ਫ਼ਿਲਮ ਉਦਯੋਗ ਨੂੰ ਮੁੜ ਲੀਹ ''ਤੇ ਲਿਆਉਣ ਲਈ ਫ਼ਿਲਮੀ ਸਿਤਾਰਿਆਂ ਦੀ ਸ਼ਾਨਦਾਰ ਪਹਿਲ

06/27/2020 9:36:15 AM

ਜਲੰਧਰ (ਬਿਊਰੋ) — ਤਾਲਾਬੰਦੀ ਕਾਰਨ ਨਿਰਮਾਤਾਵਾਂ ਦੀ ਵਿਗੜੀ ਆਰਥਿਕ ਸਥਿਤੀ ਨੂੰ ਸਮਝਦੇ ਹੋਏ ਅਤੇ ਫ਼ਿਲਮ ਉਦਯੋਗ ਨੂੰ ਮੁੜ ਪੈਰਾਂ 'ਤੇ ਲੈ ਕੇ ਆਉਣ ਲਈ ਕੁਝ ਸਿਤਾਰੇ ਆਪਣੀ ਫ਼ੀਸ 'ਚ ਕਟੌਤੀ ਕਰਨ ਲਈ ਤਿਆਰ ਹੋ ਗਏ ਹਨ। ਕੋਰੋਨਾ ਆਫ਼ਤ ਤੋਂ ਬਚਾਅ ਦੇ ਚੱਲਦਿਆਂ ਦੇਸ਼ 'ਚ ਕੀਤੀ ਤਾਲਾਬੰਦੀ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਬਾਲੀਵੁੱਡ ਦਾ ਸਾਰਾ ਕੰਮਕਾਰ ਠੱਪ ਪਿਆ ਹੈ। ਕਈ ਫ਼ਿਲਮਾਂ ਦੀ ਸ਼ੂਟਿੰਗ ਅਤੇ ਰਿਲੀਜ਼ ਰੁਕੀ ਹੋਈ ਹੈ, ਜਿਸ ਕਾਰਨ ਫ਼ਿਲਮਾਂ ਦਾ ਬਜਟ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਫ਼ਿਲਮ ਉਦਯੋਗ ਨਾਲ ਜੁੜੇ ਸਮੀਖਿਆਕਾਰਾਂ ਦੀ ਮੰਨੀਏ ਤਾਂ ਇਨ੍ਹਾਂ ਤਿੰਨ ਮਹੀਨਿਆਂ 'ਚ ਬਾਲੀਵੁੱਡ ਨੂੰ 3000 ਤੋਂ 4000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਇਸ ਸੰਕਟ ਕਾਲ 'ਚ ਫ਼ਿਲਮ ਨਿਰਮਾਤਾਵਾਂ ਦੀ ਆਰਥਿਕ ਸਥਿਤੀ ਨੂੰ ਸਮਝਦੇ ਹੋਏ ਬਾਲੀਵੁੱਡ ਦੇ ਕਈ ਕਲਾਕਾਰ ਆਪਣੀ ਫ਼ੀਸ 'ਚ ਕਟੌਤੀ ਕਰਨ ਨੂੰ ਤਿਆਰ ਹੋ ਗਏ ਹਨ। ਕੁਝ ਸਿਤਾਰੇ ਤਾਂ ਫ਼ੀਸ ਕਟੌਤੀ ਨੂੰ ਲੈ ਕੇ ਆਪਣਾ ਪੱਖ ਵੀ ਰੱਖ ਚੁੱਕੇ ਹਨ। ਆਓ ਇਸ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਕਰਦੇ ਹਾਂ ਕਿ ਫ਼ੀਸ ਘੱਟ ਕਰਨ ਨਾਲ ਫ਼ਿਲਮ ਉਦਯੋਗ ਨੂੰ ਫ਼ਾਇਦਾ ਹੋਵੇਗਾ ਜਾਂ ਨੁਕਸਾਨ।

