46 ਸਾਲਾਂ ਦੇ ਜੈਜ਼ੀ ਬੀ ਅੱਜ ਵੀ ਆਪਣੇ ਵੱਖਰੇ ਅੰਦਾਜ਼ ਕਾਰਨ ਨੇ ਮਸ਼ਹੂਰ, ਜਾਣੋ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

04/01/2021 6:51:39 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੈਜ਼ੀ ਬੀ 46 ਸਾਲਾਂ ਦੇ ਹੋ ਗਏ ਹਨ। ਜੈਜ਼ੀ ਬੀ ਦਾ ਜਨਮ 1 ਅਪ੍ਰੈਲ, 1975 ਨੂੰ ਦੁਰਗਾਪੁਰ, ਨਵਾਂਸ਼ਹਿਰ ਵਿਖੇ ਹੋਇਆ। ਜੈਜ਼ੀ ਬੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ। ਪੰਜਾਬੀ ਸੰਗੀਤ ਜਗਤ ’ਚ ਜੈਜ਼ੀ ਬੀ ‘ਕ੍ਰਾਊਨ ਪ੍ਰਿੰਸ ਆਫ ਭੰਗੜਾ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ।

PunjabKesari

ਜੈਜ਼ੀ ਬੀ ਜਦੋਂ 5 ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਵੈਨਕੂਵਰ, ਕੈਨੇਡਾ ਵਿਖੇ ਚਲਾ ਗਿਆ ਸੀ। ਜੈਜ਼ੀ ਨੇ ਕੈਨੇਡਾ ’ਚ ਹੀ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ। ਛੋਟੀ ਉਮਰ ’ਚ ਹੀ ਜੈਜ਼ੀ ਬੀ ਨੂੰ ਸੰਗੀਤ ਨਾਲ ਲਗਾਅ ਹੋ ਗਿਆ। ਜੈਜ਼ੀ ਬਚਪਨ ਤੋਂ ਹੀ ਕੁਲਦੀਪ ਮਾਣਕ ਨੂੰ ਸੁਣਨਾ ਪਸੰਦ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਜੈਜ਼ੀ 4 ਸਾਲਾਂ ਦੇ ਸਨ ਤਾਂ ਉਦੋਂ ਉਨ੍ਹਾਂ ਦੇ ਪਿੰਡ ’ਚ ਕੁਲਦੀਪ ਮਾਣਕ ਨੇ ਲਾਈਵ ਸ਼ੋਅ ਕੀਤਾ ਸੀ, ਜਿਸ ਤੋਂ ਬਾਅਦ ਜੈਜ਼ੀ ਬੀ ਨੂੰ ਸੰਗੀਤ ਨਾਲ ਲਗਾਅ ਹੋਣਾ ਸ਼ੁਰੂ ਹੋ ਗਿਆ।

