''ਕੰਗਨਾ ਰਣੌਤ'' ਦੇ ਹੱਕ ''ਚ ਉਤਰਿਆ ਜੇਲ੍ਹ ''ਚ ਬੰਦ ਇਹ ''ਗੈਂਗਸਟਰ'', ਦਿੱਤੀ ਭਿਆਨਕ ਬਦਲੇ ਦੀ ਧਮਕੀ
Saturday, Sep 12, 2020 - 08:06 AM (IST)
ਮੋਹਾਲੀ (ਪਰਦੀਪ) : ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਅਦਾਕਾਰਾ ਕੰਗਨਾ ਰਣੌਤ ਵਿਚਕਾਰ ਚੱਲ ਰਿਹਾ ਆਪਸੀ ਝਗੜਾ ਕਾਫੀ ਜ਼ਿਆਦਾ ਭੱਖਦਾ ਜਾ ਰਿਹਾ ਹੈ । ਕੰਗਨਾ ਖਿਲਾਫ਼ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਸ ਨੂੰ ਬਹੁਤ ਸਾਰੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਇੰਨਾ ਹੀ ਨਹੀਂ ਬੀ. ਐਮ. ਸੀ ਵੱਲੋਂ ਮੁੰਬਈ ਸਥਿਤ ਕੰਗਨਾ ਦਾ ਦਫ਼ਤਰ ਅਤੇ ਘਰ ਵੀ ਭੰਨ ਦਿੱਤਾ ਗਿਆ।
ਇਹ ਸਾਰਾ ਕੁਝ ਹੋਣ ਤੋਂ ਬਾਅਦ ਨਾਮੀ ਗੈਂਗਸਟਰ ਭੁੱਪੀ ਰਾਣਾ ਕੰਗਨਾ ਰਣੌਤ ਦੇ ਹੱਕ 'ਚ ਉਤਰੇ ਹਨ ਅਤੇ ਉਨ੍ਹਾਂ ਨੇ ਕੰਗਨਾ ਰਣੌਤ ਨੂੰ ਦੇਸ਼ ਦੀ ਬੇਟੀ ਕਹਿ ਕੇ ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਸਾਂਝੀ ਕੀਤੀ ਹੈ। ਸਾਂਝੀ ਕੀਤੀ ਗਈ ਇਸ ਪੋਸਟ 'ਚ ਭੁੱਪੀ ਰਾਣਾ ਨੇ ਕਿਹਾ ਹੈ ਕਿ ਮਹਾਂਰਾਸ਼ਟਰ ਸਰਕਾਰ ਦੇਸ਼ ਦੀ ਬੇਟੀ ਕੰਗਨਾ ਰਣੌਤ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੇਸ਼ ਦੀ ਬੇਟੀ ਦੇ ਖਿਲਾਫ਼ ਕੀਤੀ ਜਾ ਰਹੀ ਇਸ ਕੋਝੀ ਹਰਕਤ ਨੂੰ ਉਨ੍ਹਾਂ ਦੇ ਗਰੁੱਪ ਵੱਲੋਂ ਕਦੇ ਵੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਾਂਝੀ ਕੀਤੀ ਗਈ ਇਸ ਪੋਸਟ 'ਚ ਭੂਪੀ ਰਾਣਾ ਨੇ ਕਿਹਾ ਹੈ ਕਿ ਕੋਈ ਮੰਤਰੀ ਭਾਵੇਂ ਕਿੰਨਾ ਵੀ ਪਾਵਰਫੁੱਲ ਕਿਉਂ ਨਾ ਹੋਵੇ, ਜੇਕਰ ਉਸ ਨੇ ਕਿਸੇ ਵੀ ਤਰੀਕੇ ਦੇ ਨਾਲ ਦੇਸ਼ ਦੀ ਬੇਟੀ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਧਮਕੀ ਭਰੇ ਅੰਦਾਜ਼ 'ਚ ਭੂਪੀ ਰਾਣਾ ਨੇ ਕਿਹਾ ਹੈ ਕਿ ਉਹ ਕਿਸੇ ਦਾ ਵੀ ਉਧਾਰ ਨਹੀਂ ਰੱਖਦੇ, ਸਗੋਂ ਸੂਦ ਸਮੇਤ ਵਾਪਸ ਕਰਦੇ ਹਨ।
ਮਹਾਂਰਾਸ਼ਟਰ ਸਰਕਾਰ ਉਸ ਦੇ ਗਰੁੱਪ ਦੇ ਬਾਰੇ ਕਿਸੇ ਤੋਂ ਵੀ ਪਤਾ ਕਰ ਲਵੇ। ਸ਼ਿਵ ਸੈਨਾ ਦੇ ਮੁੱਖ ਬੁਲਾਰੇ ਸੰਜੇ ਰਾਓਤ ਨੂੰ ਸੰਬੋਧਨ ਕਰਦੇ ਹੋਏ ਭੂਪੀ ਰਾਣਾ ਨੇ ਕਿਹਾ ਕਿ ਉਂਝ ਤਾਂ ਤੁਸੀਂ ਕਹਿੰਦੇ ਹੋ ਕਿ ਮਹਾਂਰਾਸ਼ਟਰ ਮਰਾਠਿਆਂ ਦੀ ਧਰਤੀ ਹੈ ਅਤੇ 'ਜੈ ਮਹਾਰਾਸ਼ਟਰ ਜੈ ਮਹਾਰਾਸ਼ਟਰ' ਦਾ ਨਾਅਰਾ ਦਿੰਦੇ ਹੋ ਪਰ ਅੱਜ ਦੇਸ਼ ਦੀ ਹੀ ਬੇਟੀ ਦੇ ਨਾਲ ਕੀ ਹੋ ਰਿਹਾ ਹੈ? ਕੀ ਮਹਾਂਰਾਸ਼ਟਰ ਭਾਰਤ 'ਚ ਨਹੀਂ ਆਉਂਦਾ ਅਤੇ ਹਿਮਾਚਲ ਦੀ ਬੇਟੀ ਦੇਸ਼ ਦੀ ਬੇਟੀ ਨਹੀਂ ? ਭੂਪੀ ਰਾਣਾ ਨੇ ਕਿਹਾ ਕਿ ਮੈਂ ਇਕ ਵਾਰ ਫਿਰ ਤੋਂ ਕਹਿ ਰਿਹਾ ਹਾਂ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਹਨ, ਮੇਰੀ ਗੱਲ ਨੂੰ ਹਲਕੇ 'ਚ ਨਾ ਲੈਣਾ। ਕੰਗਨਾ ਰਣੌਤ ਨੂੰ ਨੁਕਸਾਨ ਪਹੁੰਚਾਉਣ ਦਾ ਬਦਲਾ ਬੇਹੱਦ ਭਿਆਨਕ ਹੋਵੇਗਾ ।