ਰਣਧੀਰ ਤੋਂ ਬਾਅਦ ਘਰ ਦੇ 5 ਮੈਂਬਰ ਕੋਰੋਨਾ ਪਾਜ਼ੇਟਿਵ, ਕਰੀਨਾ-ਕਰਿਸ਼ਮਾ ਦੀ ਵੀ ਸਾਹਮਣੇ ਆਈ ਰਿਪੋਰਟ
Friday, Apr 30, 2021 - 01:36 PM (IST)
ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਪੂਰੇ ਦੇਸ਼ 'ਚ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਹਜ਼ਾਰਾਂ-ਲੱਖਾਂ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਰਹੇ ਹਨ। ਬਹੁਤ ਸਾਰੇ ਟੀ. ਵੀ. ਅਤੇ ਫ਼ਿਲਮੀ ਸਿਤਾਰੇ ਵੀ ਇਸ ਵਾਇਰਸ ਦੀ ਚਪੇਟ 'ਚ ਫਸ ਰਹੇ ਹਨ। ਬੀਤੇ ਦਿਨ ਕਰੀਨਾ ਕਪੂਰ ਖ਼ਾਨ ਅਤੇ ਕਰਿਸ਼ਮਾ ਕਪੂਰ ਦੇ ਪਿਤਾ ਰਣਧੀਰ ਕਪੂਰ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੈ।
ਸਟਾਫ ਦੇ 5 ਮੈਂਬਰ ਵੀ ਕੋਰੋਨਾ ਪਾਜ਼ੇਟਿਵ
ਦੱਸਿਆ ਜਾ ਰਿਹਾ ਹੈ ਕਿ ਰਣਧੀਰ ਕਪੂਰ ਦੇ ਸਟਾਫ ਦੇ 5 ਮੈਂਬਰ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 5 ਮੈਂਬਰਾਂ ਨੂੰ ਵੀ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਕਰੀਨਾ ਅਤੇ ਕਰਿਸ਼ਮਾ ਨੇ ਵੀ ਕਰਵਾਇਆ ਕੋਵਿਡ ਟੈਸਟ
ਰਣਧੀਰ ਕਪੂਰ ਨੇ ਦੱਸਿਆ ਕਿ ਕਰੀਨਾ ਕਪੂਰ ਖ਼ਾਨ ਅਤੇ ਕਰਿਸ਼ਮਾ ਕਪੂਰ ਨੇ ਕੋਵਿਡ ਟੈਸਟ ਵੀ ਕਰਵਾ ਲਿਆ ਹੈ ਅਤੇ ਉਨ੍ਹਾਂ ਦੀ ਰਿਪੋਰਟ ਨਕਾਰਾਤਮਕ (ਨੈਗੇਟਿਵ) ਆਈ ਸੀ। ਹਾਲਾਂਕਿ ਇਸ ਸਮੇਂ ਪੂਰੇ ਪਰਿਵਾਰ ਨੇ ਖ਼ੁਦ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ।
ਵੇਚਣਗੇ ਪੁਸ਼ਤੈਨੀ ਘਰ
ਇਸ ਦੌਰਾਨ ਰਣਧੀਰ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਆਪਣਾ ਚੇਂਬੂਰ ਵਾਲਾ ਘਰ ਵੇਚਣ ਜਾ ਰਿਹਾ ਹੈ, ਜਿਥੇ ਉਹ ਵੱਡਾ ਹੋਇਆ ਹੈ। ਰਣਧੀਰ ਨੂੰ ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਰਾ ਰਾਜੀਵ ਦੀ ਮੌਤ ਤੋਂ ਬਾਅਦ ਉਹ ਇਕੱਲਾ ਮਹਿਸੂਸ ਕਰ ਰਿਹਾ ਹੈ ਅਤੇ ਹੁਣ ਪਰਿਵਾਰ ਕੋਲ ਰਹਿਣਾ ਚਾਹੁੰਦਾ ਹੈ।