PunjabKesari

ਕੈਨੇਡਾ ’ਚ ਜੈਜ਼ੀ ਸਕੂਲ ਸਮੇਂ ਏਅਰ ਬੈਂਡ ਵਜਾਉਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭੰਗੜਾ ਪਾਉਣ ਤੇ ਪੰਜਾਬੀ ਗੀਤ ਗਾਉਣ ਦਾ ਵੀ ਸ਼ੌਕ ਸੀ। ਜਦੋਂ ਜੈਜ਼ੀ ਬੀ ਗ੍ਰੈਜੂਏਸ਼ਨ ਕਰ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਪਾਰਟ-ਟਾਈਮ ਕੰਸਟ੍ਰਕਸ਼ਨ ਵਰਕਰ ਵਜੋਂ ਵੀ ਕੰਮ ਕੀਤਾ। ਤਰਲੋਕ ਸਿੰਘ ਕੂਨਰ ਨਾਂ ਦੇ ਜਿਸ ਸ਼ਖਸ ਕੋਲ ਜੈਜ਼ੀ ਕੰਮ ਕਰਦੇ ਸਨ, ਉਨ੍ਹਾਂ ਨੇ ਹੀ ਜੈਜ਼ੀ ਬੀ ਨੂੰ ਆਪਣੀ ਮਿਊਜ਼ਿਕ ਐਲਬਮ ਰਿਲੀਜ਼ ਕਰਨ ਦੀ ਸਲਾਹ ਦਿੱਤੀ ਸੀ। ਇਥੋਂ ਤਕ ਕਿ ਉਨ੍ਹਾਂ ਨੇ ਜੈਜ਼ੀ ਬੀ ਦੀ ਪਹਿਲੀ ਐਲਬਮ ’ਤੇ 5000 ਡਾਲਰ ਵੀ ਖਰਚੇ ਸਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਜੈਜ਼ੀ ਬੀ ਦੇ ਮਾਤਾ-ਪਿਤਾ ਇਸ ਦੁਨੀਆ ’ਚ ਨਹੀਂ ਹਨ। ਉਨ੍ਹਾਂ ਦੇ ਦਿਹਾਂਤ ਨੂੰ 11 ਸਾਲ ਹੋ ਚੁੱਕੇ ਹਨ। ਜੈਜ਼ੀ ਬੀ ਨੇ ਆਪਣੀ ਸੱਜੀ ਬਾਂਹ ’ਤੇ ਆਪਣੇ ਪਿਤਾ ਦੀ ਤਸਵੀਰ ਦਾ ਟੈਟੂ ਬਣਾਇਆ ਹੋਇਆ ਹੈ ਤੇ ਗਰਦਨ ’ਤੇ ਮਾਂ ਦੇ ਹੱਥਾਂ ਦਾ ਟੈਟੂ ਹੈ। ਜੈਜ਼ੀ ਬੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਟੈਟੂਜ਼ ਨਾਲ ਇਹ ਅਹਿਸਾਸ ਹੁੰਦਾ ਰਹਿੰਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਹਨ। ਜੈਜ਼ੀ ਬੀ ਦੀ ਪਤਨੀ ਦਾ ਨਾਂ ਹਰਦੀਪ ਕੌਰ ਹੈ। ਦੋਵਾਂ ਦਾ ਇਕ ਮੁੰਡਾ ਤੇ ਇਕ ਕੁੜੀ ਹੈ।

PunjabKesari

ਸਾਲ 1993 ’ਚ ਜੈਜ਼ੀ ਨੇ ਆਪਣਾ ਡੈਬਿਊ ਟਰੈਕ ‘ਘੁੱਗੀਆਂ ਦਾ ਜੋੜਾ’ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਮਿਊਜ਼ਿਕ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਸੀ। ਇਸ ਤੋਂ ਬਾਅਦ ਉਹ ਗਾਇਕੀ ’ਚ ਕਰੀਅਰ ਬਣਾਉਣ ਲਈ ਬਰਮਿੰਘਮ, ਇੰਗਲੈਂਡ ਚਲੇ ਗਏ। ਉਹ ਸੁਖਸ਼ਿੰਦਰ ਸ਼ਿੰਦਾ ਹੀ ਹਨ, ਜਿਨ੍ਹਾਂ ਨੇ ਜੈਜ਼ੀ ਬੀ ਨੂੰ ਇੰਗਲੈਂਡ ਜਾਣ ਦੀ ਸਲਾਹ ਦਿੱਤੀ ਸੀ।

PunjabKesari

ਜੈਜ਼ੀ ਬੀ ਦੇ ਸ਼ੁਰੂਆਤੀ ਸਫਰ ਦੇ ਹਿੱਟ ਗੀਤਾਂ ’ਚ ‘ਅੱਖ ਦੇ ਇਸ਼ਾਰੇ’, ‘ਪਤਲੋ’ ਤੇ ‘ਰੱਲ ਖੁਸ਼ੀਆਂ ਮਨਾਈਏ’, ‘ਦਿਲ ਆ ਗਿਆ ਏ ਤੇਰੇ ਤੇ’, ‘ਲੰਡਨੋਂ ਪਟੋਲਾ’, ‘ਹੁਸਣਾ ਦੀ ਸਰਕਾਰ’ ਤੇ ‘ਨਾਗ’ ਸ਼ਾਮਲ ਹਨ। ਜੈਜ਼ੀ ਬੀ ਕਰੀਅਰ ਦੀ ਸ਼ੁਰੂਆਤ ਦੌਰਾਨ ਆਪਣੇ ਵੱਖਰੇ ਸਟਾਈਲ ਕਾਰਨ ਵੀ ਬੇਹੱਦ ਚਰਚਾ ’ਚ ਆਉਣ ਲੱਗੇ। ਜੈਜ਼ੀ ਬੀ ਦੇ ਸਟਾਈਲ ਨੂੰ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਫਾਲੋਅ ਕੀਤਾ ਜਾਣ ਲੱਗਾ। ਜੈਜ਼ੀ ਬੀ ਨੇ ਸਾਲ 2016 ’ਚ ਆਪਣਾ ਕੱਪੜਿਆਂ ਦਾ ਬ੍ਰੈਂਡ ‘ਬੀ ਜੈਜ਼ੀ’ ਵੀ ਲਾਂਚ ਕੀਤਾ ਸੀ।

