AGTF ਵਲੋਂ ਸ਼ਾਰਪੀ ਦੀ ਗ੍ਰਿਫ਼ਤਾਰੀ ਨੂੰ ਕਰਨ ਔਜਲਾ ਨਾਲ ਨਾ ਜੋੜਿਆ ਜਾਵੇ : ਐਡਵੋਕੇਟ ਹਰਕਮਲ ਸਿੰਘ
Sunday, Apr 30, 2023 - 01:40 PM (IST)
![AGTF ਵਲੋਂ ਸ਼ਾਰਪੀ ਦੀ ਗ੍ਰਿਫ਼ਤਾਰੀ ਨੂੰ ਕਰਨ ਔਜਲਾ ਨਾਲ ਨਾ ਜੋੜਿਆ ਜਾਵੇ : ਐਡਵੋਕੇਟ ਹਰਕਮਲ ਸਿੰਘ](https://static.jagbani.com/multimedia/2023_4image_13_40_188791305karanaujla.jpg)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਦੇ ਵਕੀਲ ਹਰਕਮਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਉਸ ਦਾ ਅਕਸ ਖ਼ਰਾਬ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਵਕੀਲ ਨੇ ਕਿਹਾ ਕਿ ਪਿਛਲੇ ਦਿਨੀਂ ਔਜਲਾ ਦੇ ਕਥਿਤ ਮੈਨੇਜਰ ਸ਼ਾਰਪੀ ਘੁੰਮਣ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਪਟਿਆਲਾ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦਾ ਨਾਂ ਗਾਇਕ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਗਲਤ ਹੈ।
ਉਨ੍ਹਾਂ ਦੱਸਿਆ ਕਿ ਔਜਲਾ ਪਿਛਲੇ ਦੋ ਸਾਲਾਂ ਤੋਂ ਕੈਨੇਡਾ ’ਚ ਹਨ। ਅਜਿਹੇ ’ਚ ਸ਼ਾਰਪੀ ਦਾ ਔਜਲਾ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਪੱਖ ਲਏ ਬਿਨਾਂ ਕੁਝ ਲੋਕਾਂ ਵਲੋਂ ਸ਼ਾਰਪੀ ਦਾ ਨਾਂ ਔਜਲਾ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਗਲਤ ਹੈ।
ਇਹ ਖ਼ਬਰ ਵੀ ਪੜ੍ਹੋ : ‘ਮੈਂ ਖ਼ੁਦ ਇਨ੍ਹੀਂ ਦਿਨੀਂ ਡਰ ਗਿਆ ਹਾਂ’, ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਪੜ੍ਹੋ ਸਲਮਾਨ ਖ਼ਾਨ ਦਾ ਬਿਆਨ
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਔਜਲਾ ਦਾ ਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਕਰਨ ਔਜਲਾ ਦੀ ਵੀਡੀਓ ਨੂੰ ਵੀ ਪੁਰਾਣੀ ਦੱਸਿਆ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਅਜੇ ਇਸ ਲਈ ਪੰਜਾਬ ਨਹੀਂ ਆ ਰਹੇ ਹਨ ਕਿਉਂਕਿ ਅਜੇ ਪੰਜਾਬ ’ਚ ਰਹਿਣ ਵਾਲਾ ਮਾਹੌਲ ਨਹੀਂ ਹੈ।
ਦੱਸ ਦੇਈਏ ਕਿ ਕਰਨ ਔਜਲਾ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਇਸ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।