ਕਿੰਨੀ ਕੁ ਮਿਲੀ ਹੈ ਸਿਤਾਰਿਆਂ ਨੂੰ ਫ਼ੀਸ
ਸਾਰੇ ਸਿਤਾਰਿਆਂ ਬਾਰੇ ਤਾਂ ਚਰਚਾ ਨਹੀਂ ਕਰਦੇ ਪਰ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਕੁਝ ਕੁ ਸਿਤਾਰਿਆਂ ਦਾ ਜ਼ਿਕਰ ਜ਼ਰੂਰ ਕਰਨਾ ਬਣਦਾ ਹੈ ਕਿ ਉਹ ਇਕ ਫ਼ਿਲਮ 'ਚ ਕੰਮ ਕਰਨ ਦੀ ਕਿੰਨੀ ਕੁ ਫ਼ੀਸ ਲੈਂਦੇ ਹਨ। ਉਂਝ ਇਹ ਫ਼ੀਸ ਕਈ ਵਾਰ ਉਹ ਫ਼ਿਲਮ ਦੇ ਬਜਟ ਜਾਂ ਰੋਲ ਨੂੰ ਵੇਖ ਕੇ ਘੱਟ-ਵੱਧ ਵੀ ਕਰ ਲੈਂਦੇ ਹਨ। ਇਕ ਅਨੁਮਾਨ ਦੇ ਤਹਿਤ ਦੱਸਦੇ ਹਾਂ ਕਿ ਕਿਹੜਾ ਕਲਾਕਾਰ ਕਿੰਨੇ ਪੈਸੇ ਲੈਂਦਾ ਹੈ। ਸਭ ਤੋਂ ਪਹਿਲਾਂ ਸਾਲ 'ਚ ਚਾਰ ਤੋਂ ਪੰਜ ਫ਼ਿਲਮਾਂ ਕਰਨ ਵਾਲੇ ਹੀਰੋ ਅਕਸ਼ੈ ਕੁਮਾਰ ਦੀ ਗੱਲ ਕਰਦੇ ਹਾਂ ਜੋ ਇਕ ਫ਼ਿਲਮ ਲਈ 30 ਤੋਂ 90 ਕਰੋੜ ਰੁਪਏ ਤਕ ਫ਼ੀਸ ਲੈਂਦਾ ਹੈ। ਜੇ ਗੱਲ ਸ਼ਾਹਰੁਖ਼ ਖ਼ਾਨ ਦੀ ਕਰੀਏ ਤਾਂ ਉਹ ਵੀ 40 ਤੋਂ 70 ਕਰੋੜ ਰੁਪਏ ਤਕ ਫ਼ੀਸ ਲੈਂਦਾ ਹੈ। ਸਲਮਾਨ ਖ਼ਾਨ, ਅਜੈ ਦੇਵਗਨ, ਰਿਤਿਕ ਰੋਸ਼ਨ ਵਰਗੇ ਸਿਤਾਰੇ ਵੀ 30 ਕਰੋੜ ਰੁਪਏ ਤੋਂ ਲੈ ਕੇ 70 ਕਰੋੜ ਰੁਪਏ ਤਕ ਮਿਹਨਤਾਨਾ ਹਾਸਲ ਕਰਦੇ ਹਨ। ਅਮਿਤਾਭ ਬੱਚਨ, ਰਣਬੀਰ ਕਪੂਰ, ਸ਼ਾਹਿਦ ਕਪੂਰ ਤੇ ਰਣਵੀਰ ਸਿੰਘ ਵਰਗੇ ਦਮਦਾਰ ਸਿਤਾਰੇ ਵੀ 20 ਕਰੋੜ ਤੋਂ ਲੈ ਕੇ 35 ਕਰੋੜ ਰੁਪਏ ਤਕ ਫ਼ੀਸ ਮੰਗਦੇ ਹਨ।
ਦੱਸਣਯੋਗ ਹੈ ਕਿ ਕੁਝ ਅਭਿਨੇਤਰੀਆਂ ਵੀ ਹਨ ਜੋ ਮੋਟੀ ਰਕਮ ਮਿਹਨਤਾਨਾ ਵਜੋਂ ਲੈਣ ਲਈ ਜਾਣੀਆਂ ਜਾਂਦੀਆਂ ਹਨ। ਉਂਝ ਜਦੋਂ ਕਿਸੇ ਸਟਾਰ ਦੀਆਂ ਲਗਾਤਾਰ ਦੋ ਜਾਂ ਤਿੰਨ ਫਿਲਮਾਂ ਹਿੱਟ ਹੋ ਜਾਂਦੀਆਂ ਹਨ ਤਾਂ ਉਹ ਆਪਣੀ ਫ਼ੀਸ ਵੀ ਵਧਾਅ ਦਿੰਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਇਸ ਆਰਥਿਕ ਸਕੰਟ 'ਚ ਇਹ ਸਿਤਾਰੇ ਫਿਲਮਸਾਜ਼ਾਂ ਦਾ ਸਾਥ ਦਿੰਦੇ ਹਨ?

