ਹਿੰਦੂ ਸੰਗਠਨ ਦੀ ਚੇਤਾਵਨੀ, ਵੀਰ ਦਾਸ ਮੰਗੇ ਮੁਆਫ਼ੀ ਨਹੀਂ ਤਾਂ ਵਿਰੋਧ ਪ੍ਰਦਰਸ਼ਨ ਕਰਦੇ ਰਹਾਂਗੇ
Sunday, Nov 13, 2022 - 05:12 PM (IST)
ਪਣਜੀ (ਬਿਊਰੋ)- ਦੱਖਣਪੰਥੀ ਸੰਗਠਨਾਂ ਦੇ ਵਿਰੋਧ ਦੇ ਚੱਲਦੇ ਬੈਂਗਲੁਰੂ ’ਚ ‘ਸਟੈਂਡ-ਅੱਪ ਕਾਮੇਡੀਅਨ’ ਵੀਰ ਦਾਸ ਦਾ ਸ਼ੋਅ ਰੱਦ ਕੀਤੇ ਜਾਣ ਤੋਂ ਬਾਅਦ ਹਿੰਦੂ ਜਨਜਾਗ੍ਰਿਤੀ ਕਮੇਟੀ (ਐੱਚ. ਜੇ. ਐੱਸ.) ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਉਦੋਂ ਤੱਕ ਉਸ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ ਜਦੋਂ ਤੱਕ ਉਹ ਅਮਰੀਕਾ ’ਚ ਕੀਤੀ ਗਈ ਭਾਰਤ ਵਿਰੋਧੀ ਟਿੱਪਣੀ ਲਈ ਮੁਆਫ਼ੀ ਨਹੀਂ ਮੰਗ ਲੈਂਦੇ।
ਕਮੇਟੀ ਦੇ ਕੌਮੀ ਬੁਲਾਰੇ ਰਮੇਸ਼ ਸ਼ਿੰਦੇ ਨੇ ਕਿਹਾ ਕਿ ਜਿੱਥੇ ਵੀ ਦਾਸ ਦੇ ਪ੍ਰੋਗਰਾਮ ਹੋਣਗੇ, ਉਨ੍ਹਾਂ ਦਾ ਸੰਗਠਨ ਵਿਰੋਧ ਕਰਦਾ ਰਹੇਗਾ। ਵੀਰ ਦਾਸ ਨੇ ਪਿਛਲੇ ਸਾਲ ਅਮਰੀਕਾ ’ਚ ਇਕ ਕਵਿਤਾ ‘ਮੈਂ ਦੋ ਭਾਰਤ ਸੇ ਆਤਾ ਹੂੰ’ ਪੜ੍ਹੀ ਸੀ, ਜਿਸ ’ਤੇ ਕਾਫੀ ਵਿਵਾਦ ਹੋਇਆ ਸੀ। ਦਾਸ ’ਤੇ ਇਸ ਕਵਿਤਾ ਰਾਹੀਂ ਦੇਸ਼ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਵੀਰਵਾਰ ਨੂੰ ਹਿੰਦੂ ਦੱਖਣਪੰਥੀ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਬੈਂਗਲੁਰੂ ’ਚ ਉਸ ਦਾ ਨਿਰਧਾਰਤ ਸ਼ੋਅ ਆਖਰੀ ਸਮੇਂ ’ਚ ਰੱਦ ਕਰ ਦਿੱਤਾ ਗਿਆ ਸੀ। ਇਨ੍ਹਾਂ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਇਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਸ਼ਿੰਦੇ ਨੇ ਕਿਹਾ ਕਿ ਦਾਸ ਨੂੰ ਅਮਰੀਕਾ ’ਚ ਭਾਰਤ ਖਿਲਾਫ ਦਿੱਤੇ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਅਸੀਂ ਉਨ੍ਹਾਂ ਦੇ ਬਿਆਨ ਦਾ ਵਿਰੋਧ ਨਹੀਂ ਕਰਦੇ ਹਾਂ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਨ੍ਹਾਂ ਜੋ ਕਿਹਾ, ਅਸੀਂ ਉਸ ਦਾ ਸਮਰਥਨ ਕਰਦੇ ਹਾਂ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਂਝੀ ਕਰੋ।