10 ਸਾਲਾਂ ਬਾਅਦ ਪਰਦੇ ’ਤੇ ਇਕੱਠੇ ਧੁੰਮਾਂ ਪਾਉਣ ਲਈ ਤਿਆਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ
Tuesday, Nov 02, 2021 - 09:33 AM (IST)
ਜਲੰਧਰ (ਰਾਹੁਲ ਸਿੰਘ)– 5 ਨਵੰਬਰ ਨੂੰ ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਰਿਲੀਜ਼ ਹੋਣ ਜਾ ਰਹੀ ਹੈ। ਦੀਵਾਲੀ ਮੌਕੇ ਗਿੱਪੀ ਗਰੇਵਾਲ ਆਪਣੇ ਚਾਹੁਣ ਵਾਲਿਆਂ ਲਈ ਕੁਝ ਵੱਖਰਾ ਲੈ ਕੇ ਆ ਰਹੇ ਹਨ। ਫ਼ਿਲਮ ’ਚ ਗਿੱਪੀ ਗਰੇਵਾਲ ਨਾਲ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੀ ਹੈ, ਉਥੇ ਕਈ ਹੋਰ ਮਸ਼ਹੂਰ ਸਿਤਾਰੇ ਵੀ ਫ਼ਿਲਮ ’ਚ ਦੇਖਣ ਨੂੰ ਮਿਲਣਗੇ। ਨਰੇਸ਼ ਕਥੂਰੀਆ ਵਲੋਂ ਲਿਖੀ ਤੇ ਵਿਜੇ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਪ੍ਰਮੋਸ਼ਨ ਵੀ ਇਨ੍ਹੀਂ ਦਿਨੀਂ ਵੱਡੇ ਪੱਧਰ ’ਤੇ ਹੋ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨੇ ਐਂਕਰ ਨੇਹਾ ਮਨਹਾਸ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸਵਾਲ : ਫ਼ਿਲਮ ’ਚ ਤੁਹਾਡੀ ਲੁੱਕ ਕਾਫੀ ਵੱਖਰੀ ਹੈ। ਇਸ ਦੀ ਚੋਣ ਕਿਵੇਂ ਹੋਈ?
ਗਿੱਪੀ ਗਰੇਵਾਲ : ਜਦੋਂ ਮੈਨੂੰ ਪਹਿਲੀ ਵਾਰ ਇਹ ਫ਼ਿਲਮ ਸੁਣਾਈ ਗਈ ਤਾਂ ਉਸ ਸਮੇਂ ਇਹ ਲੁੱਕ ਬਿਲਕੁਲ ਵੀ ਨਹੀਂ ਸੀ। ਉਦੋਂ ਇਹ ਅੱਜ ਦੇ ਸਮੇਂ ਦੀ ਫ਼ਿਲਮ ਸੀ, 1980 ਦੇ ਦਹਾਕੇ ਦੀ ਨਹੀਂ। ਜਦੋਂ ਮੈਨੂੰ ਲੱਗਾ ਕਿ ਕਹਾਣੀ ਠੀਕ ਹੈ, ਫਿਰ ਅਸੀਂ ਵਿਜੇ ਕੁਮਾਰ ਅਰੋੜਾ ਨਾਲ ਗੱਲਬਾਤ ਕੀਤੀ। ਇਨ੍ਹਾਂ ਨੇ ਫਿਰ ਨਰੇਸ਼ ਕਥੂਰੀਆ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਕਿ ਇਸ ਨੂੰ 80 ਦੇ ਦਹਾਕੇ ਦੀ ਫ਼ਿਲਮ ਬਣਾਇਆ ਜਾਵੇ। ਫਿਰ ਵੱਖ-ਵੱਖ ਲੁੱਕਸ ਟੈਸਟ ਹੋਈਆਂ, ਇਸ ’ਚ ਕਾਫੀ ਸਮਾਂ ਲੱਗਾ। ਅਖੀਰ ’ਚ ਇਹ ਲੁੱਕ ਮੇਰੀ ਸਾਹਮਣੇ ਆਈ।
ਸਵਾਲ : ਤੁਹਾਡੀ ਲੁੱਕ ਬਹੁਤ ਸਾਦੀ ਦਿਖਾਈ ਗਈ ਹੈ? ਕੀ ਕੋਈ ਮੇਕਅੱਪ ਵੀ ਨਹੀਂ ਕੀਤਾ ਫ਼ਿਲਮ ’ਚ ਤੁਸੀਂ?