PunjabKesari

ਜੈਜ਼ੀ ਜਿਥੇ ਆਪਣੇ ਸਟਾਈਲ ਕਾਰਨ ਮਸ਼ਹੂਰ ਹੋਏ, ਉਥੇ ਕੁਝ ਲੋਕਾਂ ਵਲੋਂ ਉਨ੍ਹਾਂ ਦੇ ਸਟਾਈਲ ਦੀ ਨਿੰਦਿਆ ਵੀ ਕੀਤੀ ਜਾਣ ਲੱਗੀ। ਉਥੇ ਵਿਵਾਦਾਂ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਆਪਣੇ ਗੀਤ ‘ਰਾਈਜ਼ ਅਬਵ ਹੇਟ’ ਕਾਰਨ ਕਾਫੀ ਸੁਰਖ਼ੀਆਂ ’ਚ ਆਏ ਸਨ। ਇਹ ਗੀਤ ਐੱਮ. ਟੀ. ਵੀ. ਲਈ ਸ਼ੂਟ ਕੀਤਾ ਗਿਆ ਸੀ, ਜਿਸ ’ਚ ਜੈਜ਼ੀ ਬੀ ਨਾਲ ਮਿਲਿੰਦ ਗਾਬਾ ਵੀ ਦਿਖਾਈ ਦਿੱਤੇ ਸਨ।

PunjabKesari

ਜੈਜ਼ੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੇ ਹਨ। ਜੈਜ਼ੀ ਨੇ ਪਾਲੀਵੁੱਡ ’ਚ ਸਾਲ 2013 ’ਚ ਆਈ ਫ਼ਿਲਮ ‘ਬੈਸਟ ਆਫ ਲੱਕ’ ਨਾਲ ਐਂਟਰੀ ਕੀਤੀ ਸੀ। ਇਸ ਫ਼ਿਲਮ ਲਈ ਜੈਜ਼ੀ ਨੂੰ ਬੈਸਟ ਮੇਲ ਡੈਬਿਊ ਐਕਟਰ ਦਾ ਐਵਾਰਡ ਵੀ ਮਿਲਿਆ ਸੀ। ਇਸ ਤੋਂ ਇਲਾਵਾ ਉਹ ‘ਰੋਮੀਓ ਰਾਂਝਾ’ ਫ਼ਿਲਮ ’ਚ ਵੀ ਨਜ਼ਰ ਆ ਚੁੱਕੇ ਹਨ।

PunjabKesari

ਉਥੇ ਜੈਜ਼ੀ ਬੀ ਅੱਜਕਲ ਕਿਸਾਨ ਅੰਦੋਲਨ ਕਰਕੇ ਵੀ ਕਾਫੀ ਸੁਰਖ਼ੀਆਂ ’ਚ ਹਨ। ਜੈਜ਼ੀ ਬੀ ਕਿਸਾਨ ਅੰਦੋਲਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਵੀ ਜੈਜ਼ੀ ਬੀ ਆਪਣੇ ਪ੍ਰਸ਼ੰਸਕਾਂ ਨੂੰ ਕਿਸਾਨਾਂ ਦੀ ਮਦਦ ਲਈ ਵੱਧ-ਚੜ੍ਹ ਕੇ ਅੱਗੇ ਆਉਣ ਦੀ ਸਲਾਹ ਦਿੰਦੇ ਹਨ। ਜੈਜ਼ੀ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਨਹੀਂ ਹੋਣਗੇ ਤਾਂ ਖਾਣਾ ਵੀ ਨਹੀਂ ਹੋਵੇਗਾ।

ਨੋਟ– ਜੈਜ਼ੀ ਬੀ ਦੀ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News