ਜਦੋਂ ਦਿਲੀਪ ਕੁਮਾਰ ਖਾਲਸ ਪੰਜਾਬੀ ਬੋਲੇ ਤਾਂ ਰੂਹ ਤੱਕ ਉੱਤਰੀ ਆਵਾਜ਼, ਵੇਖੋ ਸ਼ਾਨਦਾਰ ਵੀਡੀਓ
Wednesday, Jul 07, 2021 - 02:06 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦਾ ਬੁੱਧਵਾਰ ਨੂੰ ਮੁੰਬਈ ਵਿਚ ਦੇਹਾਂਤ ਹੋ ਗਿਆ। 98 ਸਾਲਾ ਦਿਲੀਪ ਕੁਮਾਰ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿਚੋਂ ਇੱਕ ਸੀ। ਉਹ ਪਿਛਲੇ ਮਹੀਨੇ ਤੋਂ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ 6 ਜੂਨ ਨੂੰ ਸਾਹ ਚੜ੍ਹਨ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਵੱਲੋਂ ਉਨ੍ਹਾਂ ਦੇ ਫੇਫੜਿਆਂ ਦੇ ਬਾਹਰ ਇਕੱਠਾ ਤਰਲ ਸਫਲਤਾਪੂਰਵਕ ਹਟਾ ਦਿੱਤਾ ਗਿਆ ਸੀ ਤੇ ਪੰਜ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬੁੱਧਵਾਰ ਨੂੰ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ।
ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪਾਕਿਸਤਾਨ ਵਿਚ ਹੋਇਆ ਸੀ ਤੇ ਉਨ੍ਹਾਂ ਦਾ ਨਾਮ ਯੂਸਫ਼ ਖ਼ਾਨ ਸੀ। ਬਾਅਦ ਵਿਚ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਰਦੇ 'ਤੇ ਪ੍ਰਸਿੱਧੀ ਮਿਲੀ। ਅਭਿਨੇਤਾ ਨੇ ਇੱਕ ਨਿਰਮਾਤਾ ਦੇ ਕਹਿਣ 'ਤੇ ਆਪਣਾ ਨਾਮ ਬਦਲ ਦਿੱਤਾ, ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਪਰਦੇ 'ਤੇ ਦਿਲੀਪ ਕੁਮਾਰ ਦੇ ਰੂਪ ਵਿਚ ਜਾਣਨ ਲੱਗੇ। ਅਣਵੰਡੇ ਪੰਜਾਬ ਦੇ ਪੇਸ਼ਾਵਰ (ਹੁਣ ਪਾਕਿਸਤਾਨ) ਵਿਚ ਜਨਮੇ ਦਿਲੀਪ ਕੁਮਾਰ ਦਾ ਪੰਜਾਬ ਨਾਲ ਵਿਸ਼ੇਸ਼ ਸਬੰਧ ਸੀ। ਉਹ ਵੰਡ ਤੋਂ ਬਾਅਦ ਮੁੰਬਈ ਵਿਚ ਨਿਸ਼ਚਤ ਤੌਰ ਉਤੇ ਵਸ ਗਏ ਸਨ ਪਰ ਉਨ੍ਹਾਂ ਦਾ ਹਮੇਸ਼ਾਂ ਪੰਜਾਬ ਦੀ ਧਰਤੀ ਨਾਲ ਪਿਆਰ ਰਿਹਾ।
ਦਿਲੀਪ ਕੁਮਾਰ ਦਾ ਅਸਲ ਨਾਮ ਯੂਸਫ ਖ਼ਾਨ ਸੀ। ਉਨ੍ਹਾਂ ਉਰਦੂ 'ਤੇ ਆਪਣੀ ਪਕੜ ਬਣਾਈ ਰੱਖੀ ਪਰ ਉਹ ਪੰਜਾਬੀ ਵੀ ਕਮਾਲ ਦੀ ਬੋਲਦੇ ਸਨ। ਇਸ ਗੱਲ ਦਾ ਖੁਲਾਸਾ ਇੱਕ ਵੀਡੀਓ ਨਾਲ ਹੋਇਆ, ਜਿਸ ਨੂੰ ਅਦਾਕਾਰ ਧਰਮਿੰਦਰ ਨੇ ਪਿਛਲੇ ਸਾਲ ਸਾਂਝਾ ਕੀਤਾ ਸੀ। ਇਸ ਵੀਡੀਓ ਵਿਚ ਦਿਲੀਪ ਸਾਹਬ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਾਨਤਾਵਾਂ 'ਤੇ ਪੰਜਾਬੀ ਵਿਚ ਬੋਲਦੇ ਨਜ਼ਰ ਆ ਰਹੇ ਹਨ।
Ye ...pyaare bhai mere ...Urdu bolen English bolen ....Hindi punjabi bole....rooh mein uttar jaare hain....jazbaat bhare bol inke 🌹🌹🌹🌹🌹🌹 pic.twitter.com/1KYf5PUx39
— Dharmendra Deol (@aapkadharam) June 19, 2020
ਇਹ ਵੀਡੀਓ 1998 ਦੀ ਹੈ, ਉਸ ਸਮੇਂ ਦਿਲੀਪ ਕੁਮਾਰ ਦੀ ਉਮਰ 75 ਸਾਲ ਸੀ। ਇਸ ਵੀਡੀਓ ਵਿਚ ਉਹ ਆਪਣੀ ਉਮਰ ਬਾਰੇ ਵੀ ਦੱਸਦੇ ਨਜ਼ਰ ਆ ਰਹੇ ਹਨ। 1998 ਵਿਚ ਉਨ੍ਹਾਂ ਨੂੰ 'ਨਿਸ਼ਾਨ-ਏ-ਇਮਤਿਆਜ਼' ਪਾਕਿਸਤਾਨ ਦਾ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਦਿਲੀਪ ਕੁਮਾਰ ਨੂੰ ਅੱਠ ਫਿਲਮਫੇਅਰ ਐਵਾਰਡ ਮਿਲ ਚੁੱਕੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਦਿਲੀਪ ਕੁਮਾਰ ਦਾ ਨਾਮ ਸਭ ਤੋਂ ਵੱਧ ਪੁਰਸਕਾਰ ਜਿੱਤਣ ਲਈ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਹੈ।