ਵਿਰਸੇ ਨੂੰ ਭੁੱਲ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ, ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ ਨੂੰ ਦੇ ਰਹੀ ਹੁੰਗਾਰਾ

Tuesday, May 24, 2022 - 12:23 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਪਿਛਲੇ ਕੁਝ ਸਾਲਾਂ ਤੋਂ ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ’ਚ ਭਾਰੀ ਵਾਧਾ ਹੋਇਆ ਹੈ। ਸੋਸ਼ਲ ਮੀਡੀਆ ’ਤੇ ਅਜਿਹੇ ਗੀਤਾਂ ਦੀ ਭਰਮਾਰ ਇੰਨੀ ਵੱਧ ਗਈ ਹੈ ਕਿ ਹਰ ਵਿਅਕਤੀ ਨੂੰ ਲਗਾਤਾਰ ਅਜਿਹੇ ਗੀਤ ਨਾ ਚਾਹੁੰਦਿਆਂ ਵੀ ਸੁਣਨ ਦੇ ਦੇਖਣ ਨੂੰ ਮਿਲ ਹੀ ਜਾਂਦੇ ਹਨ। ਲਗਾਤਾਰ ਵਿਰੋਧ ਝੱਲ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕੋਈ ਸੈਂਸਰ ਬੋਰਡ ਵੀ ਨਹੀਂ ਹੈ, ਜਿਸ ਦੀ ਮੰਗ ਹਰ ਵਾਰ ਹੁੰਦੀ ਹੈ ਪਰ ਐਕਸ਼ਨ ਕੋਈ ਨਹੀਂ ਲਿਆ ਜਾਂਦਾ।

700 ਕਰੋੜ ਰੁਪਏ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਕੌੜਾ ਸੱਚ ਇਹ ਹੈ ਕਿ ਇਥੇ ਇਨ੍ਹਾਂ ਦੇ ਪੈਸੇ ਤਾਂ ਵੱਧ ਰਹੇ ਹਨ ਪਰ ਵਿਰਸਾ ਘੱਟਦਾ ਜਾ ਰਿਹਾ ਹੈ। 10 ਸਾਲਾਂ ਤੋਂ ਹਰ ਛੇਵੀਂ ਐਲਬਮ ’ਚ ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ ਨੂੰ ਭਰ-ਭਰ ਕੇ ਪਰੋਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ਦੇ ਕੁਮੈਂਟ ’ਤੇ NCM ਦਾ ਐਕਸ਼ਨ, ਪੰਜਾਬ ਤੇ ਮਹਾਰਾਸ਼ਟਰ ਤੋਂ ਮੰਗੀ ਰਿਪੋਰਟ

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ’ਚ ਇਸ ਮੁੱਦੇ ਨੂੰ ਚੁੱਕਿਆ ਸੀ ਤੇ 2019 ’ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਡਰੱਗਸ, ਹਿੰਸਾ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਰੋਕ ਦੇ ਹੁਕਮ ਦਿੱਤੇ ਸਨ। ਸਾਲ 2020 ’ਚ ਪੰਜਾਬ ’ਚ ਹਿੰਸਾ, ਨਸ਼ਾ, ਹਥਿਆਰ ਤੇ ਅਸ਼ਲੀਲਤਾ ਦਾ ਪ੍ਰਸਾਰ ਕਰਨ ਵਾਲੇ ਗੀਤਾਂ ’ਤੇ ਸਰਕਾਰੀ-ਪ੍ਰਾਈਵੇਟ ਬੱਸਾਂ ਤੇ ਵਿਆਹ ਤੇ ਹੋਰ ਜਨਤਕ ਸਮਾਗਮਾਂ ’ਚ ਵਜਾਉਣ ’ਤੇ ਬੈਨ ਲਗਾ ਦਿੱਤਾ ਗਿਆ ਸੀ। ਸਿੱਧੂ ਮੂਸੇ ਵਾਲਾ ਤੇ ਮਨਕੀਰਤ ਔਲਖ ਵਰਗੇ ਗਾਇਕਾਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਸਨ ਪਰ ਫਰਕ ਕੋਈ ਨਹੀਂ ਪਿਆ।

ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਪੰਜਾਬ ਦੀ ਖ਼ੁਸ਼ਹਾਲ ਵਿਰਾਸਤ ਤੇ ਸੰਸਕ੍ਰਿਤੀ ਹੈ। ਨੌਜਵਾਨ ਗਾਇਕ ਪੰਜਾਬੀ ਗੀਤਾਂ ’ਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦਾ ਗੁਣਗਾਣ ਕਰਨ ਤੋਂ ਬਚਣ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਕਿਸੇ ਨੇ ਅਜਿਹਾ ਕੀਤਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੁਣ ਅਜਿਹੇ ਗੀਤ ਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਦੋਂ ਕੀਤੀ ਜਾਵੇਗੀ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।

ਨੋਟ– ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ ਵਰਗੇ ਗੀਤਾਂ ’ਤੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ’ਚ ਸੁਝਾਅ ਜ਼ਰੂਰ ਦਿਓ।


Rahul Singh

Content Editor

Related News