ਫ਼ਿਲਮ ''ਪਠਾਨ'' ਦੀ ਸ਼ੂਟਿੰਗ ਦੌਰਾਨ ਡਾਇਰੈਕਟਰ ਸਿਧਾਰਥ ਆਨੰਦ ਨਾਲ ਹੋਈ ਕੁੱਟਮਾਰ ਦਾ ਜਾਣੋ ਪੂਰਾ ਸੱਚ

1/21/2021 8:33:09 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਨਵੀਂ ਫ਼ਿਲਮ 'ਪਠਾਨ' ਦੀ ਸ਼ੂਟਿੰਗ ਦੌਰਾਨ ਹੋਏ ਹੰਗਾਮੇ ਕਾਰਨ ਬਾਲੀਵੁੱਡ 'ਚ ਹਲਚਲ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਯਸ਼ ਰਾਜ ਸਟੂਡੀਓਜ਼ ਦੀ ਸ਼ੂਟਿੰਗ ਦੌਰਾਨ ਮੋਬਾਈਲ ਫੋਨਾਂ ਦੀ ਬਾਰ-ਬਾਰ ਵਰਤੋਂ ਕਰਕੇ ਅਸਿਸਟੈਂਟ ਡਾਈਰੈਕਟਰ ਨੂੰ ਟੋਕ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਦੀ ਗੱਲ ਨਾ ਮੰਨਣ ਅਤੇ ਸੈੱਟ 'ਤੇ ਉਨ੍ਹਾਂ ਦੀ ਬੁਰਾਈ ਕਰਨ 'ਤੇ ਨਾਰਾਜ਼ ਸਿਧਾਰਥ ਨੇ ਸਹਾਇਕ ਨਿਰਦੇਸ਼ਕ ਨੂੰ ਥੱਪੜ ਜੜ ਦਿੱਤਾ। ਇਹ ਮਾਮਲਾ ਉਦੋਂ ਗਰਮਾ ਗਿਆ ਜਦੋਂ ਸਹਾਇਕ ਡਾਇਰੈਕਟਰ ਨੇ ਸਿਧਾਰਥ ਆਨੰਦ ਨੂੰ ਵੀ ਥੱਪੜ ਮਾਰ ਦਿੱਤਾ। 

ਦੱਸਿਆ ਜਾ ਰਿਹਾ ਦਾ ਹੈ ਕਿ ਇਸ ਸਾਰੇ ਹੰਗਾਮਿਆਂ ਵਿਚਕਾਰ ਸ਼ੂਟਿੰਗ ਰੋਕਣੀ ਪਈ ਅਤੇ ਬਾਅਦ ਵਿਚ ਸਹਾਇਕ ਨਿਰਦੇਸ਼ਕ ਨੂੰ ਫ਼ਿਲਮ ਤੋਂ ਹਟਾ ਦਿੱਤਾ ਗਿਆ ਪਰ ਫ਼ਿਲਮ ਨਾਲ ਜੁੜੇ ਇੱਕ ਸੂਤਰ ਨੇ ਨਿੱਜੀ ਚੈਨਲ ਨੂੰ ਦੱਸਿਆ ਕਿ ਸੈੱਟ 'ਤੇ ਲੜਾਈ ਵਰਗੀ ਕੋਈ ਘਟਨਾ ਨਹੀਂ ਵਾਪਰੀ ਅਤੇ ਇਹ ਮਾਮਲਾ ਕੁਝ ਹੋਰ ਹੈ। ਸੂਤਰ ਨੇ ਦੱਸਿਆ, "ਨਿਰਦੇਸ਼ਕ ਸਿਧਾਰਥ ਆਨੰਦ ਅਤੇ ਇੱਕ ਸਹਾਇਕ ਨਿਰਦੇਸ਼ਕ ਵਿਚਕਾਰ ਲੜਾਈ ਦੀ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।"

