ਕਿਸਾਨੀ ਅੰਦੋਲਨ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਦੀ ਕੇਂਦਰ ਸਰਕਾਰ ਨੂੰ ਸਲਾਹ, ਨਵਜੋਤ ਸਿੱਧੂ ਬਾਰੇ ਆਖੀ ਇਹ ਗੱਲ

04/03/2021 3:34:24 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਕਿਸਾਨੀ ਅੰਦੋਲਨ ਦਾ ਵੱਧ-ਚੜ੍ਹ ਕੇ ਸਮਰਥਨ ਕਰ ਰਹੇ ਹਨ। ਹਾਲ ਹੀ ’ਚ ਕਿਸਾਨੀ ਅੰਦੋਲਨ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਨਾਲ ਖ਼ਾਸ ਗੱਲਬਾਤ ਕੀਤੀ ਗਈ, ਜਿਥੇ ਉਨ੍ਹਾਂ ਨਾ ਸਿਰਫ ਕਿਸਾਨੀ ਅੰਦੋਲਨ, ਸਗੋਂ ਕੇਂਦਰ ਸਰਕਾਰ ਤੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਗੁਰਪ੍ਰੀਤ ਘੁੱਗੀ ਨੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦਾ ਕੋਈ ਸਿੱਟਾ ਅਜੇ ਤਕ ਨਾ ਨਿਕਲਣ ਦੇ ਸਵਾਲ ’ਤੇ ਕਿਹਾ ਕਿ ਕੋਈ ਵੀ ਸਿੱਟਾ ਨਿਕਲਣ ’ਚ ਸਮਾਂ ਲੱਗਦਾ ਹੈ। ਇਕ ਸਮਾਂ ਨਿਰਧਾਰਿਤ ਕਰਕੇ ਅਸੀਂ ਸਿੱਟੇ ਦੀ ਉਮੀਦ ਨਹੀਂ ਕਰ ਸਕਦੇ। ਕਿਸੇ ਸੰਘਰਸ਼ ਨੂੰ ਸ਼ੁਰੂ ਕਰਨ ਦਾ ਤਾਂ ਸਮਾਂ ਨਿਸ਼ਚਿਤ ਕੀਤਾ ਜਾ ਸਕਦਾ ਹੈ ਪਰ ਉਸ ਨੂੰ ਖ਼ਤਮ ਕਦੋਂ ਕਰਨਾ ਹੈ, ਇਸ ਦਾ ਸਮਾਂ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਸੰਘਰਸ਼ ਜਿੱਤ ਨਾਲ ਹੀ ਖ਼ਤਮ ਹੁੰਦਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਾਵੇਂ 3 4 ਮਹੀਨੇ ਹੋਰ ਲੱਗ ਜਾਣ, ਜਿੱਤ ਯਕੀਨੀ ਹੋਵੇਗੀ।

ਕਿਸਾਨੀ ਅੰਦੋਲਨ ’ਤੇ ਕੇਂਦਰ ਸਰਕਾਰ ਦੇ ਨਾ ਝੁਕਣ ਦੇ ਸਵਾਲ ’ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਰਕਾਰ ਭਾਵੇਂ ਨਾ ਝੁਕੇ, ਸਰਕਾਰ ਸਿਰਫ ਗੱਲ ਨੂੰ ਸਮਝੇ, ਸੁਣੇ ਤੇ ਵਿਚਾਰ ਕਰੇ। ਜੇ ਕਿਸਾਨਾਂ ਦੀ ਗੱਲ ਜਾਇਜ਼ ਹੈ ਤਾਂ ਸਰਕਾਰ ਨੂੰ ਮੰਨ ਕੇ ਅੰਦੋਲਨ ਖ਼ਤਮ ਕਰ ਦੇਣਾ ਚਾਹੀਦਾ ਹੈ। ਜੇ 300 ਸ਼ਹਾਦਤਾਂ ਹੋਣ ਤੋਂ ਬਾਅਦ ਵੀ ਕਿਸਾਨ ਉਥੋਂ ਨਹੀਂ ਉਠੇ ਤਾਂ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਨਹੀਂ ਉਠਣਾ। ਜਾਨੀ-ਮਾਲੀ ਨੁਕਸਾਨ ਵੱਧ ਰਿਹਾ ਹੈ ਤੇ ਲੋਕਾਂ ’ਚ ਸਰਕਾਰ ਖ਼ਿਲਾਫ਼ ਕੁੜੱਤਣ ਵਧਦੀ ਜਾ ਰਹੀ ਹੈ, ਜਿਸ ਨਾਲ ਸਰਕਾਰ ਤੋਂ ਲੋਕਾਂ ਦਾ ਮਨ ਉਠ ਜਾਂਦਾ ਹੈ।

