ਦੇਸ਼ ਧ੍ਰੋਹ ਦੇ ਮਾਮਲੇ ''ਚ ਬਿਆਨ ਦਰਜ ਕਰਵਾਉਣ ਤੋਂ ਬਾਅਦ ਕੰਗਨਾ ਨੇ ਟਵੀਟ ਕਰਕੇ ਆਖੀ ਇਹ ਗੱਲ
Saturday, Jan 09, 2021 - 10:43 AM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬੀਤੇ ਦਿਨ ਦੇਸ਼ ਧ੍ਰੋਹ ਦੇ ਮਾਮਲੇ 'ਚ ਮੁੰਬਈ ਪੁਲਸ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਪਹੁੰਚੀ ਸੀ। ਇਸ ਤੋਂ ਬਾਅਦ ਕੰਗਨਾ ਭੋਪਾਲ ਫ਼ਿਲਮ ਦੀ ਸ਼ੂਟਿੰਗ ਲਈ ਚਲੀ ਗਈ। ਉਸ ਨੇ ਟਵੀਟ ਕੀਤਾ ਕਿ ਜੇ ਤੁਸੀਂ ਰਾਸ਼ਟਰਵਾਦੀ ਹੋ ਤਾਂ ਤੁਹਾਨੂੰ ਇਕੱਲੇ ਰਹਿਣਾ ਪਏਗਾ। ਕੰਗਨਾ ਰਣੌਤ ਨੇ ਕਿਹਾ, 'ਜੇ ਤੁਸੀਂ ਭਾਰਤ ਵਿਰੋਧੀ ਹੋ ਤਾਂ ਤੁਹਾਨੂੰ ਬਹੁਤ ਸਾਰਾ ਸਮਰਥਨ, ਕੰਮ/ਪੁਰਸਕਾਰ ਅਤੇ ਪ੍ਰਸੰਸਾ ਮਿਲੇਗੀ। ਜੇ ਤੁਸੀਂ ਰਾਸ਼ਟਰਵਾਦੀ ਹੋ ਤਾਂ ਤੁਹਾਨੂੰ ਇਕੱਲੇ ਖੜ੍ਹੇ ਹੋਣਾ ਪਵੇਗਾ। ਤੁਸੀਂ ਆਪਣੀ ਸਹਾਇਤਾ ਪ੍ਰਣਾਲੀ ਲੈ ਸਕਦੇ ਹੋ ਅਤੇ ਆਪਣੀ ਈਮਾਨਦਾਰੀ ਦੀ ਖ਼ੁਦ ਸ਼ਲਾਘਾ ਕਰ ਸਕਦੇ ਹੈ। ਪੁਲਸ ਸਟੇਸ਼ਨ 'ਚ ਕਈ ਘੰਟੇ ਪੁੱਛਗਿੱਛ ਤੋਂ ਬਾਅਦ, ਮੈਂ ਭੋਪਾਲ ਜਾ ਰਹੀ ਹਾਂ #ਧਾਕੜ।'
ਸੀ. ਆਰ. ਪੀ. ਐਫ. ਦੇ ਜਵਾਨਾਂ ਦੀ 'ਵਾਈ ਪਲੱਸ' ਸ਼੍ਰੇਣੀ ਦੀ ਸੁਰੱਖਿਆ 'ਚ ਕੰਗਨਾ ਰਣੌਤ ਆਪਣੀ ਭੈਣ ਰੰਗੋਲੀ ਚੰਦੇਲ ਨਾਲ ਦੁਪਹਿਰ 1 ਵਜੇ ਦੇ ਕਰੀਬ ਮੁੰਬਈ ਉਪਨਗਰ ਦੇ ਬਾਂਦਰਾ ਥਾਣੇ ਪਹੁੰਚੀ ਸੀ। ਕੰਗਨਾ ਰਣੌਤ ਅਤੇ ਰੰਗੋਲੀ ਕਰੀਬ 2 ਘੰਟੇ ਥਾਣੇ 'ਚ ਰਹੀਆਂ। ਸੂਤਰਾਂ ਅਨੁਸਾਰ ਰੰਗੋਲੀ ਦਾ ਬਿਆਨ ਦਰਜ ਨਹੀਂ ਕੀਤਾ ਜਾ ਸਕਿਆ ਅਤੇ ਕੰਗਨਾ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਬਾਂਦਰਾ ਪੁਲਸ ਨੇ ਅਕਤੂਬਰ 'ਚ ਉਨ੍ਹਾਂ ਦੀ ਟਿੱਪਣੀ ਰਾਹੀਂ ਭਾਈਚਾਰਿਆਂ 'ਚ ਨਫ਼ਰਤ ਕਰਨ ਦੇ ਦੋਸ਼ 'ਚ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਖ਼ਿਲਾਫ਼ ਐਫ. ਆਈ. ਆਰ. ਦਰਜ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਐਫ. ਆਈ. ਆਰ. ਬਾਂਦਰਾ ਦੀ ਮੈਜਿਸਟਰੇਟ ਅਦਾਲਤ ਦੇ ਆਦੇਸ਼ਾਂ 'ਤੇ ਦਰਜ ਕੀਤੀ ਗਈ ਹੈ। ਅਦਾਲਤ ਨੇ ਪੁਲਸ ਨੂੰ ਕੰਗਨਾ ਰਣੌਤ ਅਤੇ ਉਸਦੀ ਭੈਣ ਦੇ ਖ਼ਿਲਾਫ਼ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਕੰਗਨਾ ਅਤੇ ਰੰਗੋਲੀ ਨਫ਼ਰਤ ਫੈਲਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਰਾਹੀਂ ਫਿਰਕੂ ਤਣਾਅ ਪੈਦਾ ਕਰ ਰਹੀਆਂ ਹਨ।
If you are anti India you will find lot of support, work/rewards, and appreciation. If you are a nationalist then you will have to stand alone, be your own support system and appreciate your own integrity. After hours of grilling at police station on my way to Bhopal #Dhaakad pic.twitter.com/BqGrldzBvx
— Kangana Ranaut (@KanganaTeam) January 8, 2021
ਦੱਸਣਯੋਗ ਹੈ ਕਿ ਇਹ ਸ਼ਿਕਾਇਤ ਕਾਸਟਿੰਗ ਡਾਇਰੈਕਟਰ ਅਤੇ ਤੰਦਰੁਸਤੀ ਟ੍ਰੇਨਰ ਮੁਨੱਵਰ ਅਲੀ ਸਯਦ ਨੇ ਕੰਗਨਾ ਅਤੇ ਉਸ ਦੀ ਭੈਣ ਦੇ ਟਵੀਟ ਅਤੇ ਬਿਆਨ ਦਾ ਹਵਾਲਾ ਦਿੰਦਿਆਂ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਧਾਰਾ 153 ਏ, ਧਾਰਾ -295 ਏ (ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਭੜਕਾਉਣ), ਧਾਰਾ -124 ਏ (ਦੇਸ਼ ਧ੍ਰੋਹ) ਅਤੇ ਭਾਰਤੀ ਦੰਡਾਵਲੀ ਦੀ ਧਾਰਾ 34 ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਤਿੰਨ ਨੋਟਿਸ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਆਪਣੇ ਬਿਆਨ ਦਰਜ ਕਰਾਉਣ ਲਈ ਪੁਲਸ ਅੱਗੇ ਪੇਸ਼ ਹੋਣ। ਪਿਛਲੇ ਸਾਲ ਨਵੰਬਰ 'ਚ, ਬੰਬੇ ਹਾਈ ਕੋਰਟ ਨੇ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਗ੍ਰਿਫ਼ਤਾਰ ਹੋਣ ਤੋਂ ਬਚਾਅ ਕੀਤਾ ਸੀ ਅਤੇ ਉਨ੍ਹਾਂ ਨੂੰ 8 ਜਨਵਰੀ ਨੂੰ ਪੁਲਸ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।