ਮਾਮਲਾ ਕੁਝ ਹੋਰ?
ਸੂਤਰ ਨੇ ਕਿਹਾ, 'ਸ਼ੂਟਿੰਗ ਦੌਰਾਨ ਇੱਕ ਲਾਈਟਮੈਨ ਨੂੰ ਸੱਟ ਲੱਗ ਗਈ। ਸੱਟ ਜ਼ਿਆਦਾ ਨਹੀਂ ਸੀ ਅਤੇ ਉਸ ਵਿਅਕਤੀ ਦੀ ਡ੍ਰੈਸਿੰਗ ਦੌਰਾਨ ਸੈੱਟ 'ਤੇ ਇੱਕ ਜੂਨੀਅਰ ਕਲਾਕਾਰ ਵੀਡੀਓ ਨੂੰ ਸਰਕੁਲੈਟ ਕਰਨ ਦੇ ਇਰਾਦੇ ਨਾਲ ਵੀਡੀਓ ਬਣਾ ਰਿਹਾ ਸੀ। ਅਜਿਹੀ ਸਥਿਤੀ ਵਿਚ ਸਿਧਾਰਥ ਨੇ ਉਸ ਵਿਅਕਤੀ ਨੂੰ ਅਜਿਹਾ ਨਾ ਕਰਨ ਲਈ ਕਿਹਾ ਕਿਉਂਕਿ ਸਿਧਾਰਥ ਨੂੰ ਲੱਗਦਾ ਸੀ ਕਿ ਅਜਿਹਾ ਕਰਨਾ ਬੇਵਜ੍ਹਾ ਹੋਵੇਗਾ ਪਰ ਇਸ ਚੇਤਾਵਨੀ ਦੇ ਬਾਵਜੂਦ ਉਹ ਗੁਪਤ ਤਰੀਕੇ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਵੇਖ ਕੇ ਸਿਧਾਰਥ ਆਨੰਦ ਗੁੱਸੇ ਹੋ ਗਏ ਅਤੇ ਉਨ੍ਹਾਂ ਨੇ ਗੱਸੇ ਵਿਚ ਆਦਮੀ ਨੂੰ ਚੇਤਾਵਨੀ ਦਿੱਤੀ ਅਤੇ ਆਪਣਾ ਫੋਨ ਸੌਂਪਣ ਅਤੇ ਸੈੱਟ ਤੋਂ ਬਾਹਰ ਜਾਣ ਲਈ ਕਿਹਾ ਪਰ ਅਜਿਹਾ ਕਰਨ ਦੀ ਬਜਾਏ ਉਹ ਜੂਨੀਅਰ ਕਲਾਕਾਰ ਹਮਲਾਵਰ ਹੋ ਗਿਆ ਅਤੇ ਅਜਿਹੀ ਸਥਿਤੀ ਵਿਚ ਸੁਰੱਖਿਆ ਗਾਰਡਸ ਨੇ ਉਸ ਨੂੰ ਸੈਟ ਤੋਂ ਬਾਹਰ ਕੱਢ ਦਿੱਤਾ।"

ਸੂਤਰ ਨੇ ਕਿਹਾ ਕਿ ਸਿਧਾਰਥ ਆਨੰਦ ਦਾ ਆਪਣੀ ਟੀਮ ਨਾਲ ਹਮੇਸ਼ਾਂ ਵੱਡੇ ਭਰਾ ਵਰਗਾ ਰਿਸ਼ਤਾ ਰਿਹਾ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਸਾਰਿਆਂ ਦਾ ਖਿਆਲ ਰੱਖਿਆ ਹੈ। ਸੂਤਰ ਨੇ ਕਿਹਾ, 'ਸੈੱਟ 'ਤੇ ਕੋਈ ਹਮਲਾ ਨਹੀਂ ਹੋਇਆ ਅਤੇ ਕਿਸੇ ਨੇ ਕਿਸੇ ਨੂੰ ਥੱਪੜ ਨਹੀਂ ਮਾਰਿਆ। ਇਸ ਤੋਂ ਇਲਾਵਾ ਜੋ ਵੀ ਕਿਹਾ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੈ।


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita