ਰਾਜੀਵ ਕਪੂਰ ਦੀ ਜ਼ਿੰਦਗੀ ਨਾਲ ਜੁੜੀਆਂ ਇਹ ਗੱਲਾਂ ਨਹੀਂ ਜਾਣਦੇ ਹੋਵੋਗੇ ਤੁਸੀਂ

02/09/2021 5:42:36 PM

ਮੁੰਬਈ (ਬਿਊਰੋ) : ਰਾਜ ਕਪੂਰ ਦੇ ਪੁੱਤਰ ਅਤੇ ਅਦਾਕਾਰ-ਨਿਰਦੇਸ਼ਕ ਰਾਜੀਵ ਕਪੂਰ (58 ਸਾਲਾ) ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਰਿਸ਼ੀ ਕਪੂਰ ਦੀ ਪਤਨੀ ਨੀਤੂ ਸਿੰਘ ਨੇ ਇੰਸਟਾਗ੍ਰਾਮ ’ਤੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਨੀਤੂ ਸਿੰਘ ਨੇ ਇੰਸਟਾਗ੍ਰਾਮ ’ਤੇ ਆਪਣੇ ਦਿਓਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਆਤਮਾ ਨੂੰ ਸ਼ਾਂਤੀ ਮਿਲੇ।’ ਦੱਸ ਦਈਏ ਕਿ ਸਾਲ 1983 ’ਚ ਫ਼ਿਲਮ ‘ਏਕ ਜਾਨ ਹੈਂ ਹਮ’ ਰਾਹੀਂ ਡੈਬਿਊ ਕਰਨ ਵਾਲੇ ਬਾਲੀਵੁੱਡ ਅਦਾਕਾਰ ਰਾਜੀਵ ਕਪੂਰ ਇਸ ਫਾਨੀ ਸੰਸਾਰ ਨੂੰ ਅੱਜ ਅਲਵਿਦਾ ਆਖ ਗਏ ਹਨ। 25 ਅਗਸਤ, 1962 ਨੂੰ ਜਨਮੇ ਰਾਜੀਵ ਕਪੂਰ ਆਪਣੇ ਭਰਾਵਾਂ ਰਣਧੀਰ ਕਪੂਰ ਅਤੇ ਰਿਸ਼ੀ ਕਪੂਰ ਤੋਂ ਛੋਟੇ ਸਨ। ਹਾਲਾਂਕਿ ਰਾਜੀਵ ਕਪੂਰ ਨੇ ‘ਏਕ ਜਾਨ ਹੈਂ ਹਮ’ ਫ਼ਿਲਮ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਨੂੰ ਪਛਾਣ ਮਿਲੀ ਸੀ ਉਨ੍ਹਾਂ ਦੇ ਪਿਤਾ ਰਾਹੀਂ ਡਾਇਰੈਕਟ ਕੀਤੀ ਫ਼ਿਲਮ ‘ਰਾਮ ਤੇਰੀ ਗੰਗਾ ਮੈਲੀ’ ਸਦਕਾ।

PunjabKesari

ਇਹ ਫ਼ਿਲਮ ਆਪਣੇ ਰਿਲੀਜ਼ ਵਾਲੇ ਸਾਲ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸਾਬਿਤ ਹੋਈ ਸੀ। ਰਾਜੀਵ ਕਪੂਰ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਫ਼ਿਲਮਾਂ ’ਚ ਕੰਮ ਕੀਤਾ, ਜਿਨ੍ਹਾਂ ’ਚ ‘ਆਸਮਾਨ’, ‘ਲਵਰ ਬੁਆਏ’, ‘ਜ਼ਬਰਦਸਤ’, ‘ਹਮ ਤੋਂ ਚਲੇ ਪਰਦੇਸ’ ਮੁੱਖ ਸਨ। ਸਾਲ 1990 ’ਚ ਆਈ ਫ਼ਿਲਮ ‘ਜ਼ਿੰਮੇਵਾਰ’ ’ਚ ਰਾਜੀਵ ਕਪੂਰ ਆਖਰੀ ਵਾਰ ਅਦਾਕਾਰੀ ਕਰਦੇ ਨਜ਼ਰ ਆਏ ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਆਪਣਾ ਰੁਖ਼ ਨਿਰਦੇਸ਼ਨ ਅਤੇ ਪ੍ਰੋਡਕਸ਼ਨ ਵੱਲ ਕਰ ਲਿਆ ਸੀ, ਜਿਸ ਤੋਂ ਬਾਅਦ ਸਾਲ 1990 ’ਚ ਉਨ੍ਹਾਂ ਪਹਿਲੀ ਫ਼ਿਲਮ ‘ਹਿਨਾ’ ਪ੍ਰੋਡਿਊਸ ਕੀਤੀ ਸੀ। 

