ਡਰੱਗਸ ਮਾਮਲੇ ਤੋਂ ਬਾਅਦ ਕੀ ਕਪਿਲ ਸ਼ਰਮਾ ਸ਼ੋਅ ਤੋਂ ਬਾਹਰ ਹੋਈ ਭਾਰਤੀ ਸਿੰਘ?

11/29/2020 4:37:43 PM

ਜਲੰਧਰ (ਬਿਊਰੋ)– ਡਰੱਗਸ ਕੇਸ ’ਚ ਨਾਂ ਸਾਹਮਣੇ ਆਉਣ ਤੋਂ ਬਾਅਦ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਭਾਰਤੀ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਫੈਸਲਾ ਕੀਤਾ ਗਿਆ ਹੈ ਪਰ ਸ਼ੋਅ ਦੇ ਮੇਕਰਜ਼ ਦੇ ਇਸ ਫੈਸਲੇ ਦੇ ਕਪਿਲ ਸ਼ਰਮਾ ਖਿਲਾਫ ਹਨ। ਇਸ ਬਾਰੇ ਜਦੋਂ ਕੀਕੂ ਸ਼ਾਰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸੱਚਾਈ ਬਿਆਨ ਕੀਤੀ।

ਕੀਕੂ ਸ਼ਾਰਦਾ ਨੇ ਇਕ ਵੈੱਬਸਾਈਟ ਨੂੰ ਦੱਸਿਆ, ‘ਅਸੀਂ ਬੀਤੇ ਦਿਨੀਂ ਸ਼ੂਟ ਕੀਤਾ ਹੈ। ਭਾਰਤੀ ਸ਼ੂਟ ਦੌਰਾਨ ਉਥੇ ਮੌਜੂਦ ਨਹੀਂ ਸੀ ਪਰ ਇਹ ਕਾਫੀ ਸਾਧਾਰਨ ਗੱਲ ਹੈ। ਉਹ ਹਰ ਐਪੀਸੋਡ ਲਈ ਸ਼ੂਟ ਨਹੀਂ ਕਰਦੀ ਹੈ। ਮੈਂ ਤਾਂ ਨਹੀਂ ਸੁਣਿਆ ਕਿ ਭਾਰਤੀ ਸ਼ੋਅ ਨੂੰ ਅਲਵਿਦਾ ਆਖ ਰਹੀ ਹੈ। ਸਿਰਫ ਉਹ ਕੱਲ ਸ਼ੂਟ ’ਤੇ ਮੌਜੂਦ ਨਹੀਂ ਸੀ, ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੈ।’

ਅਸਲ ’ਚ ਸਪਾਟਬੁਆਏ ਦੀ ਰਿਪੋਰਟ ਮੁਤਾਬਕ ਸ਼ੋਅ ਦੇ ਮੇਕਰਜ਼ ਨੇ ਫੈਸਲਾ ਕਰ ਲਿਆ ਹੈ ਕਿ ਭਾਰਤੀ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਜਾਵੇ। ‘ਦਿ ਕਪਿਲ ਸ਼ਰਮਾ ਸ਼ੋਅ’ ਇਕ ਫੈਮਿਲੀ ਸ਼ੋਅ ਹੈ। ਉਨ੍ਹਾਂ ਨੂੰ ਦਰਸ਼ਕਾਂ ਦੀ ਖੁਸ਼ੀ ਚਾਹੀਦੀ ਹੈ, ਉਹ ਵੀ ਬਿਨਾਂ ਕਿਸੇ ਕੰਟਰੋਵਰਸੀ ਦੇ।

ਦੱਸਣਯੋਗ ਹੈ ਕਿ ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਐੱਨ. ਸੀ. ਬੀ. ਨੇ ਬਾਲੀਵੁੱਡ ਜਗਤ ’ਚ ਡਰੱਗਸ ਦੀ ਵਰਤੋਂ ਦੀ ਜਾਂਚ ਦੇ ਮਾਮਲੇ ’ਚ ਭਾਰਤੀ ਸਿੰਘ ਦੇ ਘਰ ਤੇ ਦਫਤਰ ਦੀ ਤਲਾਸ਼ੀ ਲਈ ਤੇ ਇਸ ਦੌਰਾਨ ਉਸ ਦੇ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਹੋਇਆ ਸੀ। ਹਾਲਾਂਕਿ ਬਾਅਦ ’ਚ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਜ਼ਮਾਨਤ ਮਿਲ ਗਈ।


Rahul Singh

Content Editor Rahul Singh