ਕਿਸਾਨਾਂ ਦੇ ਵਿਰੋਧ ਤੋਂ ਬਾਅਦ ਅਕਸ਼ੇ ਕੁਮਾਰ ਦੀ 'ਸੂਰਿਆਵੰਸ਼ੀ' ਨੂੰ ਤਕੜਾ ਝਟਕਾ

11/09/2021 5:30:26 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਅਭਿਨੈ ਰੋਹਿਤ ਸ਼ੈੱਟੀ ਨਿਰਦੇਸ਼ਿਤ ਫ਼ਿਲਮ 'ਸੂਰਿਆਵੰਸ਼ੀ' ਨੇ ਸ਼ੁਰੂਆਤੀ ਹਫ਼ਤੇ ਦੇ ਅੰਤ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਦੁਨੀਆ ਭਰ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਲਗਪਗ ਡੇਢ ਸਾਲ ਬਾਅਦ ਕੋਈ ਵੀ ਫ਼ਿਲਮ ਬਾਕਸ ਆਫਸ 'ਤੇ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਨਹੀਂ ਕਰ ਸਕੀ ਹੈ। ਇਸ ਨੂੰ ਲੈ ਕੇ ਵਪਾਰੀ ਕਾਫ਼ੀ ਉਤਸ਼ਾਹਿਤ ਹਨ। ਸ਼ੁਰੂਆਤੀ ਵੀਕੈਂਡ ਤੋਂ ਬਾਅਦ ਪਹਿਲੇ ਸੋਮਵਾਰ ਨੂੰ ਦੀਵਾਲੀ ਦੀਆਂ ਛੁੱਟੀਆਂ ਖ਼ਤਮ ਹੋਣ ਦੇ ਨਾਲ, 'ਸੂਰਿਆਵੰਸ਼ੀ' ਦੇ ਅੰਕੜਿਆਂ 'ਚ ਗਿਰਾਵਟ ਆਈ, ਜੋ ਕਿ ਇਕ ਆਮ ਗੱਲ ਹੈ ਕਿਉਂਕਿ ਕੰਮਕਾਜੀ ਹਫ਼ਤੇ ਦੌਰਾਨ ਫ਼ਿਲਮਾਂ ਦਾ ਬਾਕਸ ਆਫਿਸ ਕਲੈਕਸ਼ਨ ਲਗਾਤਾਰ ਘਟਦਾ ਰਹਿੰਦਾ ਹੈ।

ਅਨੁਮਾਨਿਤ ਵਪਾਰਕ ਰਿਪੋਰਟਾਂ ਦੇ ਅਨੁਸਾਰ, 'ਸੂਰਿਆਵੰਸ਼ੀ' ਨੇ ਪਹਿਲੇ ਸੋਮਵਾਰ ਅਤੇ ਰਿਲੀਜ਼ ਦੇ ਚੌਥੇ ਦਿਨ ਲਗਪਗ 12 ਕਰੋੜ ਰੁਪਏ ਇਕੱਠੇ ਕੀਤੇ। ਆਮ ਤੌਰ 'ਤੇ ਪਹਿਲੇ ਸੋਮਵਾਰ ਦੀ ਕਮਾਈ ਬਾਕਸ ਆਫਿਸ 'ਤੇ ਕਿਸੇ ਫ਼ਿਲਮ ਦੇ ਅਗਲੇ ਸਫ਼ਰ ਦੀ ਦਿਸ਼ਾ ਨਿਰਧਾਰਤ ਕਰਦੀ ਹੈ। ਇਸ ਸੰਦਰਭ 'ਚ ਐਤਵਾਰ ਦੇ ਮੁਕਾਬਲੇ 'ਸੂਰਿਆਵੰਸ਼ੀ' ਦੇ ਕਲੈਕਸ਼ਨ 'ਚ ਕਰੀਬ 56 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਗੱਲ ਹੈ। ਸੋਮਵਾਰ ਦੇ ਕਲੈਕਸ਼ਨ ਸਮੇਤ ਫ਼ਿਲਮ ਨੇ ਚਾਰ ਦਿਨਾਂ 'ਚ ਘਰੇਲੂ ਬਾਕਸ ਆਫਿਸ 'ਤੇ ਕਰੀਬ 90 ਕਰੋੜ ਦੀ ਕਮਾਈ ਕਰ ਲਈ ਹੈ। ਮੰਗਲਵਾਰ ਯਾਨੀ ਅੱਜ ਫ਼ਿਲਮ ਘਰੇਲੂ ਬਾਕਸ ਆਫਿਸ 'ਤੇ ਵੀ 100 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਦਾ ਬਿਆਨ– ਦੇਸ਼ ਵਿਰੋਧੀ ਜਿਹਾਦੀਆਂ ਤੇ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਮਿਲਿਆ ‘ਪਦਮ ਸ਼੍ਰੀ’