ਫ਼ੀਸ ਘੱਟ ਕਰਨ ਦੇ ਫ਼ਾਇਦੇ
ਸਭ ਤੋਂ ਪਹਿਲਾਂ ਇਹ ਦੱਸਣਾ ਬਣਦਾ ਹੈ ਕਿ ਅਕਸਰ ਵੱਡੇ ਬਜਟ ਨਾਲ ਬਣਨ ਵਾਲੀਆਂ ਫ਼ਿਲਮਾਂ 'ਚ ਕੁੱਲ ਖ਼ਰਚ ਦੀ ਇਕ ਤਿਹਾਈ ਰਕਮ ਤਾਂ ਸਿਤਾਰਿਆਂ ਦੀ ਫ਼ੀਸ 'ਚ ਹੀ ਨਿਕਲ ਜਾਂਦੀ ਹੈ। ਖ਼ਾਸ ਕਰਕੇ ਉਨ੍ਹਾਂ ਸਿਤਾਰਿਆਂ ਦੀ ਫ਼ੀਸ ਜੋ ਕੁਝ ਕਰੋੜ ਰੁਪਏ ਤੋਂ ਸ਼ੁਰੂ ਹੋ ਕੇ 100 ਕਰੋੜ ਤੋਂ ਵੀ ਉਪਰ ਤਕ ਚੱਲ ਜਾਂਦੀ ਹੈ। ਇਸ ਲਈ ਜਦੋਂ ਤਾਲਾਬੰਦੀ ਤੋਂ ਦੋ ਮਹੀਨੇ ਬਾਅਦ ਚਰਚਾ ਸ਼ੁਰੂ ਹੋਈ ਸੀ ਕਿ ਬਾਲੀਵੁੱਡ ਨੂੰ ਮੁੜ ਕਿਵੇਂ ਲੀਹਾਂ 'ਤੇ ਲਿਆਂਦਾ ਜਾ ਸਕਦਾ ਹੈ ਤਾਂ ਕੁਝ ਵੱਡੇ ਫਿਲਮਸਾਜ਼ਾਂ ਨੇ ਕਿਹਾ ਸੀ ਕਿ ਜੇ ਸਿਤਾਰੇ ਫ਼ੀਸ 'ਚ ਕਟੌਤੀ ਕਰ ਲੈਣ ਤਾਂ ਫ਼ਿਲਮ ਦੀ ਬਾਕੀ ਟੀਮ ਮੈਂਬਰ ਵੀ ਫ਼ੀਸ ਘੱਟ ਕਰ ਦੇਣਗੇ, ਜਿਸ ਦਾ ਫ਼ਾਇਦਾ ਇੰਡਸਟਰੀ ਨੂੰ ਹੋਵੇਗਾ। ਮੌਜੂਦਾ ਸਥਿਤੀ ਨੂੰ ਵੇਖ ਕੇ ਤਾਂ ਇਹੀ ਆਖਿਆ ਜਾ ਸਕਦਾ ਹੈ ਕਿ ਹੁਣ ਮੁਨਾਫ਼ਾ ਮਹੱਤਵਪੂਰਨ ਨਹੀਂ ਰਿਹਾ ਸਗੋਂ ਫ਼ਿਲਮਾਂ ਦਾ ਬਣਦੇ ਰਹਿਣਾ ਬੇਹੱਦ ਜ਼ਰੂਰੀ ਹੈ।