PunjabKesari

ਇਹ ਫ਼ਿਲਮ ਉਨ੍ਹਾਂ ਦੇ ਭਰਾ ਰਿਸ਼ੀ ਕਪੂਰ ਵਲੋਂ ਡਾਇਰੈਕਟ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿਰਦੇਸ਼ਕ ਵਜੋਂ ‘ਪ੍ਰੇਮ ਗ੍ਰੰਥ’  ਫ਼ਿਲਮ ਡੈਬਿਊ ਕੀਤੀ ਸੀ ਪਰ ਬਦਕਿਸਮਤੀ ਨਾਲ ਇਹ ਫ਼ਿਲਮ ਇੰਨੀ ਸਫਲ ਨਹੀਂ ਰਹੀ। ਇਸ ਅਸਫਲਤਾ ਤੋਂ ਬਾਅਦ ਉਨ੍ਹਾਂ ਸਾਲ 1999 ’ਚ ਫ਼ਿਲਮ ‘ਆ ਅਬ ਲੌਟ ਚਲੇਂ’ ਪ੍ਰੋਡਿਊਸ ਕੀਤੀ, ਜੋ ਕਿ ਉਨ੍ਹਾਂ ਦੇ ਵੱਡੇ ਭਰਾ ਰਿਸ਼ੀ ਕਪੂਰ ਵਲੋਂ ਡਾਇਰੈਕਟ ਕੀਤੀ ਗਈ ਸੀ। ਇਸ ਤੋਂ ਬਾਅਦ ਉਹ ਮੁੜ ਪ੍ਰੋਡਿਊਸਿੰਗ ਤੇ ਡਾਇਰੈਕਸ਼ਨ ’ਚ ਸਰਗਰਮ ਨਹੀਂ ਦਿਖੇ। ‘ਰਾਮ ਤੇਰੀ ਗੰਗਾ ਮੈਲੀ’ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਦੇ ਸੁਪਰਿਹੱਟ ਹੋਣ ਦੀ ਵਜ੍ਹਾ ਰਾਜੀਵ ਕਪੂਰ ਨਹੀਂ ਸਗੋਂ ਮੁੱਖ ਅਦਾਕਾਰਾ ਮੰਦਾਕਿਨੀ ਸੀ।

PunjabKesari

ਮੰਦਾਕਿਨੀ ਦੇ ਬੋਲਡ ਦ੍ਰਿਸ਼ਾਂ ਕਾਰਨ ਕਾਫੀ ਜ਼ਿਆਦਾ ਵਿਵਾਦ ਵੀ ਹੋਇਆ ਸੀ ਪਰ ਕਿਹਾ ਜਾਂਦਾ ਹੈ ਕਿ ਇਸ ਫ਼ਿਲਮ ਤੋਂ ਬਾਅਦ ਰਾਜੀਵ ਕਪੂਰ ਅਤੇ ਉਨ੍ਹਾਂ ਦੇ ਪਿਤਾ ਰਾਜ ਕਪੂਰ ’ਚ ਫਿੱਕ ਪੈਦਾ ਹੋ ਗਈ ਸੀ। ਦਰਅਸਲ ਰਾਜ ਕਪੂਰ ਨੇ ਫ਼ਿਲਮ ‘ਰਾਮ ਤੇਰੀ ਗੰਗਾ ਮੈਲੀ’ ਰਾਹੀਂ ਆਪਣੇ ਬੇਟੇ ਰਾਜੀਵ ਕਪੂਰ ਨੂੰ ਲਾਂਚ ਕੀਤਾ ਸੀ। ਰਾਜੀਵ ਕਪੂਰ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਿਤਾ ਰਾਜ ਕਪੂਰ ਇਕ ਹੋਰ ਫ਼ਿਲਮ ਬਣਾਉਣ, ਜਿਸ ’ਚ ਮੁੱਖ ਭੂਮਿਕਾ ਉਹ ਖੁਦ ਕਰਨਾ ਚਾਹੁੰਦੇ ਸਨ ਪਰ ਰਾਜੀਵ ਦੀ ਇਸ ਮੰਗ ਦੇ ਬਾਵਜੂਦ ਰਾਜ ਕਪੂਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ’ਚ ਕਾਫੀ ਕੜਵਾਹਟ ਪੈਦਾ ਹੋ ਗਈ। ਇਹ ਕੜਵਾਹਟ ਇੰਨੀ ਜ਼ਿਆਦਾ ਵਧੀ ਕਿ ਰਾਜ ਕਪੂਰ ਦੇ ਦਿਹਾਂਤ ਤੋਂ ਬਾਅਦ ਰਾਜੀਵ ਕਪੂਰ ਉਨ੍ਹਾਂ ਦੀ ਅੰਤਿਮ ਵਿਦਾਇਗੀ ’ਚ ਵੀ ਸ਼ਾਮਲ ਨਹੀਂ ਹੋਏ।

ਨੋਟ– ਤੁਹਾਨੂੰ ਰਾਜੀਵ ਕਪੂਰ ਦੀ ਕਿਹੜੀ ਫ਼ਿਲਮ ਵਧੀਆ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Anuradha

Content Editor

Related News