ਨੀਰੂ ਬਾਜਵਾ : ਮੈਂ ਡਾਇਰੈਕਟਰ ਦੇ ਕਹਿਣੇ ’ਤੇ ਚੱਲਣ ਵਾਲੀ ਅਦਾਕਾਰਾ ਹਾਂ। ਜੋ ਡਾਇਰੈਕਟਰ ਕਹਿੰਦਾ ਹੈ, ਮੈਂ ਉਹੀ ਕਰਦੀ ਹਾਂ। ਹਾਂ, ਪਹਿਲੇ ਦਿਨ ਮੈਂ ਮੇਕਅੱਪ ਜ਼ਰੂਰ ਕੀਤਾ ਸੀ ਪਰ ਉਹ ਵੀ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਨੇ ਹਟਾਉਣ ਲਈ ਕਹਿ ਦਿੱਤਾ। ਮੈਨੂੰ ਵਿਜੇ ਕੁਮਾਰ ਅਰੋੜਾ ’ਤੇ ਭਰੋਸਾ ਸੀ ਕਿ ਉਹ ਜੋ ਕਹਿਣਗੇ ਠੀਕ ਹੀ ਹੋਵੇਗਾ, ਇਸ ਲਈ ਬਿਨਾਂ ਮੇਕਅੱਪ ਤੋਂ ਇਸ ਫ਼ਿਲਮ ਨੂੰ ਮੈਂ ਸ਼ੂਟ ਕੀਤਾ।
ਸਵਾਲ : ਫ਼ਿਲਮ ਦੀ ਕਹਾਣੀ ਨੂੰ ਅੱਜ ਦੇ ਸਮੇਂ ਤੋਂ ਬਦਲ ਕੇ 80 ਦੇ ਦਹਾਕੇ ਦੀ ਦਿਖਾਉਣ ’ਤੇ ਕੀ ਕਹੋਗੇ?
ਗਿੱਪੀ : ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਫ਼ੈਸਲਾ ਸੀ। ਪਹਿਲਾਂ ਇਹ ਆਰਡੀਨਰੀ ਫ਼ਿਲਮ ਸੀ, ਹੁਣ ਇਹ ਐਕਸਟਰਾ ਆਰਡੀਨਰੀ ਬਣ ਗਈ ਹੈ ਕਿਉਂਕਿ ਅੱਜ ਦੇ ਸਮੇਂ ’ਚ 80 ਦੇ ਦਹਾਕੇ ਨੂੰ ਦਿਖਾਉਣਾ, ਉਹ ਵੀ ਇੰਗਲੈਂਡ ਨੂੰ, ਕਾਫੀ ਮੁਸ਼ਕਿਲ ਸੀ। ਭਾਵੇਂ ਗੱਡੀਆਂ ਹੋਣ, ਲੋਕ ਹੋਣ ਜਾਂ ਲੁੱਕ ਹੋਵੇ, ਇਸ ਨਾਲ ਬੇਸ਼ੱਕ ਡਾਇਰੈਕਟਰ ਦੀ ਮਿਹਨਤ ਵਧੀ ਤੇ ਪ੍ਰੋਡਿਊਸਰ ਦੇ ਪੈਸੇ ਵੀ ਲੱਗੇ ਪਰ ਇਹ ਕਾਫੀ ਮਜ਼ੇਦਾਰ ਰਿਹਾ।
ਸਵਾਲ : ਜਦੋਂ ਕੋਈ ਫ਼ਿਲਮ ਫਲਾਪ ਹੁੰਦੀ ਹੈ ਤਾਂ ਤੁਹਾਨੂੰ ਕਿੰਨਾ ਬੁਰਾ ਲੱਗਦਾ ਹੈ?
ਨੀੂਰ : ਜਦੋਂ ਫ਼ਿਲਮ ਬਣਾਉਂਦੇ ਸਮੇਂ ਪਤਾ ਲੱਗ ਜਾਵੇ ਕਿ ਫ਼ਿਲਮ ਸਹੀ ਨਹੀਂ ਬਣ ਰਹੀ ਤਾਂ ਉਹ ਜੇਕਰ ਫਲਾਪ ਹੋ ਜਾਂਦੀ ਹੈ ਤਾਂ ਬੁਰਾ ਨਹੀਂ ਲੱਗਦਾ ਪਰ ਜਦੋਂ ਵਧੀਆ ਫ਼ਿਲਮ ਫਲਾਪ ਹੁੰਦੀ ਹੈ ਤਾਂ ਬੇਹੱਦ ਦੁਖੀ ਮਹਿਸੂਸ ਹੁੰਦਾ ਹੈ। ਹਰ ਫ਼ਿਲਮ ਇੰਨੀ ਮਿਹਨਤ ਕਰਕੇ ਬਣਾਈ ਜਾਂਦੀ ਹੈ। ਤੁਸੀਂ ਘਰ ਛੱਡ ਕੇ ਸ਼ੂਟਿੰਗ ਕਰਦੇ ਹੋ, ਇਕ ਪ੍ਰਾਜੈਕਟ ਨੂੰ ਸਮਾਂ ਦਿੰਦੇ ਹੋ ਤੇ ਪਤਾ ਹੋਣ ਦੇ ਬਾਵਜੂਦ ਕਿ ਇਹ ਫ਼ਿਲਮ ਸਹੀ ਬਣੀ ਹੈ, ਉਹ ਫਲਾਪ ਹੋ ਜਾਵੇ ਤਾਂ ਝਟਕਾ ਲੱਗ ਜਾਂਦਾ ਹੈ।
ਸਵਾਲ : ਕਰੀਅਰ ਨੂੰ ਲੈ ਕੇ ਜੋ ਤੁਸੀਂ ਸੋਚਿਆ ਸੀ, ਕੀ ਉਸ ਮੁਕਾਮ ’ਤੇ ਤੁਸੀਂ ਪਹੁੰਚ ਚੁੱਕੇ ਹੋ?
ਗਿੱਪੀ : ਮੈਨੂੰ ਲੱਗਦਾ ਹੈ ਕਿ ਅਜੇ ਅਸੀਂ ਆਪਣੇ ਕਰੀਅਰ ’ਚ ਕੁਝ ਵੀ ਨਹੀਂ ਕੀਤਾ ਹੈ। ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਆਸਕਰ ਮਿਲਦਾ ਹੈ, ਉਹ ਵੀ ਕਿੰਨੀ ਮਿਹਨਤ ਕਰਦੇ ਹਨ ਤੇ ਵਧੀਆ ਪ੍ਰੋਡਕਟ ਬਣਾਉਂਦੇ ਹਨ। ਅਸੀਂ ਕਿਸੇ ਦੀ ਗਲਤੀ ਕੱਢਣ ਲੱਗੇ ਇਕ ਮਿੰਟ ਲਗਾਉਂਦੇ ਹਾਂ। ਅਜੇ ਤਾਂ ਸਾਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਵੱਖ-ਵੱਖ ਵਿਸ਼ੇ ਚਲਾਉਣ ਦੀ ਲੋੜ ਹੈ। ਫ਼ਿਲਮਾਂ ਦੇ ਕੰਸੈਪਟ ਵੱਡੇ ਕਰਨ ਦੀ ਲੋੜ ਹੈ।
ਸਵਾਲ : ਫ਼ਿਲਮ ਦੀ ਤਾਰੀਖ਼ 4 ਨਵੰਬਰ ਦੀ ਥਾਂ 5 ਨਵੰਬਰ ਕਿਉਂ ਕੀਤੀ?