ਰਾਜੀਵ ਕਪੂਰ ਦੀ ਜਾਇਦਾਦ 'ਤੇ ਅਧਿਕਾਰ ਚਾਹੁੰਦੇ ਨੇ ਰੀਮਾ ਤੇ ਰਣਧੀਰ
ਰਾਜੀਵ ਕਪੂਰ ਦੀ ਮੌਤ ਤੋਂ ਬਾਅਦ ਹੁਣ ਰਣਧੀਰ ਅਤੇ ਰੀਮਾ ਉਨ੍ਹਾਂ ਦੀ ਜਾਇਦਾਦ 'ਤੇ ਆਪਣਾ ਅਧਿਕਾਰ ਚਾਹੁੰਦੇ ਹਨ। ਬੰਬੇ ਹਾਈ ਕੋਰਟ ਨੇ ਜਾਇਦਾਦ ਦਾ ਵਿਵਾਦ ਸੁਲਝਾਉਣ ਲਈ ਸੁਣਵਾਈ ਕਰਦੇ ਹੋਏ ਸੋਮਵਾਰ ਨੂੰ ਆਦੇਸ਼ ਦਿੱਤਾ ਸੀ ਕਿ ਜੇਕਰ ਰਾਜੀਵ ਕਪੂਰ ਦੀ ਜਾਇਦਾਦ ਦਾ ਹੱਕ ਚਾਹੀਦਾ ਤਾਂ ਉਹ ਪੇਪਰ ਕੋਰਟ 'ਚ ਲਿਆਉਣ, ਜਿਨ੍ਹਾਂ 'ਚ ਰਾਜੀਵ ਕਪੂਰ ਦੇ ਤਲਾਕ ਦੇ ਆਰਡਰਸ ਹਨ।
ਬੰਬੇ ਹਾਈ ਕੋਰਟ ਨੇ ਜਾਇਦਾਦ ਦਾ ਵਿਵਾਦ ਸੁਲਝਾਉਣ ਲਈ ਆਖੀਆਂ ਇਹ ਗੱਲਾਂ
ਇਸ 'ਤੇ ਪਰਿਵਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਰਾਜੀਵ ਕਪੂਰ ਨੇ ਸਾਲ 2001 'ਚ ਆਰਤੀ ਸਭਰਵਾਲ ਨਾਂ ਦੀ ਔਰਤ ਨਾਲ ਵਿਆਹ ਕਰਵਾਇਆ ਸੀ ਅਤੇ 2003 'ਚ ਦੋਹਾਂ ਦਾ ਤਲਾਕ ਹੋ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਤਲਾਕ ਕਿਸ ਪਰਿਵਾਰਕ ਅਦਾਲਤ 'ਚ ਹੋਇਆ ਸੀ।
ਰਣਧੀਰ ਕਪੂਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਸ ਦਾ ਭਰਾ ਰਾਜੀਵ ਮੁੰਬਈ 'ਚ ਰਹਿੰਦਾ ਸੀ ਅਤੇ ਪੁਣੇ ਜਾਂਦਾ ਸੀ। ਅਜਿਹੀ ਸਥਿਤੀ 'ਚ ਉਹ ਨਹੀਂ ਜਾਣਦਾ ਕਿ ਉਸ ਦੇ ਤਲਾਕ ਦੇ ਕਾਗਜ਼ ਕਿਥੇ ਰੱਖੇ ਗਏ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਈ ਕੋਰਟ 'ਚ ਸੁਣਵਾਈ ਦੌਰਾਨ ਜੱਜ ਨੇ ਆਦੇਸ਼ ਦਿੱਤਾ ਹੈ ਕਿ ਕਪੂਰ ਪਰਿਵਾਰ ਨੂੰ ਕਾਗਜ਼ ਪੇਸ਼ ਕਰਨ ਤੋਂ ਛੋਟ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਆਰਤੀ ਸਭਰਵਾਲ ਤੋਂ ਮਨਜ਼ੂਰੀ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵਿਵਾਦ ਨਾ ਖੜ੍ਹਾ ਹੋਵੇ।