ਜੌਨ ਅਬ੍ਰਾਹਮ ਨੇ ਪੰਜਾਬ ਪੁਲਸ ਦੀ ਕੀਤੀ ਤਾਰੀਫ਼, ਰਾਈਫਲ ਨਾਲ ਕੁੱਤੇ ਨੂੰ ਗੋਲੀ ਮਾਰਨ ਦਾ ਚੁੱਕਿਆ ਸੀ ਮੁੱਦਾ

05/07/2021 1:51:33 PM

ਮੁੰਬਈ (ਬਿਊਰੋ)– ਬਾਲੀੇਵੁੱਡ ਅਦਾਕਾਰ ਤੇ ਪਸ਼ੂ ਪ੍ਰੇਮੀ ਜੌਨ ਅਬ੍ਰਾਹਮ ਨੇ ਹਾਲ ਹੀ ’ਚ ਇਕ ਵਿਅਕਤੀ ਵਲੋਂ ਟਵਿਟਰ ’ਤੇ ਕੀਤੇ ਹਿੰਸਕ ਹਮਲੇ ਦੀ ਨਿੰਦਿਆ ਕੀਤੀ ਹੈ, ਜਿਸ ਨੇ ਆਪਣੀ ਰਾਈਫਲ ਦੀ ਵਰਤੋਂ ਕਰਦਿਆਂ ਪੰਜਾਬ ਦੇ ਪਟਿਆਲਾ ਜ਼ਿਲੇ ’ਚ ਇਕ ਆਵਾਰਾ ਕੁੱਤੇ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਸੀ। ਅਦਾਕਾਰ ਨੇ ਇਸ ਘਟਨਾ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਵਾਜ਼ ਬੁਲੰਦ ਕਰਨ ਤੇ ਜਾਨਵਰਾਂ ਖ਼ਿਲਾਫ਼ ਜ਼ੁਲਮਾਂ ਵਿਰੁੱਧ ਜਾਗਰੂਕਤਾ ਫੈਲਾਉਣ।

ਇਸ ਤੋਂ ਇਲਾਵਾ ਜੌਨ ਨੇ ਸਖ਼ਤ ਕਾਨੂੰਨ ਬਣਾਉਣ ਤੇ ਉਸ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਜਿਸ ਨੇ ਕੋਈ ਦਯਾ ਨਹੀਂ ਦਿਖਾਈ। ਜੌਨ ਨੇ ਕਿਹਾ ਕਿ ਉਹ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਦੇਖ ਕੇ ਬੇਹੱਦ ਦੁਖੀ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੀਆਂ ਹੋਰ ਵਧੀਆਂ ਮੁਸ਼ਕਿਲਾਂ, ਹੁਣ ਟੀ. ਐੱਮ. ਸੀ. ਦੇ ਬੁਲਾਰੇ ਨੇ ਦਰਜ ਕਰਵਾਈ ਸ਼ਿਕਾਇਤ

ਇਹ ਘਟਨਾ ਮੰਗਲਵਾਰ ਨੂੰ ਦੁੱਤਲ ਪਿੰਡ ’ਚ ਵਾਪਰੀ। ਐੱਸ. ਐੱਚ. ਓ. ਰਣਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਪਸ਼ੂ ਅਧਿਕਾਰ ਸੰਗਠਨ ‘ਪੇਟਾ’ ਵਲੋਂ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਵੀਡੀਓ ਵੀ ਪੁਲਸ ਨਾਲ ਸਾਂਝੀ ਕੀਤੀ ਗਈ ਹੈ। ਜੌਨ ਨੇ ਐਨੀਮਲ ਰਾਈਟਸ ਐਕਟੀਵਿਸਟ ਮੀਤ ਅਸ਼ਰ ਦਾ ਇਸ ਘਟਨਾ ਨੂੰ ਸਾਹਮਣੇ ਲਿਆਉਣ ਲਈ ਧੰਨਵਾਦ ਕੀਤਾ, ਨਾਲ ਹੀ ਜੌਨ ਨੇ ਮਦਦ ਤੇ ਸਖ਼ਤ ਕਾਰਵਾਈ ਲਈ ਪੰਜਾਬ ਪੁਲਸ ਦਾ ਧੰਨਵਾਦ ਕੀਤਾ।

ਜੌਨ ਨੇ ਲਿਖਿਆ, ‘ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਬੀਤੀ ਰਾਤ ਪੰਜਾਬ ਦੇ ਪਟਿਆਲੇ ਸ਼ਹਿਰ ’ਚ ਜਾਨਵਰਾਂ ਖ਼ਿਲਾਫ਼ ਹਿੰਸਾ ਤੇ ਬੇਰਹਿਮੀ ਦੇਖਣ ਨੂੰ ਮਿਲੀ। ਮੈਂ ਮੀਤ ਅਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜੋ ਇਸ ਘਟਨਾ ਨੂੰ ਸਾਹਮਣੇ ਲੈ ਕੇ ਆਏ ਤੇ ਨਾਲ ਹੀ ਪੰਜਾਬ ਪੁਲਸ ਤੇ ਵਿਕਰਮ ਦੁੱਗਲ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ।’

ਪੁਲਸ ਨੇ ਕਿਹਾ ਕਿ ਉਕਤ ਵਿਅਕਤੀ ਨੇ ਆਪਣੀ 12 ਬੋਰ ਦੀ ਰਾਈਫਲ ਕੁੱਤੇ ਨੂੰ ਮਾਰਨ ਲਈ ਇਸਤੇਮਾਲ ਕੀਤੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਇਹ ‘ਪਾਗਲ’ ਜਾਨਵਰ ਸੀ ਤੇ ਉਸ ਨੇ ਪਿਛਲੇ ਦਿਨੀਂ ਇਕ ਹੋਰ ਕੁੱਤੇ ਨੂੰ ਵੱਢਿਆ ਸੀ। ਉਸ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 429, 11 (1) ਤੇ 11 (ਏ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਨਾਲ ਹੀ ਆਰਮਜ਼ ਐਕਟ ਦੀ ਧਾਰਾ 5 ਤੇ 27 ਲਗਾਈ ਗਈ ਹੈ। ਮ੍ਰਿਤਕ ਕੁੱਤੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News