ਕਾਮੇਡੀਅਨ ਭਾਰਤੀ ਸਿੰਘ ਨੇ ਵਿਆਹ ਨੂੰ ਲੈ ਕੇ ਕੀਤਾ ਖੁਲਾਸਾ
Tuesday, Dec 22, 2015 - 01:36 PM (IST)

ਮੁੰਬਈ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਵਿਆਹ ਦੀਆਂ ਅਫਵਾਹਾਂ ''ਤੇ ਆਪਣੇ ਸਟੈਂਡ ਕਲੀਅਰ ਕਰਦਿਆਂ ਕਿਹਾ ਕਿ ਉਹ ਚੋਰੀ-ਚੋਰੀ ਵਿਆਹ ਨਹੀਂ ਕਰਵਾਏਗੀ। ਜ਼ਿਕਰਯੋਗ ਹੈ ਕਿ ਮੂਲ ਰੂਪ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਚਿਆ ਦੇ ਜਲਦੀ ਵਿਆਹ ਹੋਣ ਦੀਆਂ ਖਬਰਾਂ ਆਈਆਂ ਸਨ। ਇਨ੍ਹਾਂ ਖਬਰਾਂ ਨੂੰ ਅਫਵਾਹਾਂ ਦੱਸਦੇ ਹੋਏ ਭਾਰਤੀ ਨੇ ਕਿਹਾ ਕਿ ਇਨ੍ਹਾਂ ਖਬਰਾਂ ਵਿਚ ਕੋਈ ਸੱਚਾਈ ਨਹੀਂ ਹੈ। ਉਹ ਵਿਆਹ ਕਰਵਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਫਿਰ ਪੰਜਾਬ ਵਾਸੀਆਂ ਨੂੰ ਦੱਸੇਗੀ।
ਭਾਰਤੀ ਨੇ ਕਿਹਾ ਕਿ ਭਾਵੇਂ ਉਹ ਮੁੰਬਈ ਵਿਚ ਰਹਿੰਦੀ ਹੈ ਪਰ ਹੈ ਪੰਜਾਬੀ ਕੁੜੀ। ਜੇਕਰ ਉਹ ਕਿਸੇ ਨੂੰ ਪਸੰਦ ਕਰੇਗੀ ਤਾਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸੇਗੀ ਅਤੇ ਫਿਰ ਆਪਣੇ ਪ੍ਰਸੰਸਕਾਂ ਨੂੰ ਇਹ ਖੁਸ਼ਖਬਰੀ ਦੇਵੇਗੀ। ਉਸਨੇ ਕਿਹਾ ਕਿ ਕੁਝ ਲੋਕ ਝੂਠੀ ਸ਼ੌਹਰਤ ਖੱਟਣ ਲਈ ਅਜਿਹੀਆਂ ਹਰਕਤਾਂ ਕਰਦੇ ਹਨ ਪਰ ਉਸਨੂੰ ਇਸਦੀ ਲੋੜ ਨਹੀਂ। ਲੋਕਾਂ ਦੇ ਦਿਲ ਵਿਚ ਪਹਿਲਾਂ ਹੀ ਉਸਦੀ ਜਗ੍ਹਾ ਹੈ।
ਉਸਨੇ ਕਿਹਾ ਕਿ ਲੋਕ ਭਾਵੇਂ ਕਿੰਨੇ ਵੀ ਐਡਵਾਂਸ ਹੋ ਜਾਣ ਪਰ ਉਨ੍ਹਾਂ ਦੀ ਸੋਚ ਪੁਰਾਣੀ ਹੈ ਰਹੇਗੀ। ਕਿਸੇ ਨਾਲ ਕੰਮ ਕਰਦਿਆਂ ਉਸ ਨਾਲ ਉੱਠਣਾ-ਬੈਠਣਾ ਤਾਂ ਹੁੰਦਾ ਹੀ ਹੈ ਪਰ ਲੋਕ ਇਸਨੂੰ ਗਲਤ ਰੂਪ ਦੇ ਦਿੰਦੇ ਹਨ। ਉਸਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਸਦੇ ਵਿਆਹ ਦੀ ਗਲਤ ਖਬਰ ਪੜ੍ਹ ਕੇ ਉਸਦੀ ਮੰਮੀ ਰੋ ਪਈ ਜਦਕਿ ਉਹ ਆਪ ਵੀ ਲੋਕਾਂ ਦੇ ਫੋਨ ਸੁਣ-ਸੁਣ ਅਤੇ ਉਕਤ ਖਬਰ ਦਾ ਖੰਡਨ ਕਰਦੀ-ਕਰਦੀ ਥੱਕ ਗਈ ਹੈ।