ਅਸਲ 'ਚ ਇਸ ਤਾਲਾਬੰਦੀ ਦੀ ਸਥਿਤੀ 'ਚ ਫਿਲਮਸਾਜ਼ਾਂ ਨੂੰ ਆਰਥਿਕ ਪੱਖੋਂ ਵੱਡੀ ਮਾਰ ਪਾਈ ਹੈ। ਬਹੁਤੀਆਂ ਫ਼ਿਲਮਾਂ ਤਾਂ ਅਜਿਹੀਆਂ ਹਨ, ਜਿਨ੍ਹਾਂ ਦੀ ਸ਼ੂਟਿੰਗ ਕੀਤੇ ਬਿਨਾਂ ਹੀ ਫਿਲਮਸਾਜ਼ਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਅਤੇ ਪੈ ਰਿਹਾ ਹੈ। ਉਸ ਤੋਂ ਵੀ ਵੱਡੀ ਮੁਸ਼ਕਲ ਉਨ੍ਹਾਂ ਫਿਲਮਸਾਜ਼ਾਂ ਲਈ ਹੈ, ਜਿਨ੍ਹਾਂ ਦੀਆਂ ਫ਼ਿਲਮਾਂ ਬਣ ਕੇ ਤਿਆਰ ਹਨ ਅਤੇ ਪਿਛਲੇ ਤਿੰਨ ਮਹੀਨੇ ਤੋਂ ਰਿਲੀਜ਼ ਲਈ ਰੁਕੀਆਂ ਹੋਈਆਂ ਹਨ। ਅਜਿਹੀ ਸਥਿਤੀ 'ਚ ਜਿਨ੍ਹਾਂ ਫਿਲਮਸਾਜ਼ਾਂ ਨੂੰ ਅਜੇ ਪਹਿਲੀ ਬਣੀ ਫਿਲਮ ਤੋਂ ਹੀ ਇਕ ਰੁਪਏ ਦੀ ਕਮਾਈ ਨਹੀਂ ਹੋਈ। ਉਹ ਅਗਲੀ ਫ਼ਿਲਮ ਬਣਾਉਣ ਬਾਰੇ ਕਿਵੇਂ ਸੋਚ ਸਕਦੇ ਹਨ। ਇਸ ਲਈ ਫਿਲਮਸਾਜ਼ਾਂ ਦੀਆਂ ਕਾਫ਼ੀ ਮੁਸ਼ਲਕਾਂ ਦਾ ਹੱਲ ਹੋ ਸਕਦਾ ਹੈ। ਜੇ ਸਿਤਾਰੇ ਆਪਣੀ ਫ਼ੀਸ 'ਚ ਕਟੌਤੀ ਕਰਵਾਉਣ ਲਈ ਰਾਜ਼ੀ ਹੋ ਜਾਣ। ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਤਾਰੇ ਕਿ ਚਾਹੁੰਦੇ ਹਨ।

ਫਿਲਮਸਾਜ਼ਾਂ ਦਾ ਸਾਥ ਦੇਣ ਚਾਹੀਦਾ : ਮਾਧੁਰੀ
ਹਾਲ ਹੀ 'ਚ ਇੰਟਰਵਿਊ ਦੌਰਾਨ ਮਾਧੁਰੀ ਦੀਕਸ਼ਿਤ ਨੇ ਕਿਹਾ ਕਿ 'ਸਾਨੂੰ ਪ੍ਰੋਡਿਊਸਰਜ਼ ਦਾ ਸਾਥ ਦੇਣ ਦੀ ਜ਼ਰੂਰਤ ਹੈ। ਜੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਮੁੜ ਕੰਮ ਠੀਕ ਢੰਗ ਨਾਲ ਸ਼ੁਰੂ ਹੋਵੇ ਤਾਂ ਇਸ ਲਈ ਸਾਨੂੰ ਆਪਣੀ ਫ਼ੀਸ 'ਚ ਕਟੌਤੀ ਵੀ ਕਰਨੀ ਚਾਹੀਦੀ ਹੈ। ਜੇ ਸਿਤਾਰੇ ਚਾਹੁੰਦੇ ਹਨ ਕਿ ਫ਼ਿਲਮ ਉਦਯੋਗ ਮੁੜ ਤੋਂ ਪਹਿਲਾਂ ਵਾਂਗ ਹੀ ਹੋ ਜਾਵੇ, ਤਾਂ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਲਈ ਮੈਂ ਆਪਣੇ ਪ੍ਰੋਡਿਊਸਰਜ਼ ਨਾਲ ਖੜ੍ਹੀ ਰਹਾਂਗੀ।'
ਦੱਸਣਯੋਗ ਹੈ ਕਿ ਇਸ ਸਮੇਂ ਮਾਧੁਰੀ ਦੀਕਸ਼ਿਤ ਕੋਲ ਕਈ ਫ਼ਿਲਮਾਂ ਚੱਲ ਰਹੀਆਂ ਹਨ, ਜਿਨ੍ਹਾਂ 'ਚ ਉਹ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਫ਼ੀਸ ਕਟੌਤੀ ਲਈ ਤਿਆਰ ਹਾਂ : ਕਾਰਤਿਕ
ਨੌਜਵਾਨ ਪੀੜ੍ਹੀ ਦੇ ਪਸੰਦੀਦਾ ਹੀਰੋ ਕਾਰਤਿਕ ਆਰਿਅਨ ਨੇ ਵੀ ਫ਼ੀਸ 'ਚ ਕਟੌਤੀ ਕਰਨ ਨੂੰ ਲੈ ਕੇ ਆਪਣੀ ਇੱਛਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ 'ਮੈਂ ਕਿਸੇ ਦੀ ਨੌਕਰੀ ਨਹੀਂ ਖੋਹਣੀ ਚਾਹੁੰਦਾ। ਇਸ ਦਾ ਇਕ ਹੱਲ ਹੋਣਾ ਚਾਹੀਦਾ, ਜਿਸ ਨਾਲ ਕਿ ਸਮੱਸਿਆ ਪੈਦਾ ਨਾ ਹੋਵੇ ਅਤੇ ਪ੍ਰੋਡਿਊਸਰਜ਼ ਵੀ ਬਚ ਜਾਣ। ਫ਼ਿਲਮ ਉਦਯੋਗ ਨੂੰ ਇਕ ਸਾਥ ਅੱਗੇ ਲਿਆਉਣਾ ਅਤੇ ਫਿਰ ਤੋਂ ਕੰਮ ਸ਼ੁਰੂ ਕਰਨ ਲਈ ਜੋ ਕੁਝ ਵੀ ਕਰਨਾ ਹੋਵੇਗਾ ਮੈਂ ਉਸ ਦੇ ਲਈ ਤਿਆਰ ਹਾਂ। ਅਸੀਂ ਜੋ ਵੀ ਸਮੂਹਿਕ ਰੂਪ ਤੋਂ ਕਰਨ ਦਾ ਫ਼ੈਸਲਾ ਕਰਾਂਗੇ, ਮੈਂ ਕਰੂੰਗਾ।'

