ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਰਭਜਨ ਮਾਨ ਨੇ ਪੋਸਟ ਸਾਂਝੀ ਕਰ ਲਿਖੀ ਹਮਸਫਰ ਦੀ ਅਹਿਮੀਅਤ
Wednesday, Jul 01, 2020 - 12:46 PM (IST)
ਜਲੰਧਰ(ਬਿਊਰੋ)- ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ।ਇਕ ਆਮ ਵਿਅਕਤੀ ਵਾਂਗ ਹੀ ਕਲਾਕਾਰਾਂ ਦੇ ਹਮਸਫਰ ਦੀ ਵੀ ਜ਼ਿੰਦਗੀ 'ਚ ਖਾਸ ਅਹਿਮੀਅਤ ਹੁੰਦੀ ਹੈ । ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਬਿਜ਼ੀ ਸ਼ੈਡਿਊਲ ਚੋਂ ਬਹੁਤ ਘੱਟ ਸਮਾਂ ਆਪਣੇ ਪਰਿਵਾਰ ਨੂੰ ਦੇ ਪਾਉਂਦੇ ਹਨ ਪਰ ਇਕ ਪਤਨੀ ਦੀ ਜ਼ਿੰਦਗੀ 'ਚ ਦੀ ਕੀ ਅਹਿਮੀਅਤ ਹੁੰਦੀ ਹੈ ਇਹ ਦੱਸ ਰਹੇ ਹਨ ਪੰਜਾਬੀ ਗਾਇਕ ਹਰਭਜਨ ਮਾਨ ।ਹਰਭਜਨ ਮਾਨ ਨੇ ਅੱਜ ਆਪਣੇ ਪਤਨੀ ਦੇ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਇਕ ਸੰਦੇਸ਼ ਆਪਣੇ ਹਮਸਫਰ ਹਰਮਨ ਮਾਨ ਬਾਰੇ ਲਿਖਿਆ ਹੈ । ਹਰਭਜਨ ਮਾਨ ਲਿਖਦੇ ਹਨ
‘ਸਟਾਰ’ ਬਣਨਾ ਸ਼ਾਇਦ ਸੌਖਾ ਹੋਵੇ ਪਰ ਕਿਸੇ ਸਟਾਰ ਦਾ ਹਮਸਫ਼ਰ ਬਣਨਾ ਸੌਖਾ ਨਹੀਂ ਹੁੰਦਾ! ਤੇ ਜੋ ਇਹ ਸਭ ਕੁਝ ਜਾਣਦਾ ਹੋਇਆ ਵੀ ਤੁਹਾਡਾ ਹਮਸਫ਼ਰ ਬਣਨ ਦਾ ਹੌਸਲਾ ਰੱਖਦਾ ਹੋਵੇ ਅਤੇ ਇਸ ਤੋਂ ਕਿਧਰੇ ਵੱਧ ਆਪਣੇ ਸੁਪਨੇ ਵਿਸਾਰ ਕੇ ਤੁਹਾਡੇ ਸੁਪਨਿਆਂ ਵਿੱਚ ਰੰਗ ਭਰਨ ਬੈਠ ਜਾਵੇ ਤਾਂ ਉਸ ਹਮਸਫ਼ਰ ਦੀ ਇਹ ਕੁਰਬਾਨੀ ਕਦੀ ਵੀ ਜ਼ਾਇਆ ਨਹੀਂ ਜਾਂਦੀ! ਅੱਜ ਦਾ ਦਿਨ ਮੇਰੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਦੇ ਦਿਨ ਮੈਂ ਅਤੇ ਹਰਮਨ ਮਾਨ ਨੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਤੇ ਇਹੀ ਉਹ ਦਿਨ ਸੀ, ਜਦੋਂ ਮੇਰੀ ਕਾਮਯਾਬੀ ਦੇ ਦਿਨਾਂ ਦੀ ਵੀ ਸ਼ੁਰੂਆਤ ਹੋ ਗਈ।ਮੈਂ ਕਿਵੇਂ ਵਿਸਾਰ ਸਕਦਾ ਹਾਂ ਉਹ ਦਿਨ, ਜਦੋਂ ਸਾਲ 1992 ਵਿੱਚ ‘ਚਿੱਠੀਏ ਨੀ ਚਿੱਠੀਏ’ ਦੇ ਮਕ਼ਬੂਲ ਹੋ ਜਾਣ ਤੋਂ ਬਾਅਦ, ਜਿਸ ਵਕ਼ਤ ਸਾਡੇ ਦੋਹਾਂ ਪਰਿਵਾਰਾਂ ਦੇ ਮੈਂਬਰ ਕੈਨੇਡਾ ਸਨ ਤਾਂ ਹਰਮਨ ਨੇ ਆਪਣੇ ਸੁਪਨੇ ਵਿਸਾਰ ਕੇ ਮੇਰੇ ਸੁਪਨਿਆਂ ਵਾਸਤੇ, ਮੇਰਾ ਸਾਥ ਦੇਣ ਲਈ ਮੇਰੇ ਨਾਲ ਇੰਡੀਆ ਜਾਣ ਲਈ ਅੱਖ ਝਪਕਣ ਤੋਂ ਪਹਿਲਾਂ ਹੀ ਤਿਆਰ ਹੋ ਗਈ। ਇਹ ਹਰਮਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸੀ, ਜਿਸ ਨੇ ਮੇਰਾ ਨਾਮ ਦੁਨੀਆਂ ਭਰ ਵਿੱਚ ਲਿਸ਼ਕਾ ਦਿੱਤਾ। ਹਰਮਨ ਮੇਰੇ ਲਈ ਹਮੇਸ਼ਾ ਪ੍ਰੇਰਨਾਸਰੋਤ ਹੈ ਕਿਉਂਕਿ ਉਸ ਨੇ ਜ਼ਿੰਦਗੀ ਦੇ ਹਰ ਹਾਲਾਤ ਨੂੰ ਜਿੱਤਿਆ ਹੈ ਅਤੇ ਉਹ ਸੰਘਰਸ਼ ਕੀਤਾ ਹੈ, ਜੋ ਅਦਿੱਖ ਹੈ। ਉਹ ਖ਼ੁਦ ‘ਸਟਾਰ’ਨਹੀਂ ਬਣੀ ਪਰ ਉਸ ਨੇ ‘ਸਟਾਰਜ਼’ ਸਿਰਜੇ ਹਨ।ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ’ਤੇ ਮੈਂ ਉਸ ਮਾਲਕ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਨੂੰ ਹਰਮਨ ਵਰਗਾ ਅਜਿਹਾ ਜੀਵਨ ਸਾਥੀ ਮਿਲਿਆ, ਜਿਸ ਦੇ ਸਾਥ ਨੇ ਮੈਨੂੰ ਹਰ ਮਨ ਵਿੱਚ ਵਸਾ ਦਿੱਤਾ।
ਦੱਸ ਦਈਏ ਕੀ ਹਰਭਜਨ ਮਾਨ ਪੰਜਾਬ ਦੇ ਮਸ਼ਹੂਰ ਗਾਇਕਾਂ ਚੋਂ ਇਕ ਹਨ। ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇਣ ਵਾਲੇ ਹਰਭਜਨ ਮਾਨ ਦੇ ਵੱਡੇ ਪੁੱਤਰ ਅਵਿਕਾਸ਼ ਮਾਨ ਵੀ ਗਾਇਕ ਵਜੋਂ ਸੰਗੀਤ ਜਗਤ 'ਚ ਆਪਣੀ ਖਾਸ ਪਹਿਚਾਣ ਬਣਾ ਰਹੇ ਹਨ