ਕੋਰੋਨਾ ਕਾਲ ’ਚ ਪਤੀ ਨੂੰ ਖੋਹ ਚੁੱਕੀਆਂ ਔਰਤਾਂ ਲਈ ਕਰੀਨਾ ਕਪੂਰ ਨੇ ਵਧਾਇਆ ਮਦਦ ਦਾ ਹੱਥ
Wednesday, May 19, 2021 - 12:08 PM (IST)
ਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ’ਚ ਕੋਹਰਾਮ ਮਚਾ ਦਿੱਤਾ ਹੈ। ਬੀਤੇ ਦੋ ਦਿਨਾਂ ਤੋਂ ਕੋਵਿਡ-19 ਸੰਕਰਮਣ ਦੇ ਮਾਮਲੇ ਤਿੰਨ ਲੱਖ ਤੋਂ ਘੱਟ ਆ ਰਹੇ ਹਨ ਜੋ ਥੋੜ੍ਹੀ ਰਾਹਤ ਦੀ ਖ਼ਬਰ ਹੈ। ਕੁਝ ਐੱਨ.ਜੀ.ਓ. ਅਤੇ ਨਿੱਜੀ ਸੰਸਥਾਵਾਂ ਕੋਰੋਨਾ ਨਾਲ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਹਤ ਪਹੁੰਚਾਉਣ ’ਚ ਜੁੱਟੀਆਂ ਹੋਈਆਂ ਹਨ। ਇਨ੍ਹਾਂ ’ਚ ਬਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ। ਸੋਨੂੰ ਸੂਦ ਤਾਂ ਫਰਿਸ਼ਤਾ ਬਣ ਕੇ ਉਭਰੇ ਹੀ ਹਨ ਹੋਰ ਸਿਤਾਰੇ ਵੀ ਲਗਾਤਾਰ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ।
ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਉਨ੍ਹਾਂ ਔਰਤਾਂ ਦੀ ਮਦਦ ਲਈ ਪੋਸਟ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਕੋਰੋਨਾ ਕਾਰਨ ਆਪਣੇ ਪਤੀ ਖੋਹ ਦਿੱਤੇ ਹਨ। ਕਰੀਨਾ ਨੇ ਉਨ੍ਹਾਂ ਦੇ ਹਾਲਾਤ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਪੋਸਟ ’ਚ ਦੱਸਿਆ ਕਿ ਕਿੰਝ ਕੋਵਿਡ ਵਿਡੋਜ਼ ਲਈ ਰੁਜ਼ਗਾਰ ਲੱਭਣ ’ਚ ਮਦਦ ਮਿਲ ਸਕਦੀ ਹੈ। ਕਰੀਨਾ ਨੇ ਇਹ ਵੀ ਲਿਖਿਆ ਕਿ ਕੋਈ ਵੀ ਇਸ ਪਹਿਲ ’ਚ ਵਲੰਟੀਅਰ ਦੇ ਰੂਪ ’ਚ ਕੰਮ ਕਰ ਸਕਦਾ ਹੈ।
ਇਸ ਪੋਸਟ ’ਚ ਲਿਖਿਆ ਹੈ ਕਿ ‘ਕੋਈ ਵੀ ਉਨ੍ਹਾਂ ਔਰਤਾਂ ਦਾ ਦਰਦ ਨਹੀਂ ਸਮਝ ਸਕਦਾ ਜੋ ਆਪਣੇ ਪਾਰਟਨਰ ਨੂੰ ਖੋਹ ਚੁੱਕੀਆਂ ਹਨ ਪਰ ਉਨ੍ਹਾਂ ਦੀ ਦੁਬਾਰਾ ਖੜ੍ਹੇ ਹੋਣ ’ਚ ਮਦਦ ਜ਼ਰੂਰ ਕਰ ਸਕਦਾ ਹੈ। ਰੀਮ ਸੇਨ ਦੀ ਇਸ ਪੋਸਟ ’ਚ ਕੋਵਿਡ ਵਿਡੋਜ਼ ਡਾਟ ਇਨ ਦੇ ਨਾਂ ਦੀ ਇਹ ਵੈੱਬਸਾਈਟ ਹੈ। ਇਹ ਵੈੱਬਸਾਈਟ ਕਾਊਂਸਲਿੰਗ, ਮੈਂਟਰਿੰਗ ਅਤੇ ਚਾਰ ਪੜ੍ਹਾਵਾਂ ਦੇ ਰਾਹੀਂ ਔਰਤਾਂ ਨੂੰ ਰੁਜ਼ਗਾਰ ਦੇਣ ’ਚ ਮਦਦ ਕਰੇਗੀ। ਇਹ ਪਹਿਲ ਪੂਰੇ ਦੇਸ਼ ’ਚ ਲਾਗੂ ਹੈ।
ਦੱਸ ਦੇਈਏ ਕਿ ਕਰੀਨਾ ਕਪੂਰ ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਤੌਕਤੇ ਤੂਫਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ੰਸਕਾਂ ਨੂੰ ਘਰ ’ਚ ਰਹਿਣ ਦੀ ਅਪੀਲ ਕੀਤੀ ਸੀ। ਕਰੀਨਾ ਹਮੇਸ਼ਾ ਕੋਰੋਨਾ ਵਾਇਰਸ ਸੰਕਰਮਣ, ਵੈਕਸੀਨੇਸ਼ਨ ਅਤੇ ਮਦਦ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕਰਦੀ ਰਹਿੰਦੀ ਹੈ।