ਬੰਬੇ ਹਾਈ ਕੋਰਟ ਨੇ 25 ਜਨਵਰੀ ਤਕ ਕੰਗਨਾ ਰਣੌਤ ਦੀ ਗ੍ਰਿਫਤਾਰੀ ’ਤੇ ਲਾਈ ਰੋਕ, ਇਹ ਸੀ ਮਾਮਲਾ

01/11/2021 5:23:45 PM

ਮੁੰਬਈ (ਬਿਊਰੋ)– ਦੇਸ਼ ਧ੍ਰੋਹ ਦੇ ਮਾਮਲੇ ’ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਨੂੰ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਬੰਬੇ ਹਾਈ ਕੋਰਟ ਨੇ ਕੰਗਨਾ ਖ਼ਿਲਾਫ਼ ਪੁਲਸ ਕਾਰਵਾਈ ਤੇ ਗ੍ਰਿਫਤਾਰੀ ’ਤੇ 25 ਜਨਵਰੀ ਤੱਕ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਮੁੰਬਈ ਪੁਲਸ ਨੂੰ ਇਹ ਵੀ ਦੱਸਿਆ ਹੈ ਕਿ ਇਸ ਤਰੀਕ ਤੱਕ ਕੰਗਨਾ ਨੂੰ ਬੁਲਾ ਕੇ ਦੁਬਾਰਾ ਪੁੱਛਗਿੱਛ ਕਰਨ ਦੀ ਜ਼ਰੂਰਤ ਨਹੀਂ ਹੈ।

ਇਸ ਮਾਮਲੇ ’ਚ 8 ਜਨਵਰੀ ਨੂੰ ਕੰਗਨਾ ਆਪਣੀ ਭੈਣ ਨਾਲ ਬਾਂਦਰਾ ਥਾਣੇ ਪਹੁੰਚੀ ਸੀ ਤੇ ਆਪਣੇ ਬਿਆਨ ਦਰਜ ਕਰਵਾਏ ਸਨ। ਕੰਗਨਾ ਨੇ ਵੀ ਅਦਾਲਤ ਦੇ ਆਦੇਸ਼ ’ਤੇ ਇਹ ਬਿਆਨ ਦਰਜ ਕੀਤਾ ਹੈ। ਕੰਗਨਾ ਨੇ ਥਾਣੇ ਪਹੁੰਚਣ ਤੋਂ ਪਹਿਲਾਂ ਟਵਿਟਰ ’ਤੇ ਇਕ ਵੀਡੀਓ ਸਾਂਝੀ ਕਰਕੇ ਗੁੱਸਾ ਜ਼ਾਹਿਰ ਕੀਤਾ ਸੀ।

ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਮਾਨਸਿਕ, ਭਾਵਨਾਤਮਕ ਤੇ ਸਰੀਰਕ ਤੌਰ ’ਤੇ ਤਸੀਹੇ ਦਿੱਤੇ ਜਾ ਰਹੇ ਹਨ। ਮਹਾਰਾਸ਼ਟਰ ਸਰਕਾਰ ਨੇ ਵੀ ਕੰਗਨਾ ਦੀ ਇਸ ਵੀਡੀਓ ’ਤੇ ਇਤਰਾਜ਼ ਜਤਾਇਆ ਸੀ। ਸ਼ਿਕਾਇਤ ਅਨੁਸਾਰ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਅਪ੍ਰੈਲ ’ਚ ਇਕ ਭਾਈਚਾਰੇ ਖ਼ਿਲਾਫ਼ ਟਵਿਟਰ ’ਤੇ ਇਤਰਾਜ਼ਯੋਗ ਸੰਦੇਸ਼ ਸਾਂਝਾ ਕੀਤਾ ਸੀ, ਜਿਸ ਤੋਂ ਬਾਅਦ ਉਸ ਦਾ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਸੀ।

ਇਸ ਦੇ ਅਨੁਸਾਰ ਬਾਅਦ ’ਚ ਕੰਗਨਾ ਨੇ ਆਪਣੀ ਭੈਣ ਦੇ ਹੱਕ ’ਚ ਇਕ ਵੀਡੀਓ ਸਾਂਝੀ ਕਰਕੇ ਇਕ ਭਾਈਚਾਰੇ ’ਤੇ ਗੰਭੀਰ ਦੋਸ਼ ਲਗਾਏ ਸਨ। ਇਸ ਮਾਮਲੇ ’ਚ ਪੁਲਸ ਨੇ ਉਸ ’ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਸੀ। ਮੁੰਬਈ ਪੁਲਸ ਨੇ ਕੰਗਨਾ ਨੂੰ ਕਈ ਵਾਰ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਪਰ ਉਹ ਨਹੀਂ ਗਈ। ਹਾਈ ਕੋਰਟ ਦੇ ਇਸ਼ਾਰੇ ’ਤੇ ਉਸ ਨੇ 8 ਜਨਵਰੀ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ। ਹੁਣ ਇਕ ਵਾਰ ਫਿਰ ਉਸ ਨੂੰ 25 ਜਨਵਰੀ ਤੱਕ ਰਾਹਤ ਮਿਲ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News