ਓਪਨਿੰਗ ਵੀਕੈਂਡ 'ਚ ਦੁਨੀਆ ਭਰ 'ਚ ਕਮਾਏ 100 ਕਰੋੜ
'ਸੂਰਿਆਵੰਸ਼ੀ' ਦੀਵਾਲੀ ਤੋਂ ਇਕ ਦਿਨ ਬਾਅਦ 5 ਨਵੰਬਰ (ਸ਼ੁੱਕਰਵਾਰ) ਨੂੰ ਸਿਨੇਮਾਘਰਾਂ 'ਚ ਲਗਪਗ 3500 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਨੇ 26.29 ਕਰੋੜ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਦੂਜੇ ਦਿਨ ਸ਼ਨੀਵਾਰ ਨੂੰ 23.85 ਕਰੋੜ ਦੇ ਨਾਲ 50.14 ਕਰੋੜ ਦਾ ਕਾਰੋਬਾਰ ਕੀਤਾ। ਓਪਨਿੰਗ ਵੀਕੈਂਡ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ ਫ਼ਿਲਮ ਨੇ 26.94 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ, ਜਿਸ ਨਾਲ ਘਰੇਲੂ ਬਾਕਸ ਆਫਿਸ 'ਤੇ 'ਸੂਰਿਆਵੰਸ਼ੀ' ਦੇ ਓਪਨਿੰਗ ਵੀਕੈਂਡ ਦਾ ਕਲੈਕਸ਼ਨ 77.08 ਕਰੋੜ ਹੋ ਗਿਆ। ਇਸ ਦੇ ਨਾਲ ਹੀ ਓਵਰਸੀਜ਼ (ਅਮਰੀਕਾ, ਕੈਨੇਡਾ, ਯੂ. ਏ. ਈ., ਆਸਟ੍ਰੇਲੀਆ, ਯੂ. ਕੇ. ਅਤੇ ਜੀ. ਸੀ. ਸੀ.) 'ਚ ਫ਼ਿਲਮ ਨੇ ਪਹਿਲੇ ਦਿਨ 8.10 ਕਰੋੜ, ਦੂਜੇ ਦਿਨ 8.58 ਕਰੋੜ ਅਤੇ ਤੀਜੇ ਦਿਨ 7.90 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਤਿੰਨ ਦਿਨਾਂ 'ਚ 24.58 ਕਰੋੜ 'ਸੂਰਿਆਵੰਸ਼ੀ' ਦਾ ਵਿਸ਼ਵਵਿਆਪੀ ਕਲੈਕਸ਼ਨ 101.66 ਕਰੋੜ ਹੋ ਗਿਆ ਹੈ, ਜਿਸ 'ਚ ਰਿਲੀਜ਼ ਦੇ ਤਿੰਨ ਦਿਨਾਂ 'ਚ ਘਰੇਲੂ ਅਤੇ ਵਿਦੇਸ਼ੀ ਕਲੈਕਸ਼ਨ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਸੈਲਫੀ ਲੈਂਦੇ ਹੋਏ ਫੈਨ 'ਤੇ ਭੜਕੇ ਸਲਮਾਨ ਖ਼ਾਨ, ਬੋਲੇ 'ਨੱਚਣਾ ਬੰਦ ਕਰ'

ਪੰਜਾਬ 'ਚ ਹੋਇਆ ਰੱਜ ਕੇ ਵਿਰੋਧ
ਅਕਸ਼ੇ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਪੰਜਾਬ ’ਚ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਕ ਪਾਸੇ ਜਿਥੇ ਕਿਸਾਨਾਂ ਵਲੋਂ ਅਕਸ਼ੇ ਕੁਮਾਰ ਦੀ ਫ਼ਿਲਮ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਅਜੇ ਵੀ ਪੰਜਾਬ ਦੇ 9 ਜ਼ਿਲ੍ਹਿਆਂ ’ਚ ਫ਼ਿਲਮ ਨੂੰ ਦਿਖਾਇਆ ਜਾ ਰਿਹਾ ਹੈ। ‘ਬੁੱਕ ਮਾਈ ਸ਼ੋਅ’ ’ਤੇ ਜਾ ਕੇ ਸਰਚ ਕੀਤੀ ਜਾਵੇ ਤਾਂ ਦੇਖਿਆ ਜਾ ਸਕਦਾ ਹੈ ਕਿ ਚੰਡੀਗੜ੍ਹ ’ਚ ਫ਼ਿਲਮ 13 ਸਿਨੇਮਾਘਰਾਂ ’ਚ ਦਿਖਾਈ ਜਾ ਰਹੀ ਹੈ। ਉਥੇ ਲੁਧਿਆਣਾ ਦੇ 9, ਅੰਮ੍ਰਿਤਸਰ ’ਚ 5, ਹੁਸ਼ਿਆਰਪੁਰ ’ਚ 4, ਪਠਨਾਕੋਟ ਤੇ ਮੋਗਾ ਦੇ 3-3 ਸਿਨੇਮਾਘਰਾਂ ’ਚ, ਜਲੰਧਰ ਦੇ 2 ਸਿਨੇਮਾਘਰਾਂ ’ਚ ਤੇ ਬਠਿੰਡਾ ਤੇ ਰੂਪਨਗਰ ਦੇ 1-1 ਸਿਨੇਮਾਘਰ ’ਚ ਫ਼ਿਲਮ ਦੇ ਸ਼ੋਅਜ਼ ਦਿਖਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਵਿਰੋਧ ਨੂੰ ਦੇਖਦਿਆਂ ਫ਼ਿਲਮ ਨੂੰ ਸਿਨੇਮਾਘਰਾਂ ’ਚੋਂ ਉਤਾਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਪਣੇ ਆਪ ਨੂੰ ਪੰਜਾਬੀ ਕਹਿਣ ਤੇ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਤੇ ਪਿੱਠ ਭੂਮੀ ਪੰਜਾਬ ਦੀ ਰੱਖਣ ਦੇ ਬਾਵਜੂਦ ਅਕਸ਼ੇ ਕੁਮਾਰ ਵਲੋਂ ਕਿਸਾਨਾਂ ਦਾ ਸਮਰਥਨ ਨਹੀਂ ਕੀਤਾ ਗਿਆ ਹੈ। ਇਸੇ ਦੇ ਚਲਦਿਆਂ ਕਿਸਾਨਾਂ ਵਲੋਂ ਜਿਥੇ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬੌਟਮ’ ਦਾ ਵਿਰੋਧ ਕੀਤਾ ਗਿਆ ਸੀ, ਉਥੇ ਹੁਣ ‘ਸੂਰਿਆਵੰਸ਼ੀ’ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਅਕਸ਼ੇ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਵੀ ਕਿਸਾਨਾਂ ਪ੍ਰਤੀ ਕੋਈ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬੀ ਹੋਣ ਦੇ ਨਾਅਤੇ ਅਕਸ਼ੇ ਕੁਮਾਰ ਨੂੰ ਉਨ੍ਹਾਂ ਦੇ ਹੱਕਾਂ ਲਈ ਬੋਲਣਾ ਚਾਹੀਦਾ ਸੀ ਪਰ ਉਸ ਨੇ ਅਜਿਹਾ ਨਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News