਾਰਨ ਹਨ। ਪਹਿਲਾ ਸਾਡੀ ਵਿੱਦਿਅਕ ਪ੍ਰਣਾਲੀ, ਜੋ ਬੱਚਿਆਂ ਨੂੰ ਸਿਰਫ਼ ਡਾਕਟਰ-ਇੰਜੀਨੀਅਰ ਬਣਾਉਣ ਦੀ ਫੈਕਟਰੀ ਬਣ ਗਈ ਹੈ ਨਾ ਕਿ ਸੋਚਣ-ਵਿਚਾਰਨ ਵਾਲੇ ਚਿੰਤਕ, ਲੇਖਕ ਜਾਂ ਸਮਾਜ ਸੁਧਾਰਕ ਤਿਆਰ ਕਰਨ ਵਾਲਾ ਮਾਧਿਅਮ ਅਤੇ ਦੂਜਾ ਵੱਡਾ ਕਾਰਨ ਹੈ ਸਾਡੀ ਸਮੂਹਿਕ ਮਾਨਸਿਕਤਾ, ਜੋ ਸਦੀਆਂ ਦੀ ਗ਼ੁਲਾਮੀ ਅਤੇ ਦੁੱਖ ਨਾਲ ਇੰਨੀ ਦੱਬ ਗਈ ਹੈ ਕਿ ਅਸੀਂ ਦਰਦ ਨੂੰ ਪ੍ਰਗਟਾਉਣਾ ਹੀ ਛੱਡ ਦਿੱਤਾ ਹੈ। ਭਾਰਤ ਵਿਚ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਚੁੱਪ ਰਹੋ, ਸਹਿ ਲਵੋ, ਸਵਾਲ ਨਾ ਕਰੋ।
ਪ੍ਰ. ਫ਼ਿਰਕੂ ਹਿੰਸਾ ਦਿਖਾਉਂਦੇ ਸਮੇਂ ਕੀ ਤੁਸੀਂ ਇਤਿਹਾਸ ਨੂੰ ਸੱਚ ਦਿਖਾਉਣ ’ਤੇ ਫੋਕਸ ਕਰਦੇ ਹੋ ਜਾਂ ਦਰਸ਼ਕਾਂ ’ਤੇ ਪੈਣ ਵਾਲੇ ਅਸਰ ਬਾਰੇ ਚਿੰਤਤ ਰਹਿੰਦੇ ਹੋ?
ਜੇ ਸਿਰਫ ਫਿਲਮ ਦੇਖ ਕੇ ਲੋਕਾਂ ਵਿਚ ਨਫ਼ਰਤ ਪੈਦਾ ਹੁੰਦੀ ਤਾਂ ਹਰ ਐਕਸ਼ਨ ਫਿਲਮ ਦੇਖ ਕੇ ਲੜਕਿਆਂ ਨੂੰ ਸੜਕ ’ਤੇ ਨਿਕਲ ਕੇ ਗੁੰਡਿਆਂ ਅਤੇ ਪੁਲਸ ਵਾਲਿਆਂ ਨਾਲ ਭਿੜ ਜਾਣਾ ਚਾਹੀਦਾ ਸੀ ਪਰ ਅਜਿਹਾ ਹੁੰਦਾ ਨਹੀਂ ਹੈ। ਮੇਰੀਆਂ ਫਿਲਮਾਂ ਦਾ ਮਕਸਦ ਨਫ਼ਰਤ ਫੈਲਾਉਣਾ ਨਹੀਂ ਹੈ ਸਗੋਂ ਆਰਟ ਆਫ ਅਬਸੈਂਸ ਰਾਹੀਂ ਇਹ ਦਿਖਾਉਣਾ ਹੈ ਕਿ ਜਦੋਂ ਇਨਸਾਨੀਅਤ ਗ਼ਾਇਬ ਹੋ ਜਾਂਦੀ ਹੈ ਤਾਂ ਸਮਾਜ ਕਿਸ ਹੱਦ ਤਕ ਡਿੱਗ ਸਕਦਾ ਹੈ। ‘ਦਿ ਬੰਗਾਲ ਫਾਈਲਜ਼’ ਵੀ ਅਜਿਹੀ ਹੀ ਫਿਲਮ ਹੈ। ਇਹ ਜੋੜਨ ਦਾ ਕੰਮ ਕਰਦੀ ਹੈ, ਤੋੜਨ ਦਾ ਨਹੀਂ। ਇਤਿਹਾਸ ਨੂੰ ਸੱਚ-ਸੱਚ ਦੱਸਣਾ ਜ਼ਰੂਰੀ ਹੈ ਅਤੇ ਜੋ ਲੋਕ ਉਸ ਨੂੰ ਲੁਕਾਉਣਾ ਚਾਹੁੰਦੇ ਹਨ, ਉਹੀ ਸਭ ਤੋਂ ਜ਼ਿਆਦਾ ਵਿਰੋਧ ਕਰਦੇ ਹਨ।