ਮਸ਼ਹੂਰ ਅਦਾਕਾਰ ਫਰਾਜ਼ ਖ਼ਾਨ ਦੀ ਹਾਲਤ ਨਾਜ਼ੁਕ, ਆਈ. ਸੀ. ਯੂ. 'ਚ ਦਾਖ਼ਲ

10/15/2020 9:28:34 AM

ਮੁੰਬਈ (ਬਿਊਰੋ) : 'ਮਹਿੰਦੀ' ਅਤੇ 'ਫਰੇਬ' ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਅਦਾਕਾਰ ਫਰਾਜ਼ ਖ਼ਾਨ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉਹ ਬੈਂਗਲੁਰੂ ਦੇ ਇਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। 'ਮਹਾਭਾਰਤ' ਅਦਾਕਾਰ ਯੂਸਫ ਖਾਨ ਦੇ ਬੇਟੇ ਫਰਾਜ਼ ਖ਼ਾਨ ਨੂੰ ਦਿਮਾਗ ਸਬੰਧੀ ਅਤੇ ਨਮੂਨੀਆ ਦੀ ਸ਼ਿਕਾਇਤ ਹੈ। ਅਦਾਕਾਰ-ਫ਼ਿਲਮ ਨਿਰਮਾਤਾ ਪੂਜਾ ਭੱਟ ਨੇ ਟਵੀਟ ਕਰਕੇ ਆਪਣੇ ਪ੍ਰਸ਼ੰਸਕਾਂ ਤੋਂ ਫਰਾਜ਼ ਖ਼ਾਨ ਦੀ ਮਦਦ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹ ਇਲਾਜ ਲਈ ਫੰਡ ਇਕੱਠਾ ਕਰ ਸਕਣ।

ਪੂਜਾ ਭੱਟ ਨੇ ਆਪਣੇ ਟਵੀਟ ਵਿਚ ਫਰਾਜ਼ ਖ਼ਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਵਿਚ ਲਿਖਿਆ, 'ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਯੋਗਦਾਨ ਦਿਓ। ਮੈਂ ਵੀ ਕਰ ਰਹੀ ਹਾਂ। ਜੇਕਰ ਤੁਹਾਡੇ ਵਿਚੋਂ ਕੋਈ ਵੀ ਕਰ ਸਕਦਾ ਹੈ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ।' ਫਰਾਜ਼ ਖ਼ਾਨ ਨਾਲ ਜੁੜੀ ਬਾਕੀ ਜਾਣਕਾਰੀ ਪੂਜਾ ਵਲੋਂ ਸਾਂਝੀ ਕੀਤੀ ਗਈ ਫੰਡਰੇਜ਼ਰ ਵਿਚ ਦਿੱਤੀ ਗਈ ਹੈ। ਇਹ ਫੰਡ ਰੇਜ਼ਰ ਫਰਾਜ਼ ਦੇ ਪਰਿਵਾਰ ਦੁਆਰਾ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਗਿਆ ਹੈ, 'ਫਰਾਜ਼ ਤਕਰੀਬਨ ਇਕ ਸਾਲ ਤੋਂ ਛਾਤੀ ਦੀ ਬਲੈਗ ਅਤੇ ਇਨਫੈਕਸ਼ਨ ਨਾਲ ਲੜ ਰਿਹਾ ਹੈ।' ਹਾਲ ਹੀ ਵਿਚ ਜਦੋਂ ਹਾਲਤ ਵਿਗੜ ਗਈ ਤਾਂ ਉਸ ਨੇ ਮਹਾਂਮਾਰੀ ਦੌਰਾਨ ਇਕ ਡਾਕਟਰ ਨਾਲ ਇਕ ਵੀਡੀਓ ਕਾਲ ਵਿਚ ਸਲਾਹ ਲਈ। ਉਸ ਦੀ ਹਾਲਤ ਨੂੰ ਵੇਖਦਿਆਂ ਡਾਕਟਰ ਨੇ ਉਸ ਨੂੰ ਦਾਖ਼ਲ ਹੋਣ ਦੀ ਸਲਾਹ ਦਿੱਤੀ। 

ਦੱਸ ਦਈਏ ਫਰਾਜ਼ ਲਈ ਸਹਾਇਤਾ ਰਾਸ਼ੀ ਦੀ ਗੱਲ ਹੈ, ਉਸ ਨੂੰ 25 ਲੱਖ ਰੁਪਏ ਦੀ ਜ਼ਰੂਰਤ ਹੈ। ਇਹ ਉਸ ਦੇ ਫੰਡ ਰੇਜ਼ਰ ਵਿਚ ਵੀ ਦੱਸਿਆ ਗਿਆ ਹੈ। ਹੁਣ ਤੱਕ ਇਸ ਮੁਹਿੰਮ ਦੀ ਸਹਾਇਤਾ ਨਾਲ ਤਕਰੀਬਨ 1 ਲੱਖ 8 ਹਜ਼ਾਰ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਫਰਾਜ਼ ਨੂੰ ਇਲਾਜ ਲਈ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੈ।


sunita

Content Editor sunita