ਬਾਕਸ ਆਫਿਸ ''ਤੇ ਅਦੀਵੀ ਸ਼ੇਸ਼ ਦਾ ਧਮਾਕਾ, ਫਿਲਮ ''ਡਕੈਤ'' ਨੇ ਪਹਿਲੇ ਦਿਨ ਕਮਾਏ 15 ਕਰੋੜ ਰੁਪਏ
Saturday, Apr 11, 2026 - 04:45 PM (IST)
ਮੁੰਬਈ (ਏਜੰਸੀ) : ਸਾਊਥ ਤੇ ਹਿੰਦੀ ਸਿਨੇਮਾ ਦੇ ਅਦਾਕਾਰ ਅਦੀਵੀ ਸ਼ੇਸ਼ ਦੀ ਨਵੀਂ ਐਕਸ਼ਨ ਡਰਾਮਾ ਫਿਲਮ 'ਡਕੈਤ: ਇਕ ਪ੍ਰੇਮ ਕਥਾ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਮੇਕਰਸ ਮੁਤਾਬਕ ਫਿਲਮ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਦੁਨੀਆ ਭਰ ਵਿੱਚ 15 ਕਰੋੜ ਰੁਪਏ ਦਾ ਗ੍ਰਾਸ ਕਲੈਕਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਅਦੀਵੀ ਸ਼ੇਸ਼ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ
ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਇਹ ਫਿਲਮ ਅਦੀਵੀ ਸ਼ੇਸ਼ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਤੇਲਗੂ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੇਕਰਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ, "ਫਿਲਮ ਦੀ ਦਿਲਚਸਪ ਕਹਾਣੀ, ਜ਼ਬਰਦਸਤ ਕੈਮਿਸਟਰੀ ਅਤੇ ਅਣਕਿਆਸੇ ਮੋੜਾਂ ਨੇ ਇਸ ਨੂੰ ਇੱਕ ਮਜ਼ਬੂਤ ਸ਼ੁਰੂਆਤ ਦਿੱਤੀ ਹੈ।"
ਮ੍ਰਿਣਾਲ ਠਾਕੁਰ ਤੇ ਅਨੁਰਾਗ ਕਸ਼ਯਪ ਵੀ ਅਹਿਮ ਭੂਮਿਕਾ 'ਚ
ਫਿਲਮ ਵਿੱਚ ਅਦੀਵੀ ਸ਼ੇਸ਼ ਦੇ ਨਾਲ ਮ੍ਰਿਣਾਲ ਠਾਕੁਰ ਮੁੱਖ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਫਿਲਮਕਾਰ ਤੇ ਅਦਾਕਾਰ ਅਨੁਰਾਗ ਕਸ਼ਯਪ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ। ਫਿਲਮ ਦੀ ਕਹਾਣੀ ਇੱਕ ਅਜਿਹੇ ਕੈਦੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੀ ਉਸ ਸਾਬਕਾ ਪ੍ਰੇਮਿਕਾ ਤੋਂ ਬਦਲਾ ਲੈਣਾ ਚਾਹੁੰਦਾ ਹੈ ਜਿਸ ਨੇ ਉਸ ਨੂੰ ਧੋਖਾ ਦਿੱਤਾ ਸੀ। ਪਹਿਲੇ ਦਿਨ ਦੀ ਕਮਾਈ ਨੂੰ ਦੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਵੀਕੈਂਡ 'ਤੇ ਫਿਲਮ ਦੀ ਕਮਾਈ ਵਿੱਚ ਹੋਰ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ।
