‘ਪਠਾਨ’ ਦੇ ਵਿਲੇਨ ਦਾ ਫਰਸਟ ਲੁੱਕ ਆਇਆ ਸਾਹਮਣੇ, ਜੌਨ ਅਬ੍ਰਾਹਮ ਦੀ ਦਿਸੀ ਸੁਪਰ ਸਲੀਕ ਲੁੱਕ
Thursday, Aug 25, 2022 - 04:17 PM (IST)

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਪ੍ਰੋਡਕਸ਼ਨ ਦੀ ਸਭ ਤੋਂ ਵੱਡੀ ਫ਼ਿਲਮ ‘ਪਠਾਨ’ ਨੂੰ ਰਿਲੀਜ਼ ਹੋਣ ’ਚ ਲਗਭਗ 5 ਮਹੀਨਿਆਂ ਦਾ ਸਮਾਂ ਬਚਿਆ ਹੈ। ਮੇਕਰਜ਼ ਨੇ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੋਂ ਬਾਅਦ ‘ਪਠਾਨ’ ’ਚ ਵਿਲੇਨ ਬਣੇ ਜੌਨ ਅਬ੍ਰਾਹਮ ਦੀ ਫਰਸਟ ਲੁੱਕ ਜਾਰੀ ਕਰ ਦਿੱਤੀ ਹੈ। ਮੇਕਰਜ਼ ਨੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਮੋਸ਼ਨ ਪੋਸਟਰ ’ਚ ਜੌਨ ਅਬ੍ਰਾਹਮ ਦੇ ਇਸ ਸੁਪਰ ਸਲੀਕ ਲੁੱਕ ਨੇ ਇੰਟਰਨੈੱਟ ’ਤੇ ਧੂਮ ਮਚਾ ਦਿੱਤੀ ਹੈ। ‘ਪਠਾਨ’ ਦੇ ਮੋਸ਼ਨ ਪੋਸਟਰ ’ਚ ਜੌਨ ਦਾ ਐਂਗਰੀਮੈਨ ਲੁੱਕ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰ ’ਤੇ ਹੈ। ਵਿਲੇਨ ਦੇ ਰੋਲ ’ਚ ਜੌਨ ਅਬ੍ਰਾਹਮ ਨੂੰ ਦੇਖਣ ਲਈ ਪ੍ਰਸ਼ੰਸਕ ਇੰਤਜ਼ਾਰ ਨਹੀਂ ਕਰ ਪਾ ਰਹੇ। ਜੌਨ ਤੇ ਸ਼ਾਹਰੁਖ ਖ਼ਾਨ ਨੂੰ ਸਿਲਵਰ ਸਕ੍ਰੀਨ ’ਤੇ ਆਹਮੋ-ਸਾਹਮਣੇ ਦੇਖਣਾ ਕਮਾਲ ਦਾ ਹੋਣ ਵਾਲਾ ਹੈ।
ਫ਼ਿਲਮ ਦੇ ਡਾਇਰੈਕਟਰ ਸਿਧਾਰਥ ਕਹਿੰਦੇ ਹਨ, ‘‘ਪਠਾਨ’ ਦੀ ਹਰ ਅਨਾਊਂਸਮੈਂਟ, ਪ੍ਰਸ਼ੰਸਕਾਂ ਤੇ ਦਰਸ਼ਕਾਂ ਦੀਆਂ ਇੰਤਜ਼ਾਰ ਨਾਲ ਭਰੀਆਂ ਅੱਖਾਂ ਦੇ ਸਾਹਮਣੇ ਇਸ ਐਪਿਕ ਪਜ਼ਲ ਦੇ ਇਕ ਟੁਕੜੇ ਨੂੰ ਸਾਹਮਣੇ ਲਿਆਉਣ ਵਰਗਾ ਹੈ। ਇਹ ਪ੍ਰਕਿਰਿਆ ਫ਼ਿਲਮ ਦੀ ਰਿਲੀਜ਼ ਦੇ ਦਿਨ ਤਕ ਜਾਰੀ ਰਹੇਗੀ। ਅਸੀਂ ਚਾਹੁੰਦੇ ਹਾਂ ਕਿ ‘ਪਠਾਨ’ ਦੀ ਹਰ ਐਸੇਟ ਵੱਡੀ ਚਰਚਾ ਦਾ ਵਿਸ਼ਾ ਬਣੇ ਕਿਉਂਕਿ ਖ਼ੁਸ਼ਕਿਸਮਤੀ ਨਾਲ ਸਾਡੇ ਕੋਲ ਉਸ ਚਰਚਾ ਨੂੰ ਪੈਦਾ ਕਰਨ ਲਈ ਇਕ ਕੰਟੈਂਟ ਹੈ।’’
ਜੌਨ ਨੂੰ ਵਿਲੇਨ ਦੇ ਰੂਪ ’ਚ ਲੈਣ ਦੇ ਆਪਣੇ ਫ਼ੈਸਲੇ ਬਾਰੇ ਸਿਧਾਰਥ ਕਹਿੰਦੇ ਹਨ, ‘‘ਜੌਨ ਅਬ੍ਰਾਹਮ ਐਂਟਾਗੋਨਿਸਟ ਹਨ। ‘ਪਠਾਨ’ ਦੇ ਵਿਲੇਨ ਹਨ। ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਵਿਲੇਨ ਦਾ ਪ੍ਰੋਜੈਕਸ਼ਨ ਜੇਕਰ ਹੀਰੋ ਤੋਂ ਵੱਡਾ ਨਾ ਹੋਵੇ ਤਾਂ ਘੱਟ ਤੋਂ ਘੱਟ ਉਸ ਦੇ ਬਰਾਬਰ ਦਾ ਤਾਂ ਹੋਣਾ ਹੀ ਚਾਹੀਦਾ ਹੈ। ਜਦੋਂ ਵਿਲੇਨ ਖ਼ਤਰਨਾਕ ਹੋਵੇ, ਉਦੋਂ ਉਨ੍ਹਾਂ ਵਿਚਾਲੇ ਟਕਰਾਅ ਸ਼ਾਨਦਾਰ ਹੋ ਸਕਦਾ ਹੈ। ਇਥੇ ਸ਼ਾਹਰੁਖ ਤੇ ਜੌਨ ਦਾ ਟਕਰਾਅ ਅਸਾਧਾਰਨ ਹੋਵੇਗਾ। ਅਸੀਂ ਜੌਨ ਨੂੰ ਸੁਪਰ ਸਲੀਕ ਅੰਦਾਜ਼ ’ਚ ਪੇਸ਼ ਕਰਨਾ ਚਾਹੁੰਦੇ ਸੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।