CANNES 2022: ਲੋਕ ਗਾਇਕ ਮਾਮੇ ਖਾਨ ਨੇ ਰਚਿਆ ਇਤਿਹਾਸ, ਰੈੱਡ ਕਾਰਪੇਟ ''ਚੇ ਚੱਲਣ ਵਾਲੇ ਬਣੇ ਪਹਿਲੇ ਭਾਰਤੀ ਕਲਾਕਾਰ
Thursday, May 19, 2022 - 03:17 PM (IST)
ਮੁੰਬਈ- ਰਾਜਸਥਾਨ ਦੇ ਪ੍ਰਸਿੱਧ ਲੋਕ ਕਲਾਕਾਰ ਮਾਮੇ ਖਾਨ ਨੇ ਇਤਿਹਾਸ ਰਚ ਦਿੱਤਾ ਹੈ। ਮਾਮੇ ਖਾਨ 75ਵੇਂ ਕਾਂਸ ਫਿਲਮ ਫੈਸਟੀਵਲ 'ਚ ਭਾਰਤੀ ਦਲ ਦੀ ਅਗਵਾਈ ਕਰਨ ਵਾਲੇ ਪਹਿਲੇ ਲੋਕ ਕਲਾਕਾਰ ਬਣ ਗਏ ਹਨ। ਉਨ੍ਹਾਂ ਦੀ ਇਸ ਉਪਲੱਬਧੀ 'ਤੇ ਸੀ.ਐੱਮ.ਅਸ਼ੋਕ ਗਹਿਲੋਤ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਮਾਮੇ ਖਾਨ ਰੈੱਡ ਕਾਰਪੇਟ 'ਤੇ ਮੰਗਲਵਾਰ ਨੂੰ ਆਪਣੀ ਰਸਮੀ ਪੋਸ਼ਾਕ 'ਚ ਨਜ਼ਰ ਆਏ। ਉਨ੍ਹਾਂ ਦੀ ਲੁਕ ਅਤੇ ਡਰੈੱਸ ਦੀ ਖੂਬ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੇ ਕਾਂਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਦੌਰਾਨ ਦੀਆਂ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਉਹ ਰਾਜਸਥਾਨ ਦੇ ਪਹਿਲੇ ਕਲਾਕਾਰ ਹਨ ਜਿਸ ਨੂੰ ਰੈੱਡ ਕਾਰਪੈਟ 'ਤੇ ਚੱਲਣ ਦਾ ਸਨਮਾਨ ਮਿਲਿਆ ਹੈ। ਉਨ੍ਹਾਂ ਦੇ ਨਾਲ ਇਸ ਫੈਸਟੀਵਲ 'ਚ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ, ਨਵਾਜ਼ੂਦੀਨ ਸਿਦਿੱਕੀ, ਦੀਪਿਕਾ ਪਾਦੁਕੋਣ ਅਤੇ ਏ.ਆਰ. ਰਹਿਮਾਨ ਸਮੇਤ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹਨ।
ਜੈਸਲਮੇਰ ਦੇ ਰਹਿਣ ਵਾਲੇ ਹਨ ਮਾਮੇ ਖਾਨ
ਮਾਮੇ ਖਾਨ ਰਾਜਸਥਾਨ ਦੇ ਜੈਸਲਮੇਰ ਦੇ ਇਕ ਛੋਟੇ ਜਿਹੇ ਪਿੰਡ ਸੱਤਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੀ ਆਵਾਜ਼ ਦਾ ਜਾਦੂ ਸਿਰਫ ਬਾਲੀਵੁੱਡ ਹੀ ਨਹੀਂ ਕਈ ਦੇਸ਼ਾਂ 'ਚ ਬਿਖੇਰਿਆ ਹੈ। ਉਹ ਰਾਜਸਥਾਨ ਦੇ ਮਾਂਗਣੀਯਾਰ ਭਾਈਚਾਰੇ 'ਚੋਂ ਹਨ। ਇਹ ਭਾਈਚਾਰਾ ਆਪਣੇ ਲੋਕ ਸੰਗੀਤ ਦੇ ਲਈ ਜਾਣਿਆ ਜਾਂਦਾ ਹੈ। ਬਚਪਨ ਤੋਂ ਹੀ ਮਾਮੇ ਸੰਗੀਤ ਦੇ ਮਾਹੌਲ 'ਚ ਵੱਡੇ ਹੋਏ ਹਨ। 12 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣਾ ਪਹਿਲਾਂ ਮਿਊਜ਼ਿਕ ਸ਼ੋਅ ਦਿੱਲੀ 'ਚ ਇੰਡੀਆ ਗੇਟ 'ਤੇ ਕੀਤਾ ਸੀ। ਰਾਜਸਥਾਨ 'ਚ ਉਹ ਆਪਣੇ ਪਿਤਾ ਦੇ ਨਾਲ ਵਿਆਹਾਂ 'ਚ ਵੀ ਜਾ ਕੇ ਗਾਇਆ ਕਰਦੇ ਸਨ।
ਬਾਲੀਵੁੱਡ 'ਚ ਗਾਏ ਹਨ ਕਈ ਬਿਹਤਰੀਨ ਗਾਣੇ
ਆਪਣੀ ਸੁਰੀਲੀ ਆਵਾਜ਼ ਨਾਲ ਸਭ ਨੂੰ ਮੋਹਨ ਵਾਲੇ ਮਾਮੇ ਖਾਨ ਨੂੰ ਪਦਮਸ਼੍ਰੀ ਐਵਾਰਡ ਵੀ ਮਿਲ ਚੁੱਕਾ ਹੈ। ਰਾਜਸਥਾਨ ਦੇ ਇਸ ਚਹੇਤੇ ਲੋਕ ਕਲਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਫਿਲਮਾਂ ਜਿਵੇਂ 'ਲਵ ਬਾਏ ਚਾਂਸ', 'ਨੋ ਵਨ ਕਿਲਡ ਜੇਸਿਕਾ' ਅਤੇ 'ਸੋਨਚੀਰੈਯਾ' ਲਈ ਗਾਣੇ ਗਾ ਚੁੱਕੇ ਹਨ। ਉਹ ਅਮਿਤ ਤ੍ਰਿਵੇਦੀ ਦੇ ਨਾਲ ਕੋਕ ਸਟੂਡੀਓ ਨਾਲ ਵੀ ਜੁੜੇ ਹੋਏ ਹਨ।
ਹਾਲ ਹੀ 'ਚ ਮਾਮੇ ਖਾਨ ਨੇ ਅਭਿਸ਼ੇਕ ਬੱਚਨ ਦੀ ਫਿਲਮ 'ਦੱਸਵੀਂ' ਦੇ ਗਾਣੇ 'ਮਹਾਰਾ ਮਨ ਹੋਯੋ ਨਖਰਾਲੋਂ' ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।