ਕੰਗਨਾ ਦੀ ਫ਼ਿਲਮ ''ਐਮਰਜੈਂਸੀ'' ’ਤੇ ਤੁਰੰਤ ਪਾਬੰਦੀ ਲਾਈ ਜਾਵੇ : ਜਗਦੀਪ ਸਿੰਘ ਕਾਹਲੋਂ
Monday, Aug 26, 2024 - 01:54 PM (IST)
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੰਗਨਾ ਰਣੌਤ ਦੀ ਫਿਲਮ ’ਐਮਰਜੈਂਸੀ’ ਦੇ ਟ੍ਰੇਲਰ ਵਿਚ ਸਿੱਖਾਂ ਬਾਰੇ ਗੁੰਮਰਾਹਕੁੰਨ ਤੇ ਝੂਠੇ ਪ੍ਰਚਾਰ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਫਿਲਮ ’ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਾਹਲੋਂ ਨੇ ਫਿਲਮ ਦੇ ਟ੍ਰੇਲਰ ਵਿਚ ਸਿੱਖਾਂ ਬਾਰੇ ਗੁੰਮਰਾਹਕੁੰਨ ਤੇ ਝੂਠੇ ਪ੍ਰਚਾਰ ਨੂੰ ਖਤਰਨਾਕ ਕਰਾਰ ਦਿੰਦਿਆਂ ਕਿਹਾ ਕਿ ਇਸ ਤਰੀਕੇ ਨਾਲ ਸਿੱਖ ਕੌਮ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਯਤਨ ਹੈ, ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ
ਉਨ੍ਹਾਂ ਕਿਹਾ ਕਿ ਸਿੱਖ ਇਕ ਬਹਾਦਰ ਤੇ ਦੇਸ਼ ਭਗਤ ਕੌਮ ਹੈ, ਜੋ ਸਿਰਫ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਮਨੁੱਖਤਾ ਦੀ ਸੇਵਾ ਲਈ ਜਾਣੀ ਜਾਂਦੀ ਹੈ। ਇਸੇ ਤਰੀਕੇ ਪੰਜਾਬੀ ਨੌਜਵਾਨ ਸਰਹੱਦਾਂ ’ਤੇ ਡੱਟ ਕੇ ਦੇਸ਼ ਦੀ ਦੁਸ਼ਮਣਾਂ ਤੋਂ ਰਾਖੀ ਕਰ ਰਹੇ ਹਨ। ਸਿੱਖਾਂ ਦੀ ਕਿਰਦਾਰਕੁਸ਼ੀ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਐਮਰਜੈਂਸੀ ਬਾਰੇ ਕੁਝ ਵਿਖਾਉਣਾ ਚਾਹੁੰਦੇ ਹੋ ਤਾਂ ਜਿਵੇਂ ਮਰਜ਼ੀ ਵਿਖਾਓ ਪਰ ਅਸੀਂ ਸਿੱਖਾਂ ਨੂੰ ਵੱਖਵਾਦੀ ਵਿਖਾਉਣ ਤੇ ਹਿੰਸਾ ’ਤੇ ਚੱਲਣ ਵਾਲੇ ਵਿਖਾਉਣਾ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਸਦੀ ਡੱਟ ਕੇ ਪੈਰਵੀ ਕਰਾਂਗੇ। ਉਨ੍ਹਾਂ ਨੇ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਫਿਲਮ ’ਤੇ ਤੁਰੰਤ ਪਾਬੰਦੀ ਲਾਈ ਜਾਵੇ ਜਾਂ ਫਿਰ ਫਿਲਮ ਵਿਚੋਂ ਮਾੜੇ ਸੀਨ ਹਟਾਏ ਜਾਣ ਤਾਂ ਜੋ ਵੰਡ ਪਾਊ ਪ੍ਰਾਪੇਗੰਡਾ ਨਾ ਫੈਲੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।