ਸਿੱਧੂ ਮੂਸੇ ਵਾਲਾ ਨਾਲ ਵਾਇਰਲ ਤਸਵੀਰ ’ਤੇ ਬੱਬੂ ਮਾਨ ਦੇ ਖਾਸ ਦਰਸ਼ਨ ਲੱਖੇਵਾਲਾ ਦਾ ਬਿਆਨ
Saturday, Nov 21, 2020 - 06:07 PM (IST)

ਜਲੰਧਰ (ਬਿਊਰੋ)– ਸੋਸ਼ਲ ਮੀਡੀਆ ’ਤੇ ਹਾਲ ਹੀ ’ਚ ਇਕ ਤਸਵੀਰ ਬੇਹੱਦ ਵਾਇਰਲ ਹੋ ਰਹੀ ਹੈ। ਇਹ ਤਸਵੀਰ ਹੈ ਸਿੱਧੂ ਮੂਸੇ ਵਾਲਾ ਤੇ ਦਰਸ਼ਨ ਲੱਖੇਵਾਲਾ ਦੀ। ਜੀ ਹਾਂ, ਉਹੀ ਦਰਸ਼ਨ ਲੱਖੇਵਾਲਾ ਜਿਸ ਦਾ ਟੈਲੇਂਟ ਬੱਬੂ ਮਾਨ ਨੂੰ ਬੇਹੱਦ ਪਸੰਦ ਆਇਆ ਤੇ ਅੱਜ ਤਕ ਉਸ ਦਾ ਸਾਥ ਦਿੱਤਾ। ਹੁਣ ਸਿੱਧੂ ਨਾਲ ਜਿਵੇਂ ਹੀ ਦਰਸ਼ਨ ਲੱਖੇਵਾਲਾ ਦੀ ਤਸਵੀਰ ਵਾਇਰਲ ਹੋਈ ਤਾਂ ਬੱਬੂ ਮਾਨ ਦੇ ਫੈਨਜ਼ ਦਰਸ਼ਨ ਲੱਖੇਵਾਲਾ ਨੂੰ ਮਾੜਾ ਬੋਲਣ ਲੱਗੇ। ਇਸ ਸਭ ਦੇ ਚਲਦਿਆਂ ਦਰਸ਼ਨ ਲੱਖੇਵਾਲਾ ਨੇ ਇਕ ਵੀਡੀਓ ਅਪਲੋਡ ਕੀਤੀ ਹੈ, ਜਿਸ ’ਚ ਉਹ ਉਕਤ ਤਸਵੀਰ ਨੂੰ ਲੈ ਕੇ ਸਪੱਸ਼ਟੀਕਰਨ ਦੇ ਰਿਹਾ ਹੈ।
ਦਰਸ਼ਨ ਲੱਖੇਵਾਲਾ ਦਾ ਕਹਿਣਾ ਹੈ ਕਿ ਇਹ ਤਸਵੀਰ ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਵਿਚਾਲੇ ਪੈਦਾ ਹੋਏ ਵਿਵਾਦ ਤੋਂ ਪਹਿਲਾਂ ਦੀ ਹੈ। ਉਦੋਂ ਉਸ ਨੂੰ ਨਹੀਂ ਪਤਾ ਸੀ ਕਿ ਭਵਿੱਖ ’ਚ ਅਜਿਹਾ ਕੁਝ ਹੋ ਜਾਵੇਗਾ। ਦਰਸ਼ਨ ਨੇ ਅੱਗੇ ਕਿਹਾ ਕਿ ਉਹ ਮੂਸੇ ਪਿੰਡ ’ਚ ਵਿਆਹ ’ਤੇ ਗਿਆ ਸੀ ਤੇ ਦੋਸਤਾਂ ਨਾਲ ਉਥੇ ਸ਼ੂਟ ਲਈ ਲੋਕੇਸ਼ਨ ਲੱਭ ਰਿਹਾ ਸੀ। ਇਸ ਦੌਰਾਨ ਉਸ ਦੇ ਸਾਥੀਆਂ ਨੇ ਸਿੱਧੂ ਮੂਸੇ ਵਾਲਾ ਨਾਲ ਤਸਵੀਰ ਖਿੱਚਵਾਉਣ ਦੀ ਜ਼ਿੱਦ ਕੀਤੀ। ਹਾਲਾਂਕਿ ਉਦੋਂ ਵੀ ਉਹ ਗੱਡੀ ’ਚ ਬੈਠਾ ਰਿਹਾ ਪਰ ਸਾਥੀਆਂ ਵਲੋਂ ਜ਼ਬਰਦਸਤੀ ਕਰਨ ’ਤੇ ਉਸ ਨੇ ਵੀ ਸਿੱਧੂ ਨਾਲ ਤਸਵੀਰ ਖਿੱਚਵਾਈ।
ਸੋਸ਼ਲ ਮੀਡੀਆ ’ਤੇ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਦਰਸ਼ਨ ਲੱਖੇਵਾਲਾ ਸਿੱਧੂ ਕੋਲੋਂ ਮਦਦ ਮੰਗਣ ਗਿਆ ਸੀ ਪਰ ਦਰਸ਼ਨ ਨੇ ਆਪਣੀ ਵੀਡੀਓ ’ਚ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਉਹ ਸਿੱਧੂ ਕੋਲੋਂ ਕੋਈ ਮਦਦ ਮੰਗਣ ਨਹੀਂ ਗਿਆ ਸੀ। ਉਹ ਕੱਲ ਵੀ ਬੱਬੂ ਮਾਨ ਨਾਲ ਸੀ, ਅੱਜ ਵੀ ਬੱਬੂ ਮਾਨ ਨਾਲ ਹੈ ਤੇ ਅੱਗੇ ਵੀ ਬੱਬੂ ਮਾਨ ਨਾਲ ਰਹੇਗਾ। ਦਰਸ਼ਨ ਲੱਖੇਵਾਲਾ ਨੇ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਹੋਰ ਅੱਗੇ ਨਾ ਵਧਾਇਆ ਜਾਵੇ ਤੇ ਆਪਸ ’ਚ ਪਿਆਰ ਬਣਾ ਕੇ ਰੱਖਿਆ ਜਾਵੇ।