‘ਆਦਿਪੁਰਸ਼’ ਫ਼ਿਲਮ ਦੇ ਖ਼ਿਲਾਫ਼ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਨੇ ਐੱਸ. ਐੱਸ. ਪੀ. ਨੂੰ ਸੌਂਪਿਆ ਮੰਗ ਪੱਤਰ
Thursday, Jun 22, 2023 - 11:37 AM (IST)
ਖੰਨਾ (ਕਮਲ)– ਹਾਲ ਹੀ ’ਚ ਰਿਲੀਜ਼ ਹੋਈ ਵਿਵਾਦਿਤ ਫ਼ਿਲਮ ‘ਆਦਿਪੁਰਸ਼’ ਦੇ ਖ਼ਿਲਾਫ਼ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸੀਨੀਅਰ ਮੀਤ ਪ੍ਰਧਾਨ ਤੇ ਪ੍ਰਵਾਸੀ ਸੈੱਲ ਦੇ ਪੰਜਾਬ ਪ੍ਰਧਾਨ ਅਨੁਜ ਗੁਪਤਾ ਨੇ ਖੰਨਾ ਪੁਲਸ ਜ਼ਿਲੇ ਦੀ ਐੱਸ. ਐੱਸ. ਪੀ. ਅਮਨੀਤ ਕੌਂਡਲ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਇਸ ਫ਼ਿਲਮ ’ਚ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਭਗਵਾਨ ਸ਼੍ਰੀ ਹਨੂੰਮਾਨ ਜੀ ਦੇ ਚਰਿੱਤਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਗੁਪਤਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਫ਼ਿਲਮ ਦੇ ਡਾਇਰੈਕਟਰ, ਪ੍ਰੋਡਿਊਸਰ, ਰਾਈਟਰ, ਹੀਰੋ, ਹੀਰੋਇਨ ਦੇ ਖ਼ਿਲਾਫ਼ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਭਾਰਤੀ ਦੰਡਾਵਲੀ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸੈਂਸਰ ਬੋਰਡ ਤੋਂ ਮੰਗ ਕੀਤੀ ਕਿ ਇਸ ਫ਼ਿਲਮ ਨੂੰ ਬੈਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ਿਲਮ ਖੰਨਾ ਪੁਲਸ ਜ਼ਿਲੇ ਅੰਦਰ ਕਿਤੇ ਵੀ ਦਿਖਾਈ ਗਈ ਤਾਂ ਇਸ ਫ਼ਿਲਮ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਤੇ ਸਮੁੱਚੇ ਹਿੰਦੂ ਸਮਾਜ ਨੂੰ ਨਾਲ ਲੈ ਕੇ ਇਸ ਫ਼ਿਲਮ ਨੂੰ ਸਿਨੇਮਾਘਰਾਂ ’ਚ ਨਹੀਂ ਲੱਗਣ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਹਨੀ ਸਿੰਘ ਨੂੰ ਗੋਲਡੀ ਬਰਾੜ ਗੈਂਗ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਗੁਪਤਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਫ਼ਿਲਮ ਨੂੰ ਖੰਨਾ ’ਚ ਪ੍ਰਦਰਸ਼ਿਤ ਨਾ ਕੀਤਾ ਜਾਵੇ ਕਿਉਂਕਿ ਇਸ ਫ਼ਿਲਮ ’ਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਸ਼ਿਵ ਸੈਨਾ ਸ਼ਿੰਦੇ ਗਰੁੱਪ ਵਲੋਂ ਖੰਨਾ ਪ੍ਰਸ਼ਾਸਨ ਨੂੰ 12 ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਫ਼ਿਲਮ ਨੂੰ ਨਾ ਹਟਾਇਆ ਗਿਆ ਤਾਂ ਸ਼ਿਵ ਸੈਨਾ ਸ਼ਿੰਦੇ ਗਰੁੱਪ ਵਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।