ਧਰਮਿੰਦਰ ਬਾਰੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ ! ਦਰਜ ਹੋਇਆ ਮਾਮਲਾ
Friday, Nov 14, 2025 - 07:10 PM (IST)
ਮੁੰਬਈ : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਫੈਲੀਆਂ ਝੂਠੀਆਂ ਖ਼ਬਰਾਂ ਅਤੇ ਉਨ੍ਹਾਂ ਦੀ ਨਿੱਜਤਾ (ਪ੍ਰਾਈਵੇਸੀ) ਦੀ ਉਲੰਘਣਾ 'ਤੇ ਫਿਲਮ ਇੰਡਸਟਰੀ ਦੀ ਪ੍ਰਮੁੱਖ ਸੰਸਥਾ IFTDA (ਭਾਰਤੀ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸੰਘ) ਨੇ ਸਖ਼ਤ ਕਾਰਵਾਈ ਕੀਤੀ ਹੈ। IFTDA ਨੇ ਇਸ 'ਅਮਾਨਵੀ' (inhumane) ਅਤੇ 'ਅਨੈਤਿਕ' (unethical) ਵਿਵਹਾਰ ਲਈ ਕੁਝ ਪਾਪਰਾਜ਼ੀ ਅਤੇ ਔਨਲਾਈਨ ਪਲੇਟਫਾਰਮਾਂ ਦੇ ਖਿਲਾਫ਼ ਰਸਮੀ ਪੁਲਸ ਸ਼ਿਕਾਇਤ ਦਰਜ ਕਰਾਈ ਹੈ।
ਹਸਪਤਾਲ ਵਿੱਚ ਫੈਲ ਗਈ ਸੀ ਝੂਠੀ ਮੌਤ ਦੀ ਖ਼ਬਰ
ਧਰਮਿੰਦਰ ਕਈ ਦਿਨਾਂ ਤੋਂ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਸਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਕਾਰਨ ਐਡਮਿਟ ਕਰਾਇਆ ਗਿਆ ਸੀ। ਇਸ ਦੌਰਾਨ ਹੀਮੈਨ ਦੇ ਦੇਹਾਂਤ ਹੋਣ ਦੀ ਝੂਠੀ ਖ਼ਬਰ ਫੈਲ ਗਈ ਸੀ। ਇਸ ਝੂਠੀ ਖ਼ਬਰ ਤੋਂ ਬਾਅਦ ਅਭਿਨੇਤਰੀ ਹੇਮਾ ਮਾਲਿਨੀ ਦਾ ਵੀ ਗੁੱਸਾ ਫੁੱਟ ਪਿਆ ਸੀ। ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਹ ਖ਼ਬਰਾਂ ਝੂਠੀਆਂ ਹਨ ਅਤੇ ਧਰਮਿੰਦਰ ਰਿਕਵਰ ਕਰ ਰਹੇ ਹਨ। ਫਿਲਹਾਲ ਅਭਿਨੇਤਾ ਨੂੰ ਹਸਪਤਾਲ ਤੋਂ ਡਿਸਚਾਰਜ ਮਿਲ ਗਿਆ ਹੈ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਘਰ ਵਿੱਚ ਹੀ ਇਲਾਜ ਕਰਵਾ ਰਹੇ ਹਨ ਅਤੇ ਠੀਕ ਹੋ ਰਹੇ ਹਨ।

IFTDA ਨੇ ਪ੍ਰਾਈਵੇਸੀ ਦੀ ਉਲੰਘਣਾ 'ਤੇ ਲਿਆ ਐਕਸ਼ਨ
ਇਨ੍ਹਾਂ ਫਰਜ਼ੀ ਖਬਰਾਂ ਅਤੇ ਪਾਪਰਾਜ਼ੀ ਦੇ ਅਣਉਚਿਤ ਵਿਵਹਾਰ 'ਤੇ IFTDA ਨੇ ਕੜਾ ਰੁਖ ਅਪਣਾਇਆ ਹੈ। IFTDA ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਜੁਹੂ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕੁਝ ਪੈਪਰਾਜ਼ੀ ਅਤੇ ਔਨਲਾਈਨ ਅਕਾਉਂਟਸ ਨੇ ਧਰਮਿੰਦਰ ਦੇ ਰਿਹਾਇਸ਼ 'ਤੇ ਜਾ ਕੇ ਅਤੇ ਬਿਨਾਂ ਪਰਮਿਸ਼ਨ ਦੇ ਉਨ੍ਹਾਂ ਦੇ ਪਰਿਵਾਰ ਦੀ ਫੁਟੇਜ ਅਤੇ ਵੀਡੀਓ ਰਿਕਾਰਡ ਕੀਤੇ। ਇਹ ਫੁਟੇਜ ਰਿਕਾਰਡ ਕਰਨ ਤੋਂ ਬਾਅਦ ਇਨ੍ਹਾਂ ਨੂੰ ਇੰਟਰਨੈੱਟ 'ਤੇ ਪੋਸਟ ਕਰਕੇ ਨਿੱਜਤਾ ਦੀ ਉਲੰਘਣਾ ਕੀਤੀ ਗਈ। IFTDA ਨੇ ਪੁਲਸ ਨੂੰ ਇਸ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਸੰਸਥਾ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ।