ਗਿੱਪੀ : ਜਦੋਂ ਅਸੀਂ ਫ਼ਿਲਮ ਦੀ ਤਾਰੀਖ਼ ਦਾ ਐਲਾਨ ਕੀਤਾ ਸੀ, ਉਦੋਂ ਅਸੀਂ ਕਿਹਾ ਸੀ ਕਿ ਇਹ ਦੀਵਾਲੀ ਮੌਕੇ ਆਵੇਗੀ। ਅਸੀਂ ਸੋਚਿਆ ਸੀ ਕਿ 4 ਨਵੰਬਰ ਨੂੰ ਦੀਵਾਲੀ ਹੈ ਤੇ 4 ਨੂੰ ਰਿਲੀਜ਼ ਕਰ ਦਿਆਂਗੇ ਪਰ ਇਸ ਮੌਕੇ ਲੋਕਾਂ ਨੇ ਆਪਣੇ ਕੰਮਕਾਜ ’ਚ ਰੁੱਝੇ ਹੋਣਾ ਹੈ। 5 ਨਵੰਬਰ ਨੂੰ ਛੁੱਟੀ ਹੈ, ਫਿਰ ਪੂਰਾ ਵੀਕੈਂਡ ਹੈ, ਸੋ 3 ਦਿਨ ਦੀਵਾਲੀ ਦਾ ਫੈਸਟੀਵਲ ਚੱਲੇਗਾ ਸਿਨੇਮਾਘਰਾਂ ’ਚ।
ਸਵਾਲ : ਪੁਰਾਣੇ ਸਮੇਂ ਦੇ ਕਿਹੜੇ ਕਲਾਕਾਰਾਂ ਨੂੰ ਸੁਣਨਾ ਪਸੰਦ ਕਰਦੇ ਹੋ?
ਨੀਰੂ : ਪੁਰਾਣੇ ਸਮੇਂ ਦੀ ਜੋੜੀ ਦੀ ਜੇਕਰ ਗੱਲ ਕਰੀਏ ਤਾਂ ਅਮਰਜੋਤ-ਚਮਕੀਲਾ ਜੀ ਮੈਨੂੰ ਬਹੁਤ ਪਸੰਦ ਹਨ। ਇਸ ਤੋਂ ਇਲਾਵਾ ਜੇਕਰ ਮੈਂ ਗਾਇਕਾ ਦੀ ਗੱਲ ਕਰਾਂ ਤਾਂ ਮੈਨੂੰ ਸੁਰਿੰਦਰ ਕੌਰ ਜੀ ਬਹੁਤ ਵਧੀਆ ਲੱਗਦੇ ਹਨ। ਮੈਂ ਉਨ੍ਹਾਂ ਨੂੰ ਸੁਣਨਾ ਪਸੰਦ ਕਰਦੀ ਹਾਂ।
ਸਵਾਲ : ਅਦਾਕਾਰੀ ਕਰਨ ਵੇਲੇ ਸਿਰਫ ਕਲਾਕਾਰ ਵਾਂਗ ਸੋਚਦੇ ਹੋ ਜਾਂ ਡਾਇਰੈਕਟਰ ਵਾਂਗ ਵੀ?
ਗਿੱਪੀ : ਮੈਂ ਜਦੋਂ ਕੋਈ ਫ਼ਿਲਮ ਅਦਾਕਾਰ ਦੇ ਰੂਪ ’ਚ ਕਰਦਾ ਹਾਂ ਤਾਂ ਮੈਂ ਆਪਣਾ ਡਾਇਰੈਕਟ ਵਾਲਾ ਦਿਮਾਗ ਨਹੀਂ ਚਲਾਉਂਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਫ਼ਿਲਮ ਸਿਰਫ ਇਕ ਬੰਦਾ ਹੀ ਬਣਾਉਂਦਾ ਹੈ, ਉਹ ਹੈ ਡਾਇਰੈਕਟਰ। ਜੇ ਮੈਂ ਆਪਣਾ ਡਾਇਰੈਕਟਰ ਵਾਲਾ ਦਿਮਾਗ ਚਲਾਉਂਦਾ ਤਾਂ ਫ਼ਿਲਮ ਕੁਝ ਹੋਰ ਹੀ ਬਣ ਜਾਣੀ ਸੀ। ਕੋਈ ਵੀ ਡਾਇਰੈਕਟਰ ਹੋਵੇ, ਮੈਂ ਅਦਾਕਾਰ ਦੇ ਰੂਪ ’ਚ ਹੀ ਕੰਮ ਕਰਦਾ ਹਾਂ।