ਕਪਿਲ ਸ਼ਰਮਾ ਦੇ ਸ਼ੋਅ ’ਚ ਪਹੁੰਚੀ ਕੰਗਨਾ ਰਣੌਤ, ਪੁੱਛੇ ਅਜਿਹੇ ਸਵਾਲ, ਹੋ ਗਈ ਸ਼ਰਮਿੰਦਾ

2021-09-10T13:46:51.137

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਥਲਾਇਵੀ’ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਅਜਿਹੇ ’ਚ ਫ਼ਿਲਮ ਦੀ ਪ੍ਰਮੋਸ਼ਨ ਲਈ ਹਾਲ ਹੀ ’ਚ ਕੰਗਨਾ ਰਣੌਤ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੀ। ਸ਼ੋਅ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਦੀ ਸ਼ੁਰੂਆਤ ’ਚ ਕਪਿਲ ਆਪਣੀ ਟੀਮ ਨਾਲ ਗਣੇਸ਼ ਜੀ ਦੀ ਪੂਜਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਕੰਗਨਾ ਰਣੌਤ ਵੀ ਦਿਖਾਈ ਦਿੰਦੀ ਹੈ। ਕਪਿਲ ਸਭ ਤੋਂ ਪਹਿਲਾਂ ਕਹਿੰਦੇ ਹਨ ਕਿ ਕੰਗਨਾ ਦੇ ਆਉਣ ਤੋਂ ਪਹਿਲਾਂ ਭਾਰੀ ਸਕਿਓਰਿਟੀ ਆਈ ਸੀ, ਇਸ ’ਤੇ ਕਪਿਲ ਕਹਿੰਦੇ ਹਨ, ‘ਅਸੀਂ ਤਾਂ ਡਰੇ ਹੋਏ ਸੀ ਕਿ ਅਸੀਂ ਅਜਿਹਾ ਕੀ ਕਹਿ ਦਿੱਤਾ। ਇੰਨੀ ਸਾਰੀ ਸਕਿਓਰਿਟੀ ਰੱਖਣੀ ਹੋਵੇ ਤਾਂ ਕੀ ਕਰਨਾ ਪੈਂਦਾ ਹੈ?’

ਇਹ ਖ਼ਬਰ ਵੀ ਪੜ੍ਹੋ : ਭਾਣਜੇ ਕ੍ਰਿਸ਼ਣਾ ਅਭਿਸ਼ੇਕ ’ਤੇ ਬੁਰੀ ਤਰ੍ਹਾਂ ਨਾਲ ਭੜਕੀ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ

ਕਪਿਲ ਦੇ ਇਸ ਸਵਾਲ ’ਤੇ ਕੰਗਨਾ ਨੇ ਕਿਹਾ, ‘ਸਿਰਫ ਸੱਚ ਬੋਲਣਾ ਪੈਂਦਾ ਹੈ।’ ਇਸ ਤੋਂ ਬਾਅਦ ਕਪਿਲ ਕਹਿੰਦੇ ਹਨ, ‘ਕਿਵੇਂ ਲੱਗ ਰਿਹਾ ਹੈ, ਇੰਨੇ ਦਿਨ ਹੋ ਗਏ, ਕੋਈ ਕੰਟਰੋਵਰਸੀ ਨਹੀਂ ਹੋਈ।’ ਕਪਿਲ ਦੀ ਇਸ ਗੱਲ ਨੂੰ ਸੁਣ ਕੇ ਕੰਗਨਾ ਹੱਸ ਪੈਂਦੀ ਹੈ, ਹਾਲਾਂਕਿ ਉਹ ਜਵਾਬ ਕੀ ਦਿੰਦੀ ਹੈ, ਉਹ ਵੀਡੀਓ ’ਚ ਨਹੀਂ ਦਿਖਾਇਆ ਗਿਆ।

ਉਥੇ ਵੀਡੀਓ ਦੇ ਇਕ ਹਿੱਸੇ ’ਚ ਕ੍ਰਿਸ਼ਣਾ ਅਭਿਸ਼ੇਕ ਸ਼ੋਅ ਦੇ ਆਪਣੇ ਇਕ ਕਿਰਦਾਰ ’ਚ ਦਿਖਾਈ ਦੇ ਰਹੇ ਹਨ, ਜੋ ਕੰਗਨਾ ਨੂੰ ਕਹਿੰਦੇ ਹਨ, ‘ਇਸ ਇਨਸਾਨ ਨੇ ਮੇਰਾ ਪਾਰਲਰ ਤੋੜ ਦਿੱਤਾ ਤੇ ਜਦੋਂ ਆਪਣੀ ਚੀਜ਼ ਟੁੱਟਦੀ ਹੈ ਤਾਂ ਅੰਦਰੋਂ ਕੀ ਮਹਿਸੂਸ ਹੁੰਦਾ ਹੈ, ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ।’ ਇਹ ਸੁਣ ਕੇ ਇਕ ਵਾਰ ਫਿਰ ਕੰਗਨਾ ਹੱਸਣ ਲੱਗਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh