ਪ੍ਰਵਾਸੀ ਸ਼ਾਇਰ -ਗੀਤਕਾਰ ਸ਼ਮੀ ਜਲੰਧਰੀ ਦੀ ਪੁਸਤਕ ''ਉਹ ਪਹਿਲੀ ਮੁਹੱਬਤ'' ਲੋਕ ਅਰਪਣ
Thursday, Aug 28, 2025 - 12:26 PM (IST)

ਐਂਟਰਟੇਨਮੈਂਟ ਡੈਸਕ: ਆਸਟ੍ਰੇਲੀਆ ਵੱਸਦੇ ਪੰਜਾਬੀ ਮੂਲ ਦੇ ਸ਼ਾਇਰ ਸ਼ਮੀ ਜਲੰਧਰੀ ਦੀ ਨਵੀਂ ਪੁਸਤਕ 'ਉਹ ਪਹਿਲੀ ਮੁਹੱਬਤ' ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪਾਠਕਾਂ ਸਨਮੁੱਖ ਕੀਤੀ ਗਈ। ਇਸ ਨੂੰ ਰਸਮੀ ਤੌਰ 'ਤੇ ਲੋਕ -ਅਰਪਣ ਕਰਨ ਦੀ ਰਸਮ ਸਾਹਿਤ ਅਤੇ ਸਿਨੇਮਾ ਜਗਤ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋਂ ਅਦਾ ਕੀਤੀ ਗਈ, ਜਿਨ੍ਹਾਂ ਵਿਚ ਪ੍ਰੋਫ. ਪਾਲੀ ਭੁਪਿੰਦਰ ਸਿੰਘ ਅਜ਼ੀਮ ਲੇਖਕ ਅਤੇ ਨਿਰਦੇਸ਼ਕ, ਰਤਨ ਔਲਖ ਦਿਗਜ਼ ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ, ਅਦਾਕਾਰ ਬਿਨੈ ਜੌੜਾ, ਅਦਾਕਾਰਾ ਹਰਸ਼ਿਤਾ ਸਿੰਘ, ਸੀਨੀਅਰ ਕਾਲਮਨਿਸਟ ਨਿਰੂਪਮਾ ਦੱਤ ਤੋਂ ਇਲਾਵਾ ਦਲਜੀਤ ਥਖਸ਼ੀ, ਸੁਨੀਲ ਡੋਗਰਾ, ਜਸਜੀਤ ਜਸ ਆਦਿ ਸ਼ੁਮਾਰ ਰਹੇ।
ਸ਼ਮੀ ਜਲੰਧਰੀ ਨੂੰ ਕੁਦਰਤ ਨਾਲ ਰੱਜ ਕੇ ਪਿਆਰ ਕਰਨ ਵਾਲੇ ਸ਼ਾਇਰ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਾਇਰੀ ਅਤੇ ਗੀਤਕਾਰੀ ਨੂੰ ਨਵੇਂ ਰੰਗ ਦੇਣ ਵਾਲੇ ਇਹ ਬਾਕਮਾਲ ਸ਼ਾਇਰ ਅਪਣੀ ਨਵੀਂ ਪੁਸਤਕ 'ਉਹ ਪਹਿਲੀ ਮੁਹੱਬਤ' ਲੈ ਕੇ ਪਾਠਕਾਂ, ਸਰੋਤਿਆਂ ਅਤੇ ਅਪਣੇ ਚਾਹੁਣ ਵਾਲਿਆਂ ਸਨਮੁੱਖ ਹੋਏ ਹਨ। ਹਾਲਾਂਕਿ ਸ਼ਮੀ ਮੁਹੱਬਤ ਦਾ ਸ਼ਾਇਰ ਹੈ ਪਰ ਫਿਰ ਵੀ ਉਸ ਦੀ ਕਵਿਤਾ ਵਿਚ ਆਪਣੇ ਵਤਨ ਸਮੇਤ ਦੁਨੀਆ ਭਰ ਦੇ ਫ਼ਿਕਰ ਸਾਹਮਣੇ ਆਉਂਦੇ ਹਨ। ਜਲੰਧਰ ਛੱਡ ਆਸਟ੍ਰੇਲੀਆ ਦੇ ਐਡੀਲੈਡ ਵਿਖੇ ਰਹਿ ਰਹੇ ਸ਼ਮੀ ਜਲੰਧਰੀ ਦਾ ਦਿਲ ਪੰਜਾਬ ਵਿੱਚ ਹੀ ਧੜਕਦਾ ਹੈ, ਫਿਰ ਉਹ ਭਾਵੇਂ ਲਹਿੰਦਾ ਪੰਜਾਬ ਹੋਵੇ, ਭਾਵੇਂ ਚੜ੍ਹਦਾ ਪੰਜਾਬ।
ਸ਼ਮੀ ਜਲੰਧਰੀ ਦਾ ਜਨਮ 11 ਜੂਨ 1971 ਨੂੰ ਉੱਤਰ ਪ੍ਰਦੇਸ਼ (ਹੁਣ ਉੱਤਰਾਖੰਡ) ਦੇ ਸ਼ਹਿਰ ਰੁੜਕੀ ਵਿਖੇ ਹੋਇਆ ਸੀ। 2006 ਵਿੱਚ ਉਹ ਪਰਿਵਾਰ ਸਮੇਤ ਆਸਟ੍ਰੇਲੀਆ ਚਲੇ ਗਏ ਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿਖੇ ਕੰਮ ਕਾਰ ਕਰਦਿਆਂ ਸ਼ਾਇਰੀ ਵਿਚ ਵੀ ਨਾਮ ਕਮਾ ਰਹੇ ਹਨ। ਸ਼ਮੀ ਜਲੰਧਰੀ ਅਨੁਸਾਰ ਸ਼ਾਇਰੀ ਕਿਸੇ ਵੀ ਵਿਅਕਤੀ ਨੂੰ ਅੰਦਰੋਂ ਤਬਦੀਲ ਕਰਨ ਦਾ ਹੁਨਰ ਰੱਖਦੀ ਹੈ।
ਉਨ੍ਹਾਂ ਦੀ ਸ਼ਾਇਰੀ ਪੜ੍ਹਦਿਆਂ ਪਾਠਕ ਸੂਫ਼ੀਵਾਦ ਦੇ ਗਹਿਰੇ ਪ੍ਰਭਾਵ ਹੇਠ ਜਾ ਪਹੁੰਚਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਮਸਲੇ, ਗੱਲਾਂ, ਗੀਤ, ਸੰਗੀਤ, ਰਸਮਾਂ ਰਿਵਾਜ, ਮਿੱਥਾਂ, ਹਕੀਕਤਾਂ, ਨਦੀਆਂ ਨਾਲ਼ੇ, ਦਰਿਆ, ਸਾਗਰ, ਝੀਲਾਂ, ਬੱਦਲਾਂ, ਬਾਰਿਸ਼ਾਂ, ਪੰਛੀ ਪਰਿੰਦਿਆਂ ਨੂੰ ਉਹ ਆਪਣੀ ਸ਼ਾਇਰੀ ਦਾ ਇਸ ਕਦਰ ਹਿੱਸਾ ਬਣਾਉਂਦੇ ਹਨ ਕਿ ਪਾਠਕ ਉਨ੍ਹਾਂ ਦੀ ਸਾਦੀ ਪਰ ਪ੍ਰਭਾਵਸ਼ੀਲ ਸ਼ੈਲੀ ਅਤੇ ਸ਼ਬਦਾਵਲੀ ਤੋਂ ਇਹ ਅਹਿਸਾਸ ਹੀ ਨਹੀਂ ਕਰ ਸਕਦਾ ਕਿ ਉਨ੍ਹਾਂ ਦਾ ਤਾਅਲੁਕ ਲਹਿੰਦੇ ਪੰਜਾਬ ਨਾਲ਼ ਹੈ ਜਾਂ ਚੜ੍ਹਦੇ ਪੰਜਾਬ ਨਾਲ਼। ਦੇਖਿਆ ਜਾਵੇ ਤਾਂ ਕਲਾਕਾਰ, ਲੇਖਕ, ਅਦਾਕਾਰ, ਪੀਰ ਫ਼ਕੀਰ, ਸੰਤ ਹੱਦਾਂ ਸਰਹੱਦਾਂ ਪਾਰ ਤੋਂ ਅਗਾਂਹ ਦੀ ਗੱਲ ਕਰਨ ਵਾਲ਼ੇ ਸਭ ਦੇ ਸਾਂਝੇ ਸਮਝੇ ਜਾਂਦੇ ਹਨ ਤੇ ਸ਼ਮੀ ਜਲੰਧਰੀ ਦੀ ਸ਼ਾਇਰੀ ਵੀ ਉਨ੍ਹਾਂ ਨੂੰ ਸਾਂਝੇ ਪੰਜਾਬ ਦਾ ਸ਼ਾਇਰ ਬਣਾਉਂਦੀ ਹੈ।
ਸ਼ਮੀ ਜਲੰਧਰੀ ਦੀ ਸਮੁੱਚੀ ਕਵਿਤਾ ਦਾ ਅਧਿਐਨ ਕਰੀਏ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸੂਫ਼ੀ ਸੰਤਾਂ ਦੀ ਸੋਚ ਦਾ ਉਨ੍ਹਾਂ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਹੀ ਨਹੀਂ ਪਿਆ ਸਗੋਂ ਸੂਫ਼ੀਵਾਦ ਉਨ੍ਹਾਂ ਦੇ ਰੋਮ ਰੋਮ ਵਿਚ ਰਚ ਗਿਆ ਪ੍ਰਤੀਤ ਹੁੰਦਾ ਹੈ। ਇਸੇ ਕਰਕੇ ਉਹ ਕਾਦਰ ਦੀ ਕੁਦਰਤ ਦੇ ਹਰ ਰੰਗ ਦਾ ਕਾਇਲ ਹੁੰਦਾ ਹੈ। ਸ਼ਮੀ ਦੀ ਸ਼ਾਇਰੀ ਵਿੱਚ ਮੁਹੱਬਤ ਅਹਿਸਾਸ ਬਣਕੇ ਧੜਕਦੀ ਹੈ। ਸ਼ਮੀ ਜਲੰਧਰੀ ਆਪਣੀ ਕਵਿਤਾ ਰਾਹੀਂ ਲਾਹੌਰ, ਮੁਲਤਾਨ ਤੇ ਕਸੂਰ ਦੇ ਨਾਲ਼-ਨਾਲ਼ ਮਾਝੇ ਮਾਲਵੇ ਤੇ ਦੁਆਬੇ ਦੇ ਰੰਗਾਂ ਦਾ ਸੁਮੇਲ ਪੇਸ਼ ਕਰਦੇ ਹਨ। ਪ੍ਰਦੇਸ਼ ਨੂੰ ਹੀ ਸ਼ਮੀ ਨੇ ਆਪਣਾ ਘਰ ਬਣਾ ਲਿਆ ਹੈ ਪਰ ਉਸ ਦੀ ਸ਼ਾਇਰੀ ਦੇ ਅਹਿਸਾਸ ਅੱਜ ਵੀ ਪੰਜਾਬ ਦੀ ਮਿੱਟੀ ਨਾਲ਼ ਜੁੜੇ ਹੋਏ ਹਨ। ਇਸ ਲਈ ਉਨ੍ਹਾਂ ਦੀ ਕਵਿਤਾ 'ਚੋਂ ਅੱਜ ਵੀ ਪੰਜਾਬ ਦੀਆਂ ਲਹਿਰਾਉਂਦੀਆਂ ਫ਼ਸਲਾਂ ਦੀ ਮਹਿਕ ਆਉਂਦੀ ਹੈ। ਪੰਜਾਬ ਦੇ ਫ਼ਿਕਰ ਉਨ੍ਹਾਂ ਦੀ ਸ਼ਾਇਰੀ ਦਾ ਹਿੱਸਾ ਹਨ।
ਬ੍ਰਿਟਿਸ਼ ਫ਼ਿਲਮੀ ਸੰਗੀਤਕਾਰ ਮੁਖ਼ਤਾਰ ਸਹੋਤਾ ਨੇ ਸ਼ਮੀ ਦੇ ਗੀਤਾਂ ਨੂੰ ਕਈ ਫ਼ਿਲਮਾਂ ਲਈ ਰਿਕਾਰਡ ਕੀਤਾ ਹੈ। ਉਨ੍ਹਾਂ ਦੀਆਂ ਰਚਨਾਵਾਂ/ਗੀਤ ਕੱਚੇ ਧਾਗੇ, ਇਸ਼ਕ ਮਾਈ ਰਿਲੀਜਨ, ਅਤੇ ਹਿੰਦੀ ਫ਼ਿਲਮਾਂ ਵੋਹ ਅਤੇ ਰਾਜਾ ਅਬਰੋਡੀਆ ਵਿੱਚ ਵਿਚ ਰਿਕਾਰਡ ਹੋ ਚੁੱਕੇ ਹਨ। ਨੂਰਾਂ ਸਿਸਟਰ ਸਮੇਤ ਪਾਕਿਸਤਾਨੀ ਗਾਇਕ ਆਰਿਫ਼ ਲੁਹਾਰ, ਸੂਫ਼ੀ ਗਾਇਕ ਯਾਕੂਬ, ਮੁਹੰਮਦ ਅਲੀ ਅਤੇ ਕਈ ਹੋਰ ਪ੍ਰਸਿੱਧ ਗਾਇਕਾਂ ਨੇ ਸ਼ਮੀ ਦੇ ਗੀਤ ਗਾਏ ਹਨ। ਇਕ ਦਹਾਕੇ ਤੋਂ ਗਾਇਕ ਸੁਨੀਲ ਡੋਗਰਾ ਸ਼ਮੀ ਜਲੰਧਰੀ ਦੀਆਂ ਰਚਨਾਵਾਂ ਮਹਿਫ਼ਿਲਾਂ ਵਿੱਚ ਗਾ ਕੇ ਵਾਹ ਵਾਹ ਖੱਟ ਰਿਹਾ ਹੈ। ਜਿੱਥੇ ਸ਼ਮੀ ਜਲੰਧਰੀ ਦੇ ਗੀਤ ਹੋਰਾਂ ਗਾਇਕਾਂ ਨੇ ਰਿਕਾਰਡ ਕਰਵਾਏ ਹਨ ਉਥੇ ਹੀ ਕੁਦਰਤ ਨੇ ਸ਼ਮੀ ਜਲੰਧਰੀ ਨੂੰ ਵੀ ਕਸ਼ਿਸ਼ ਭਰਪੂਰ ਆਵਾਜ਼ ਬਖ਼ਸ਼ੀ ਹੈ।