ਸਾਨੂੰ ਫ਼ੀਸ ਘੱਟ ਕਰਨੀ ਹੀ ਪਵੇਗੀ : ਤਾਪਸੀ ਪਨੂੰ
ਹੁਣ ਤਕ 'ਨਾਮ ਸ਼ੁਬਾਨਾ', 'ਬਦਲਾ', 'ਜੁੜਵਾ 2', 'ਮਿਸ਼ਨ ਮੰਗਲ', 'ਸਾਂਢ ਕੀ ਆਂਖ' ਵਰਗੀਆਂ ਫ਼ਿਲਮਾਂ 'ਚ ਦਮਦਾਰ ਕਿਰਦਾਰ ਨਿਭਾ ਚੁੱਕੀ ਤਾਪਸੀ ਪੰਨੂ ਵੀ ਫ਼ੀਸ 'ਚ ਕਟੌਤੀ ਕਰਨ ਦੇ ਹੱਕ 'ਚ ਹੈ। ਤਾਪਸੀ ਨੇ ਕਿਹਾ ਕਿ 'ਕਿਉਂਕਿ ਅਜੇ ਕੋਈ ਸ਼ੂਟਿੰਗ ਨਹੀਂ ਹੋ ਰਹੀ ਤਾਂ ਸਾਨੂੰ ਕੋਈ ਤਨਖ਼ਾਹ ਨਹੀਂ ਮਿਲ ਰਹੀ। ਅੱਗੇ ਜਦੋਂ ਕੰਮ ਸ਼ੁਰੂ ਹੋਵੇਗਾ ਅਤੇ ਸਾਨੂੰ ਤਨਖ਼ਾਹ 'ਚ ਕਟੌਤੀ ਕਰਵਾਉਣੀ ਪਵੇਗੀ ਤਾਂ ਮੈਂ ਤਿਆਰ ਹਾਂ।' ਇਨ੍ਹਾਂ ਸਿਤਾਰਿਆਂ ਨੇ ਤਾਂ ਸਾਫ਼ ਕਰ ਦਿੱਤਾ ਕਿ ਉਹ ਹਿੰਦੀ ਸਿਨੇਮਾ ਨੂੰ ਮੁੜ ਪੈਰਾਂ 'ਤੇ ਲੈ ਕੇ ਆਉਣ 'ਚ ਆਪਣਾ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਹੋਰ ਕਿੰਨੇ ਕੁ ਸਿਤਾਰੇ ਆਪਣੀ ਫ਼ੀਸ 'ਚ ਕਟੌਤੀ ਕਰਨ ਲਈ ਤਿਆਰ ਹੁੰਦੇ ਹਨ ਤਾਂ ਜੋ ਫਿਲਮਸਾਜ਼ ਦੀਆਂ ਮੁਸ਼ਕਲਾਂ ਘੱਟ ਹੋ ਸਕਣ। ਉਮੀਦ ਕਰਦੇ ਹਾਂ ਕਿ ਕੋਰੋਨਾ ਵਰਗੇ ਖ਼ਤਰਨਾਕ ਵਾਇਰਸ ਤੋਂ ਜਲਦ ਹੀ ਛੁਟਕਾਰਾ ਮਿਲੇਗਾ ਅਤੇ ਇਕ ਵਾਰ ਮੁੜ ਮਨੋਰੰਜਨ ਦੀ ਦੁਨੀਆ 'ਚ ਰੌਣਕ ਪਰਤੇਗੀ।


sunita

Content Editor

Related News