ਅਮਰੀਕਾ ’ਚ ਇਹ ਸਨਮਾਨ ਲੈਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਧਰਮਿੰਦਰ

12/23/2020 6:27:10 PM

ਮੁੰਬਈ (ਬਿਊਰੋ)– ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੂੰ ਅਮਰੀਕਾ ਦੀ ਨਿਊ ਜਰਸੀ ਸਟੇਟ ਜਨਰਲ ਅਸੈਂਬਲੀ ਤੇ ਸੀਨੇਟ ਨੇ ਸੰਯੁਕਤ ਪ੍ਰਸਤਾਵ ਪਾਸ ਕਰਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਹੈ। ਦੋਵਾਂ ਸਦਨਾਂ ਨੇ ਧਰਮਿੰਦਰ ਦੇ ਹਿੰਦੀ ਸਿਨੇਮਾ ’ਚ ਅਮੁੱਲ ਯੋਗਦਾਨ ਨੂੰ ਦੇਖਦਿਆਂ ਇਹ ਪ੍ਰਸਤਾਵ ਪਾਸ ਕੀਤਾ। ਕਰੀਬ 60 ਸਾਲ ਦੇ ਕਰੀਅਰ ’ਚ ਧਰਮਿੰਦਰ ਨੇ 300 ਤੋਂ ਜ਼ਿਆਦਾ ਫ਼ਿਲਮਾਂ ’ਚ ਕੰਮ ਕੀਤਾ।

ਸਮਾਚਾਰ ਏਜੰਸੀ ਆਈ. ਏ. ਐੱਨ. ਐੱਸ. ਦੀ ਰਿਪੋਰਟ ਅਨੁਸਾਰ ਇਸ ਐਵਾਰਡ ਨੂੰ ਸਵੀਕਾਰ ਕਰਦਿਆਂ ਧਰਮਿੰਦਰ ਨੇ ਬਾਲੀਵੁੱਡ ਇਨਸਾਈਡਰ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਮੈਂ ਇਸ ਸਨਮਾਨ ਤੋਂ ਬਹੁਤ ਖ਼ੁਸ਼ ਹਾਂ ਤੇ ਇਹ ਐਵਾਰਡ ਲੈ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਧਰਮਿੰਦਰ ਨੂੰ ਇਕ ਆਨਲਾਈਨ ਪ੍ਰੋਗਰਾਮ ਜ਼ਰੀਏ ਇਹ ਐਵਾਰਡ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਅਮਰੀਕੀ ਪਬਲੀਕੇਸ਼ਨ ਬਾਲੀਵੁੱਡ ਇਨਸਾਈਡਰ ਨੇ ਕੀਤਾ ਸੀ। ਆਯੋਜਕਾਂ ਨੇ ਦੱਸਿਆ ਕਿ ਧਰਮਿੰਦਰ ਇਹ ਐਵਾਰਡ ਲੈਣ ਵਾਲੇ ਪਹਿਲੇ ਭਾਰਤੀ ਕਲਾਕਾਰ ਹਨ। ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਨਿਊ ਜਰਸੀ ਬੁਲਾਉਣ ਦੀ ਯੋਜਨਾ ਸੀ ਪਰ ਕੋਵਿਡ 19 ਦੀ ਵਜ੍ਹਾ ਨਾਲ ਇਸ ਨੂੰ ਰੱਦ ਕਰਨਾ ਪਿਆ।

ਧਰਮਿੰਦਰ ਨੂੰ ਸਨਮਾਨਿਤ ਕਰਨ ਦਾ ਪ੍ਰਸਤਾਵ ਸੀਨੇਟਰ ਮਾਈਕਲ ਡੋਹਰਟੀ ਨੇ ਪੇਸ਼ ਕੀਤਾ ਸੀ। ਇਸ ਪ੍ਰੋਗਰਾਮ ’ਚ ਡੋਹਰਟੀ ਤੋਂ ਇਲਾਵਾ ਨਿਊਯਾਰਕ ’ਚ ਭਾਰਤੀ ਕਾਊਂਸਲਰ ਜਨਰਲ ਅੰਬੈਸਡਰ ਰਣਧੀਰ ਜੈਸਵਾਲ, ਬਾਲੀਵੁੱਡ ਇਨਸਾਈਡਰ ਦੇ ਪ੍ਰਕਾਸ਼ਕ ਵਰਿੰਦਰ ਭੱਲਾ, ਨਿਊਯਾਰਕ ਇੰਡੀਆ ਟਾਈਮਜ਼ ਦੇ ਪ੍ਰਕਾਸ਼ਕ ਡਾ. ਸੁਧੀਰ ਪਾਰਿਖ ਆਦਿ ਸ਼ਾਮਲ ਹੋਏ। ਡੋਹਰਟੀ ਨੇ ਦੱਸਿਆ ਕਿ ਇਹ ਪ੍ਰਸਤਾਵ ਦੋਵਾਂ ਸਦਨਾਂ ਦੇ ਸਾਰੇ 120 ਮੈਂਬਰਾਂ ਵਲੋਂ ਪਾਸ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਧਰਮਿੰਦਰ ਹਿੰਦੀ ਸਿਨੇਮਾ ਦੇ ਉਨ੍ਹਾਂ ਅਦਾਕਾਰਾਂ ’ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ’ਚ ਰੋਮਾਂਟਿਕ, ਸਮਾਜਿਕ, ਐਕਸ਼ਨ, ਡਰਾਮਾ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਧਰਮਿੰਦਰ ਨੇ ਆਪਣੇ ਸ਼ਾਨਦਾਰ ਕਰੀਅਰ ’ਚ ਸ਼ੋਅਲੇ ਸਮੇਤ ਕਈ ਹਿੱਟ ਤੇ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਹਾਲ ਹੀ ’ਚ ਧਰਮਿੰਦਰ ਨੇ ਆਪਣੀ ਹੋਮ ਪ੍ਰੋਡਕਸ਼ਨ ਫ਼ਿਲਮ ‘ਅਪਨੇ 2’ ਦਾ ਐਲਾਨ ਕੀਤਾ ਸੀ, ਜਿਸ ਨੂੰ ਅਨਿਲ ਸ਼ਰਮਾ ਨਿਰਦੇਸ਼ਿਤ ਕਰ ਰਹੇ ਹਨ। ਇਸ ਫ਼ਿਲਮ ’ਚ ਧਰਮਿੰਦਰ ਇਕ ਵਾਰ ਫਿਰ ਆਪਣੇ ਦੋਵੇਂ ਬੇਟਿਆਂ ਸੰਨੀ ਦਿਓਲ ਤੇ ਬੌਬੀ ਦਿਓਲ ਤੋਂ ਇਲਾਵਾ ਪੋਤੇ ਕਰਨ ਦਿਓਲ ਨਾਲ ਨਜ਼ਰ ਆਉਣਗੇ।

ਨੋਟ– ਧਰਮਿੰਦਰ ਨੂੰ ਮਿਲੇ ਇਸ ਸਨਮਾਨ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh