ਯੂ. ਕੇ. ’ਚ ਜੇਲ੍ਹ ਕੱਟਣ ਤੇ ਡਿਪੋਰਟ ਹੋਣ ਤੋਂ ਬਾਅਦ ਵੀ ਗੈਰੀ ਸੰਧੂ ਨੇ ਨਹੀਂ ਹਾਰੀ ਹਿੰਮਤ, ਇੰਝ ਪਹੁੰਚੇ ਬੁਲੰਦੀਆਂ ’ਤ

04/04/2021 3:46:50 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਗੈਰੀ ਸੰਧੂ ਅੱਜ 37 ਸਾਲਾਂ ਦੇ ਹੋ ਗਏ ਹਨ। ਗੈਰੀ ਸੰਧੂ ਦਾ ਜਨਮ 4 ਅਪ੍ਰੈਲ, 1984 ਨੂੰ ਪਿੰਡ ਰੁੜਕਾ ਕਲਾਂ, ਗੁਰਾਇਆ ਜ਼ਿਲਾ ਜਲੰਧਰ ਵਿਖੇ ਹੋਇਆ। ਗੈਰੀ ਸੰਧੂ ਦਾ ਅਸਲੀ ਨਾਂ ਗੁਰਮੁਖ ਸਿੰਘ ਸੰਧੂ ਹੈ। ਗੈਰੀ ਸੰਧੂ ਨੇ ਆਪਣੀ ਮੁਢਲੀ ਪੜ੍ਹਾਈ ਸਰਕਾਰੀ ਸਕੂਲ, ਰੁੜਕਾ ਕਲਾਂ ਤੋਂ ਪੂਰੀ ਕੀਤੀ। ਗੈਰੀ ਪੜ੍ਹਾਈ ’ਚ ਹੁਸ਼ਿਆਰ ਨਹੀਂ ਸਨ ਤੇ ਸਕੂਲੋਂ ਅਕਸਰ ਭੱਜ ਆਉਂਦੇ ਸਨ। ਗੈਰੀ 10ਵੀਂ ਜਮਾਤ ਤੋਂ ਇਕ ਵਾਰ ਫੇਲ੍ਹ ਵੀ ਹੋ ਚੁੱਕੇ ਹਨ।

PunjabKesari

ਗੈਰੀ ਸੰਧੂ ਨੂੰ ਖੇਡਾਂ ਦਾ ਬਹੁਤ ਸ਼ੌਕ ਹੈ ਤੇ ਉਨ੍ਹਾਂ ਨੂੰ ਫੁੱਟਬਾਲ ਖੇਡਣਾ ਬੇਹੱਦ ਪਸੰਦ ਹੈ। ਜਦੋਂ ਗੈਰੀ 13 ਸਾਲਾਂ ਦੇ ਸਨ, ਉਦੋਂ ਉਨ੍ਹਾਂ ਨੇ ਗੁਰਦੀਪ ਸਿੰਘ ਨਾਂ ਦੇ ਸ਼ਖਸ ਕੋਲੋਂ ਕਵਿਸ਼ਰੀ ਸਿੱਖੀ ਤੇ ਗੁਰਦੁਆਰਾ ਸਾਹਿਬ ’ਚ ਆਪਣੇ ਦੋਸਤ ਜੱਗੀ ਸੰਧੂ ਨਾਲ ਧਾਰਮਿਕ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਗੈਰੀ 17 ਸਾਲਾਂ ਦੇ ਹੋਏ ਤਾਂ ਉਹ ਇੰਗਲੈਂਡ ਚੱਲੇ ਗਏ, ਜਿਥੇ ਉਨ੍ਹਾਂ ਦਿਹਾੜੀਆਂ ਲਗਾਈਆਂ। ਇਸ ਤੋਂ ਇਲਾਵਾ ਉਹ ਸੇਲਜ਼ਮੈਨ ਦਾ ਵੀ ਕੰਮ ਕਰ ਚੁੱਕੇ ਹਨ। ਗੈਰੀ ਨੇ ਇੰਗਲੈਂਡ ਵਿਖੇ ਰਹਿ ਕੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਤੇ ਇਸ ਤੋਂ 8 ਸਾਲਾਂ ਬਾਅਦ ਉਨ੍ਹਾਂ ਨੇ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ।

PunjabKesari

ਗੈਰੀ ਨੇ 2010 ’ਚ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਗੈਰੀ ਦਾ ਪਹਿਲਾ ਗੀਤ ‘ਮੈਂ ਨੀ ਪੀਂਦਾ ਹਾਣ ਦੀਏ ਤੇਰਾ ਇਸ਼ਕ ਪਿਆਉਂਦਾ ਨੀ’ ਹੈ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਗੈਰੀ ਨੇ ‘ਦਿਲ ਦੇ ਦੇ’, ‘ਫਰੈੱਸ਼’, ‘ਸਾਹਾਂ ਤੋਂ ਪਿਆਰਿਆ’ ਤੇ ‘ਟੌਹਰ’ ਵਰਗੇ ਗੀਤ ਰਿਲੀਜ਼ ਕੀਤੇ।

PunjabKesari

2011 ’ਚ ਗੈਰੀ ਸੰਧੂ ਨੂੰ ਬ੍ਰਿਟ ਏਸ਼ੀਆ ਐਵਾਰਡਸ ’ਚ ‘ਬੈਸਟ ਮੇਲ ਐਕਟ’ ਦਾ ਐਵਾਰਡ ਦਿੱਤਾ ਗਿਆ। ਗੈਰੀ ਦੀ ਪਹਿਲੀ ਐਲਬਮ ’ਚ 7 ਗੀਤ ਸਨ, ਜੋ ਗੈਰੀ ਨੇ ਖੁਦ ਲਿਖੇ ਸਨ। 2013 ’ਚ ਗੈਰੀ ਨੇ ਧਾਰਮਿਕ ਗੀਤ ‘ਇਕ ਤੇਰਾ ਸਹਾਰਾ’ ਗਾਇਆ, ਜਿਸ ਨੂੰ ਅੱਜ ਤਕ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਗੈਰੀ ਸੰਧੂ ਦੇ ਹਿੱਟ ਗੀਤਾਂ ਦੀ ਲਿਸਟ ਬੇਹੱਦ ਲੰਬੀ ਹੈ, ਜੋ ਇਥੇ ਫਿੱਟ ਹੋਣੀ ਮੁਸ਼ਕਿਲ ਹੈ।

PunjabKesari

ਗੈਰੀ ਨੇ ਸਾਲ 2014 ’ਚ ਆਪਣਾ ਫ਼ਿਲਮੀ ਸਫਰ ਵੀ ਸ਼ੁਰੂ ਕੀਤਾ ਸੀ। ਗੈਰੀ ਦੀ ਪਹਿਲੀ ਫ਼ਿਲਮ ‘ਰੋਮੀਓ ਰਾਂਝਾ’ ਸੀ, ਜਿਸ ’ਚ ਉਨ੍ਹਾਂ ਨਾਲ ਜੈਜ਼ੀ ਬੀ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ‘ਚੱਲ ਮੇਰਾ ਪੁੱਤ 2’ ਫ਼ਿਲਮ ’ਚ ਵੀ ਨਜ਼ਰ ਆ ਚੁੱਕੇ ਹਨ। ਗੈਰੀ ਦਾ ਮਿਊਜ਼ਿਕ ਲੇਬਲ ‘ਫਰੈੱਸ਼ ਮੀਡੀਆ ਰਿਕਾਰਡਸ’ ਵੀ ਹੈ, ਜਿਥੇ ਉਹ ਆਪਣੇ ਗੀਤ ਰਿਲੀਜ਼ ਕਰਦੇ ਹਨ। ਇਸ ਤੋਂ ਇਲਾਵਾ ਫਰੈੱਸ਼ ਨਾਂ ਤੋਂ ਗੈਰੀ ਦੀ ਕਲੋਥਿੰਗ ਲਾਈਨ ਵੀ ਹੈ, ਜਿਸ ਦੇ ਸਟੋਰ ਜਲੰਧਰ, ਅੰਮ੍ਰਿਤਸਰ ਤੇ ਬਟਾਲਾ ਵਿਖੇ ਮੌਜੂਦ ਹਨ।

PunjabKesari

‘ਇਕ ਤੇਰਾ ਸਹਾਰਾ’ ਗੀਤ ਤੋਂ ਪਹਿਲਾਂ ਗੈਰੀ ਸੰਧੂ ਯੂ. ਕੇ. ਤੋਂ ਡਿਪੋਰਟ ਵੀ ਹੋਏ ਸਨ। ਗੈਰੀ ਯੂ. ਕੇ. ’ਚ ਵੱਖਰੀ ਪਛਾਣ ਨਾਲ ਰਹਿ ਰਹੇ ਸਨ। ਗੈਰੀ ਨੂੰ ਇਸ ਲਈ 4 ਦਿਨਾਂ ਲਈ ਜੇਲ੍ਹ ਵੀ ਜਾਣਾ ਪਿਆ ਸੀ।

ਗੈਰੀ ਸੰਧੂ ਦਾ ਇਕ ਵੱਡਾ ਭਰਾ ਵੀ ਹੈ, ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਹੁਣ ਇਸ ਦੁਨੀਆ ’ਚ ਨਹੀਂ ਰਹੇ। ਉਥੇ ਗੈਰੀ ਸੰਧੂ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨਾਲ ਰਿਲੇਸ਼ਨ ’ਚ ਵੀ ਰਹਿ ਚੁੱਕੇ ਹਨ। ਫਿਲਹਾਲ ਦੋਵੇਂ ਅਲੱਗ-ਅਲੱਗ ਰਹਿ ਰਹੇ ਹਨ।

ਨੋਟ– ਗੈਰੀ ਸੰਧੂ ਬਾਰੇ ਤੁਹਾਨੂੰ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News