ਜਦੋਂ ਗੁਰਪ੍ਰੀਤ ਘੁੱਗੀ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਸਿਆਸਤ ’ਚ ਮੁੜ ਵਾਪਸੀ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦਾ ਸਿਆਸਤ ’ਚ ਵਾਪਸੀ ਦਾ ਮਨ ਨਹੀਂ ਬਣਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਰਟੀ ’ਚ ਸ਼ਾਮਲ ਹੋਣਾ ਹੀ ਸਿਆਸਤ ਦਾ ਹਿੱਸਾ ਨਹੀਂ ਹੁੰਦਾ, ਵੋਟ ਪਾਉਣ ਨਾਲ ਵੀ ਤੁਸੀਂ ਸਿਆਸਤ ਦਾ ਹਿੱਸਾ ਬਣ ਜਾਂਦੇ ਹੋ। ਜੇ ਕਿਸੇ ਪਾਰਟੀ ਦਾ ਲੀਡਰ ਉਨ੍ਹਾਂ ਨੂੰ ਵਧੀਆ ਲੱਗੇਗਾ ਤਾਂ ਉਹ ਉਸ ਦੇ ਪਿੱਛੇ ਵੀ ਜਾਣਗੇ ਤੇ ਉਸ ਦੇ ਹੱਕ ’ਚ ਆਵਾਜ਼ ਵੀ ਬੁਲੰਦ ਕਰਨਗੇ ਪਰ ਫਿਲਹਾਲ ਉਹ ਸਿਆਸਤ ’ਚ ਨਹੀਂ ਆਉਣਗੇ।

ਨਵਜੋਤ ਸਿੱਧੂ ਬਾਰੇ ਗੱਲਬਾਤ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਨ੍ਹਾਂ ਦੀ ਕਲਾ ਦੀ ਸਾਰੀ ਦੁਨੀਆ ਮੁਰੀਦ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਰਗੇ ਸ਼ਖਸ ਦੀ ਪੰਜਾਬ ਨੂੰ ਬਹੁਤ ਲੋੜ ਹੈ। ਜੇਕਰ ਉਹ ਅੱਜ ਸਿਆਸਤ ਤੋਂ ਦੂਰ ਰਹਿੰਦੇ ਹਨ ਤਾਂ ਇਸ ਪਿੱਛੇ ਉਨ੍ਹਾਂ ਦਾ ਕੋਈ ਖ਼ਾਸ ਮਕਸਦ ਹੋਵੇਗਾ, ਕੀ ਪਤਾ ਉਹ ਵੱਡੀ ਤਿਆਰੀ ਨਾਲ ਸਾਹਮਣੇ ਆਉਣ ਤੇ ਅਸੀਂ ਹਮੇਸ਼ਾ ਉਨ੍ਹਾਂ ਦੇ ਨਾਲ ਹਾਂ।

ਨੋਟ– ਗੁਰਪ੍ਰੀਤ ਘੁੱਗੀ ਦੇ ਇਨ੍ਹਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News