ਪਿਤਾ ਦੀ ਚਿੱਠੀ ਨੂੰ ਯਾਦ ਕਰ ਚੱਲਦੇ ਇੰਟਰਵਿਊ ’ਚ ਰੋ ਪਈ ਸੋਨੀਆ ਮਾਨ (ਵੀਡੀਓ)

12/29/2020 1:45:55 PM

ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ 34ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਸ਼ੁਰੂ ਤੋਂ ਕਿਸਾਨਾਂ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਨ੍ਹੀਂ ਦਿਨੀਂ ਸੋਨੀਆ ਮਾਨ ਦਿੱਲੀ ਧਰਨੇ ’ਚ ਕਿਸਾਨਾਂ ਨਾਲ ਡਟੀ ਹੋਈ ਹੈ। ਇਸ ਦੌਰਾਨ ਸੋਨੀਆ ਮਾਨ ਨੇ ‘ਜਗਬਾਣੀ ਅਦਾਰੇ’ ਨਾਲ ਗੱਲਬਾਤ ਕਰਦਿਆਂ ਖੇਤੀ ਕਾਨੂੰਨਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ।  ਸੋਨੀਆ ਮਾਨ ਨੇ ਕਿਹਾ, ਦਿੱਲੀ ਅੰਦੋਲਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਕਿਸਾਨ ਜੱਥੇਬੰਦੀਆਂ ਨੇ ਲੋਕਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਸੀ। ਉਸ ਸਮੇਂ ਸਾਡੇ ਨਾਲ 500 ਦੇ ਕਰੀਬ ਬੰਦਾ ਹੁੰਦਾ ਸੀ ਪਰ ਹੁਣ ਸਾਡੇ ਕੋਲ ਬਹੁਤ ਵੱਡਾ ਇਕੱਠ ਹੈ। ਮੈਂ ਸੋਚਦੀ ਹਾਂ ਕਿ ਇਹ ਸਾਡੀ ਜਿੱਤ ਹੈ, ਜੋ ਇੰਨੇ ਜ਼ਿਆਦਾ ਲੋਕ ਕਿਸਾਨ ਅੰਦੋਲਨ ਨਾਲ ਜੁੜ ਰਹੇ ਹਨ।

ਹਰ ਬਜ਼ੁਰਗ ’ਚ ਨਜ਼ਰ ਆਉਂਦਾ ਮਾਂ-ਪਿਓ
ਮੈਂ ਕਲਾਕਾਰ ਬਾਅਦ ’ਚ ਹਾਂ, ਪਹਿਲਾਂ ਇਕ ਕਿਸਾਨ ਹਾਂ। ਧਰਨੇ ’ਚ ਮੌਜ਼ੂਦ ਬਜ਼ੁਰਗ ਬੀਬੀਆਂ ’ਚੋਂ ਮੈਂ ਆਪਣੀ ਮਾਂ ਨੂੰ ਵੇਖਦੀ ਹਾਂ। ਅੰਦੋਲਨ ਦੇ ਹਰ ਬਜ਼ੁਰਗ ਬਾਬੇ ’ਚ ਮੈਨੂੰ ਆਪਣੇ ਪਿਤਾ ਦੀ ਝਲਕ ਨਜ਼ਰ ਆਉਂਦੀ ਹੈ। ਮੇਰੇ ਪਿਤਾ ਵੀ ਕਿਸਾਨ ਜੱਥੇਬੰਦੀ ਦੇ ਲੀਡਰ ਸਨ। ਜਿਹੜੀ ਲੜਾਈ ਲੜਦੇ ਮੇਰੇ ਪਿਤਾ ਜੀ ਸ਼ਹੀਦ ਹੋ ਗਏ ਸਨ, ਅੱਜ ਮੈਂ ਉਨ੍ਹਾਂ ਦੀ ਅਹਿਮੀਅਤ ਨੂੰ ਮਹਿਸੂਸ ਕਰਦੀ ਹਾਂ। ਮੈਂ ਉਦੋਂ ਤੱਕ ਕਿਸਾਨੀ ਸੰਘਰਸ਼ ਨਾਲ ਜੁੜੀ ਰਹਾਂਗੀ, ਜਦੋਂ ਤੱਕ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। 

