ਕਮਲ ਹਾਸਨ ਨੇ ਕੀਤੀ CM ਵਿਜੇ ਨਾਲ ਮੁਲਾਕਾਤ; ਰੱਖੀਆਂ ਇਹ 6 ਵੱਡੀਆਂ ਮੰਗਾਂ
Sunday, May 17, 2026 - 05:48 PM (IST)
ਚੇਨਈ (ਏਜੰਸੀ) : ਅਦਾਕਾਰ ਅਤੇ ਸਿਆਸਤਦਾਨ ਕਮਲ ਹਾਸਨ ਨੇ ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨਾਲ ਮੁਲਾਕਾਤ ਕਰਕੇ ਤਮਿਲ ਫਿਲਮ ਉਦਯੋਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇੱਕ ਮੰਗ ਪੱਤਰ ਸੌਂਪਿਆ ਹੈ। ਸ਼ਨੀਵਾਰ ਦੇਰ ਰਾਤ ਹੋਈ ਇਸ ਮੁਲਾਕਾਤ ਦੌਰਾਨ ਹਾਸਨ ਨੇ ਉਦਯੋਗ ਦੇ ਸੁਧਾਰ ਲਈ 6 ਮੁੱਖ ਮੰਗਾਂ ਰੱਖੀਆਂ ਹਨ।

ਕਮਲ ਹਾਸਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰਾਜ ਸਰਕਾਰ ਆਪਣਾ ਇੱਕ ਸਰਕਾਰੀ OTT ਪਲੇਟਫਾਰਮ ਸ਼ੁਰੂ ਕਰੇ, ਜਿੱਥੇ ਦਰਸ਼ਕ ਤਮਿਲ ਸਿਨੇਮਾ ਅਤੇ ਦਸਤਾਵੇਜ਼ੀ ਫਿਲਮਾਂ ਨੂੰ ਸਸਤੀਆਂ ਦਰਾਂ 'ਤੇ ਦੇਖ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਨਿਰਮਾਣ ਦੀ ਵਧਦੀ ਲਾਗਤ ਨੂੰ ਦੇਖਦੇ ਹੋਏ ਸਥਾਨਕ ਬਾਡੀਜ਼ ਵੱਲੋਂ ਲਗਾਏ ਜਾਂਦੇ 4 ਫੀਸਦੀ ਮਨੋਰੰਜਨ ਟੈਕਸ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਤਾਮਿਲ ਫਿਲਮ ਇੰਡਸਟਰੀ ਨੂੰ ਬਹੁਤ ਮਦਦ ਮਿਲੇਗੀ।
ਫਿਲਮਾਂ ਦੀ ਚੋਰੀ (ਪਾਈਰੇਸੀ) ਨੂੰ ਰੋਕਣ ਲਈ ਹਾਸਨ ਨੇ ਤਮਿਲਨਾਡੂ ਪੁਲਸ ਦੇ ਸਾਈਬਰ ਅਪਰਾਧ ਵਿਭਾਗ ਦੇ ਅਧੀਨ ਇੱਕ ਸਮਰਪਿਤ ਪਾਈਰੇਸੀ ਵਿਰੋਧੀ ਟੀਮ ਬਣਾਉਣ ਦੀ ਅਪੀਲ ਕੀਤੀ ਹੈ, ਜਿਸ ਕੋਲ ਪਾਈਰੇਟਿਡ ਸਮੱਗਰੀ ਨੂੰ ਤੁਰੰਤ ਹਟਾਉਣ ਦੀ ਤਾਕਤ ਹੋਵੇ। ਉਨ੍ਹਾਂ ਅਨੁਸਾਰ, ਇਸ ਨਾਲ ਹਜ਼ਾਰਾਂ ਕਲਾਕਾਰਾਂ ਅਤੇ ਨਿਰਮਾਤਾਵਾਂ ਦੀ ਮਿਹਨਤ ਦੀ ਰੱਖਿਆ ਹੋਵੇਗੀ। ਉਨ੍ਹਾਂ ਨੇ ਰਾਜ ਸਰਕਾਰ ਨੂੰ ਰਾਜ ਭਰ ਦੇ ਸਾਰੇ ਸਿਨੇਮਾਘਰਾਂ ਵਿੱਚ ਰੋਜ਼ਾਨਾ ਪੰਜ ਫਿਲਮਾਂ ਦੇ ਸ਼ੋਅ ਦੀ ਇਜਾਜ਼ਤ ਵੀ ਮੰਗੀ ਹੈ। ਇਸ ਨਾਲ ਸਿਨੇਮਾਘਰਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਫਿਲਮ ਪ੍ਰਦਰਸ਼ਨ ਖੇਤਰ ਨੂੰ ਉਭਰਨ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਹਾਸਨ ਨੇ ਸਿਨੇਮਾਘਰਾਂ ਦੀ ਸੁਰੱਖਿਆ ਲਈ ਤਾਮਿਲਨਾਡੂ ਵਿਚ ਰਿਲੀਜ਼ ਹੋਣ ਵਾਲੀਆਂ ਸਾਰੀਆਂ ਫਿਲਮਾਂ ਲਈ 8 ਹਫ਼ਤਿਆਂ ਦੀ ਜ਼ਰੂਰੀ OTT ਰਿਲੀਜ਼ ਮਿਆਦ ਤੈਅ ਕਰਨ ਦੀ ਵੀ ਮੰਗ ਕੀਤੀ ਹੈ। ਹਾਸਲ ਨੇ ਕਿਹਾ ਇਸ ਨਾਲ ਸਿਨੇਮਾਘਰ ਮਾਲਕਾਂ ਅਤੇ ਵਿਤਰਕਾਂ ਨੂੰ ਆਰਥਿਕ ਪੱਖੋਂ ਟਿਕੇ ਰਹਿਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਸਰਕਾਰ ਨੂੰ ਫਿਲਮ ਨਿਰਮਾਣ ਪ੍ਰੋਤਸਾਹਨ ਯੋਜਨਾ ਲਾਗੂ ਕਰਨ ਦੀ ਵੀ ਅਪੀਲ ਕੀਤੀ ਹੈ।
