ਨਾਭਾ ''ਚ ਵਾਪਰੇ ਹਾਦਸੇ ਦੀ ਖ਼ੌਫਨਾਕ ਵੀਡੀਓ ਆਈ ਸਾਹਮਣੇ, ਬੁਲੇਟ ਮੋਟਰਸਾਈਕਲ ਨੇ...
Monday, Sep 15, 2025 - 12:23 PM (IST)

ਨਾਭਾ (ਰਾਹੁਲ) : ਨਾਭਾ ਦੇ ਬਠਿੰਡੀਆ ਮੁਹੱਲਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਚਾਰ ਸਾਲਾ ਮਾਸੂਮ ਬੱਚਾ ਪਿਯੂਸ਼ ਗੰਭੀਰ ਜ਼ਖਮੀ ਹੋ ਗਿਆ ਹੈ। ਸੀਸੀਟੀਵੀ ਵਿਚ ਹਾਦਸੇ ਦੀ ਭਿਆਨਕ ਵੀਡੀਓ ਕੈਦ ਹੋ ਗਈ ਹੈ। ਇਸ ਵਿਚ ਸਾਫ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਛੋਟੀ ਉਮਰ ਦਾ ਲਖਾ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਚਲਾ ਰਿਹਾ ਹੈ। ਜਿਸ ਦੇ ਸਾਹਮਣੇ ਚਾਰ ਸਾਲ ਦਾ ਮਾਸੂਮ ਬੱਚਾ ਪਿਯੂਸ਼ ਆ ਗਿਆ। ਟੱਕਰ ਲੱਗਣ ਨਾਲ ਬੱਚਾ ਦੂਰ ਸੜਕ 'ਤੇ ਜਾ ਡਿੱਗਾ ਅਤੇ ਬੁਲੇਟ ਸਵਾਰ ਲੜਕਾ ਹਾਦਸਾ ਹੋਣ ਉਪਰੰਤ ਰੁਕਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਜ਼ਖਮੀ ਬੱਚੇ ਦੀ ਨਾਨੀ ਨੇ ਬੱਚੇ ਨੂੰ ਚੁੱਕਿਆ ਤੇ ਪਰਿਵਾਰ ਸਿਵਲ ਹਸਪਤਾਲ ਨਾਭਾ ਲੈ ਆਇਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇ ਚੱਲਦੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਰੈਫਰ ਕਰ ਦਿੱਤਾ। ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ ਹੈ।
ਬੱਚੇ ਦੇ ਸਿਰ ਅਤੇ ਪੱਟ ਵਿਚ ਫਰੈਕਚਰ ਆਇਆ ਹੈ। ਇਸ ਤੋਂ ਇਲਾਵਾ ਵੀ ਬੱਚੇ ਦੇ ਪੂਰੇ ਸਰੀਰ 'ਤੇ ਕਈ ਸੱਟਾਂ ਲੱਗੀਆਂ। ਪੀੜਤ ਪਰਿਵਾਰ ਵੱਲੋਂ ਬੁਲੇਟ ਮੋਟਰਸਾਈਕਲ ਸਵਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ। ਦੂਜੇ ਪਾਸੇ ਮੁਹੱਲਾ ਨਿਵਾਸੀਆ ਪ੍ਰਸ਼ਾਸਨ ਉੱਪਰ ਇਹ ਵੀ ਦੋਸ਼ ਲਗਾ ਰਹੇ ਹਨ ਕਿ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਓਵਰ ਸਪੀਡ ਕਰਕੇ ਵਾਪਰ ਚੁੱਕੇ ਹਨ ਬਾਵਜੂਦ ਇਸਦੇ ਫਿਰ ਵੀ ਲਿਖਤੀ ਸ਼ਿਕਾਇਤ ਕਰਨ 'ਤੇ ਵੀ ਇਸ ਮੁਹੱਲੇ ਵਿਚ ਸਪੀਡ ਬਰੇਕਰ ਨਹੀਂ ਲਗਾਏ।
ਇਸ ਮੌਕੇ 'ਤੇ ਨਾਭਾ ਕੋਤਵਾਲੀ ਪੁਲਸ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਸਵਾਰ ਨੌਜਵਾਨ ਓਵਰ ਸਪੀਡ ਸੀ ਜੋ ਮੌਕੇ ਤੋਂ ਹੀ ਹਾਦਸਾ ਕਰਨ ਤੋਂ ਬਾਅਦ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮੁਲਜ਼ਮ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।