ਫ਼ਿਲਮੀ ਸਿਤਾਰਿਆਂ ਦੀ ਚੁੱਪੀ ’ਤੇ ਸੋਨੀਆ ਮਾਨ ਨੇ ਆਖੀ ਇਹ ਗੱਲ
ਖੇਤੀ ਕਾਨੂੰਨਾਂ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਬਾਲੀਵੁੱਡ ਕਲਾਕਾਰ ਹਨ, ਜਿਨ੍ਹਾਂ ਨੇ ਇਸ ਮਾਮਲੇ ’ਤੇ ਚੁੱਪੀ ਵੱਟੀ ਹੋਈ ਹੈ। ਹਾਲਾਂਕਿ ਕੁਝ ਫ਼ਿਲਮੀ ਸਿਤਾਰਿਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਵੀ ਕੀਤਾ। ਇਸ ’ਤੇ ਸੋਨੀਆ ਮਾਨ ਨੇ ਕਿਹਾ ਸਾਰੇ ਕਲਾਕਾਰਾਂ ਦੀ ਸੋਚ ਵੱਖ-ਵੱਖ ਹੁੰਦੀ ਹੈ। ਇਸ ਕਰਕੇ ਮੈਂ ਕਿਸੇ ਵੀ ਕਲਾਕਾਰ ਬਾਰੇ ਕੁਝ ਨਹੀਂ ਆਖ ਸਕਦੀ। ਇਨ੍ਹਾਂ ਫ਼ਿਲਮੀ ਸਿਤਾਰਿਆਂ ਨੂੰ ਈਡੀ ਦਾ ਡਰ ਹੁੰਦਾ ਹੈ। ਹਰ ਬੰਦਾ ਸੈਲਫਿਸ਼ ਹੈ, ਜੋ ਆਪਣੇ-ਆਪਣੇ ਕੰਮਾਂ ’ਚ ਲੱਗਿਆ ਹੋਇਆ ਹੈ। ਫ਼ਿਲਮੀ ਸਿਤਾਰਿਆਂ ’ਚ ਵੀ ਪੰਜਾਬ ਦੇ ਲੋਕਾਂ ਲਈ ਪਿਆਰ ਹੈ ਪਰ ਉਹ ਵੀ ਆਪਣੀਆਂ ਮਜ਼ਬੂਰੀਆਂ ’ਚ ਫਸੇ ਹੋ ਸਕਦੇ ਹਨ। 

ਅੰਦੋਲਨ ਰਾਹੀਂ ਪਿਤਾ ਦਾ ਸੁਫ਼ਨਾ ਕਰਾਂਗੀ ਪੂਰਾ
ਫ਼ਿਲਮ ਇੰਡਸਟਰੀ ਤੋਂ ਮੈਨੂੰ ਬਹੁਤ ਸਾਰੇ ਕੰਮ ਦੇ ਆਫਰ ਮਿਲ ਰਹੇ ਹਨ। ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੂੰ ਆਪਣੇ ਕੰਮ ’ਤੇ ਧਿਆਨ ਦੇ, ਕਿਹੜੇ ਕੰਮ ’ਚ ਲੱਗੀ ਏ ਬੀਬਾ ਪਰ ਜਦੋਂ ਮੈਂ ਆਪਣੇ ਪਿਤਾ ਦੀ ਚਿੱਠੀ ਪੜ੍ਹਦੀ ਹਾਂ ਤਾਂ ਮੈਨੂੰ ਲੱਗਦਾ ਇਹੀ ਸਮਾਂ ਹੈ ਜਦੋਂ ਮੈਂ ਆਪਣੇ ਪਿਤਾ ਦਾ ਸੁਫ਼ਨਾ ਪੂਰਾ ਕਰ ਸਕਦੀ ਹਾਂ। ਮੈਂ ਇਸ ਅੰਦੋਲਨ ’ਚ ਮੌਜ਼ੂਦ ਹਰ ਬਜ਼ੁਰਗ ਬਾਬੇ ’ਚ ਆਪਣੇ ਪਿਤਾ ਦੀ ਝਲਕ ਨੂੰ ਵੇਖਦੀ ਹਾਂ। 

ਕੇਂਦਰ ਸਰਕਾਰ ਨੂੰ ਅਪੀਲ
ਸੋਨੀਆ ਮਾਨ ਨੇ ਕਿਹਾ ਸਾਡਾ ਲੋਕਤੰਤਰ ਬਹੁਤ ਮਾੜਾ ਹੈ। ਅਸੀਂ ਇਕ-ਇਕ ਵੋਟ ਪਾ ਕੇ ਐੱਮ. ਪੀ. ਬਣਾਉਂਦੇ ਹਾਂ ਪਰ ਅੱਜ ਇਸ ਐੱਮ. ਪੀ. ਨੇ ਤਾਂ ਸਾਡਾ ਸੋਦਾ ਸਰਕਾਰ ਨਾਲ ਕਰ ਦਿੱਤਾ। ਪੀ. ਐੱਮ. ਮੋਦੀ ਨੂੰ ਲੱਗਦਾ ਹੈ ਕਿ ਇਹ ਬਿੱਲ ਤੁਹਾਡੇ ਲਈ ਸਹੀ ਹੈ। ਅੰਬਾਨੀ-ਅੰਡਾਨੀ ਦੇ ਪੈਸਿਆਂ ਨੂੰ ਲੈ ਕੇ ਜਾਂ ਫ਼ਿਰ ਇਲੈਕਸ਼ਨ ਦੀ ਫਨਡਿੰਗ ਨੂੰ ਲੈ ਕੇ ਤੁਹਾਡੀਆਂ ਮਜ਼ਬੂਰੀਆਂ ਹੋ ਸਕਦੀਆਂ ਹਨ ਪਰ ਜੋ ਤੁਸੀਂ ਸਾਡੇ ਬਜ਼ੁਰਗ ਕਿਸਾਨਾਂ ਨਾਲ ਕਰ ਰਹੇ ਹੋ ਉਹ ਜਾਇਜ ਨਹੀਂ ਹੈ। ਪੋਹ ਦੇ ਮਹੀਨੇ ਸਾਡੇ 50 ਦੇ ਕਰੀਬ ਬਜ਼ੁਰਗ ਸ਼ਹੀਦ ਹੋ ਚੁੱਕੇ ਹਨ। 
ਤੁਸੀਂ ਉਨ੍ਹਾਂ ਸਟੇਟਾਂ ਦੇ ਕਿਸਾਨਾਂ ਨੂੰ ਬਿਠਾ ਕੇ ਗੱਲਬਾਤ ਕਰ ਰਹੇ ਹੋ, ਜਿਨ੍ਹਾਂ ’ਚ ਮੰਡੀ ਸਿਸਟਮ ਪਤਾ ਨਹੀਂ ਕਦੋ ਦਾ ਹੀ ਖ਼ਤਮ ਹੋ ਚੁੱਕਿਆ ਹੈ। ਤੁਹਾਨੂੰ ਪੰਜਾਬ ਹਰਿਆਣਾ, ਰਾਜਸਥਾਨ ਦੇ ਕਿਸਾਨਾਂ ਨੂੰ ਬਿਠਾ ਕੇ ਗੱਲਬਾਤ ਕਰਨੀ ਚਾਹੀਦੀ ਹੈ। ਇਨਸਾਨੀਅਤ ਦੇ ਨਾਅਤੇ ਤੁਹਾਨੂੰ ਇਸ ਅੰਦੋਲਨ ’ਚ ਆਉਣਾ ਚਾਹੀਦਾ ਸੀ ਅਤੇ ਖੇਤੀ ਕਾਨੂੰਨ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਜਦੋਂ ਤੱਕ ਇਹ ਖੇਤੀ ਕਾਨੂੰਨ ਨਹੀਂ ਵਾਪਸ ਲਏ ਜਾਂਦੇ ਅਸੀਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਰਹਾਂਗੇ।

30 ਦਸੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ
ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਯਾਨੀ ਕਿ ਭਲਕੇ ਗੱਲਬਾਤ ਕਰਨ ਦਾ ਰਸਮੀ ਸੱਦਾ ਭੇਜਿਆ ਹੈ। ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਹੈ ਪਰ ਨਾਲ ਹੀ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਤਿਆਰੀ  ਵੀ ਕਿਸਾਨ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ 30 ਦਸਬੰਰ ਨੂੰ ਗੱਲਬਾਤ ਮਗਰੋਂ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਪਰ ਸੂਤਰਾਂ ਮੁਤਾਬਕ ਸਰਕਾਰ ਨਾਲ ਗੱਲਬਾਤ ਦੀ ਵਜ੍ਹਾ ਤੋਂ ਇਹ ਮਾਰਚ 31 ਦਸੰਬਰ ਨੂੰ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕਿਸਾਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ 30 ਦਸੰਬਰ ਨੂੰ ਹੋਣ ਜਾ ਰਹੀ ਗੱਲਬਾਤ ’ਚ ਜੇਕਰ ਕੋਈ ਸਿੱਟਾ ਨਹੀਂ ਨਿਕਲੇਗਾ ਤਾਂ ਅਜਿਹੇ ਵਿਚ ਅੰਦੋਲਨ ਲੰਬਾ ਚੱਲ ਸਕਦਾ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।


sunita

Content Editor sunita