ਚਰਨ ਕੌਰ ਨੇ ਪੁੱਤ ਸਿੱਧੂ ਦੀ ਸਾਂਝੀ ਕੀਤੀ ਪੁਰਾਣੀ ਵੀਡੀਓ, ਲਿਖਿਆ, ‘ਅੱਜ ਦੇ ਦਿਨ ਮੈਂ ਤੈਨੂੰ ਆਖ਼ਰੀ ਵਾਰ ਕਰ ਰਹੀ ਸੀ ਤਿਆਰ’

05/31/2023 2:07:46 PM

ਜਲੰਧਰ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਬੀਤੇ ਸੋਮਵਾਰ ਨੂੰ ਪੂਰਾ ਇਕ ਵਰ੍ਹਾ ਬੀਤ ਗਿਆ ਹੈ। ਇਸ ਕਾਲੇ ਦਿਨ ਨੂੰ ਪਰਿਵਾਰ ਸਣੇ ਪ੍ਰਸ਼ੰਸਕ ਅਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਵੀ ਨਮ ਅੱਖਾਂ ਨਾਲ ਯਾਦ ਕੀਤਾ। ਉਥੇ ਹੀ ਪੁੱਤ ਦੀ ਪਹਿਲੀ ਬਰਸੀ ਤੋਂ 2 ਦਿਨ ਬਾਅਦ ਮਾਂ ਚਰਨ ਕੌਰ ਵੱਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ। ਹੁਣ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ 'ਚ ਸਾਂਝੀ ਕੀਤੀ ਹੈ, ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ। ਦਰਅਸਲ, ਇਹ ਵੀਡੀਓ ਸਾਲ 2019 ਦੀ ਹੈ। ਜਦੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਆਪਣੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨਾਲ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਸਨ। 

PunjabKesari

ਇਸ ਤੋਂ ਇਲਾਵਾ ਚਰਨ ਕੌਰ ਨੇ ਇਕ ਪੋਸਟ ਵੀ ਇੰਸਟਾ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਅੱਜ ਦੇ ਦਿਨ ਮੈਂ ਆਖ਼ਰੀ ਵਾਰ ਤੁਹਾਨੂੰ ਤਿਆਰ ਕਰ ਰਹੀ ਸੀ, ਠੀਕ ਉਸੇ ਤਰ੍ਹਾਂ ਜਿਵੇਂ ਨਿੱਕੇ ਹੁੰਦੇ ਤੋਂ ਕਰਿਆ ਕਰਦੀ ਸੀ, ਤੁਹਾਡਾ ਜੂੜਾ ਗੁੰਦ ਰਹੀ ਸੀ ਤੇ ਤੁਹਾਡੇ ਵਾਲਾਂ ਨਾਲ ਸਾਡੇ ਤੁਹਾਡੇ ਨਾਲ ਜੁੜੇ ਸੁਫ਼ਨੇ, ਦੁਆਵਾਂ, ਮੁਰਾਦਾ ਤੇ ਚਾਵਾਂ ਨੂੰ ਗੁੰਦ ਰਹੀ ਸੀ। ਮੈਂ ਤੁਹਾਡੀਆਂ ਅੱਖਾਂ 'ਚ ਸੁਰਮਾ ਸਜਾਇਆ, ਤੁਹਾਡੇ ਸਿਹਰਾ ਲਾਇਆ, ਤੁਹਾਨੂੰ ਸੋਹਣਾ ਲਾੜਾ ਬਣਾਇਆ ਤੇ ਤੁਹਾਡੇ ਉਸ ਪੰਜਾਬ ਦੇ ਕੁਝ ਲੋਕਾਂ ਦੀਆਂ ਸਾਜ਼ਸ਼ਾਂ, ਸਿਆਸਤਾਂ ਤੇ ਤੁਹਾਡੀ ਕਾਮਯਾਬੀ ਤੋਂ ਰੰਜਿਸ਼ ਖਾਣ ਵਾਲੀਆਂ ਸਾਜ਼ਿਸ਼ਾਂ ਨਾਲ ਭਰੀ ਖੂਨੀ ਬਾਰਾਤ ਦੀ ਜੰਝ ਚੜਾ ਦਿੱਤਾ, ਜਿਸ ਪੰਜਾਬ ਦੇ ਹਰ ਬੰਦੇ ਲਈ ਤੁਹਾਡੇ ਦਿਲ 'ਚ ਹਮਦਰਦੀ ਸੀ ਤੇ ਪੁੱਤ ਹਰੇਕ ਲਈ ਕੁਝ ਨਾ ਕੁਝ ਕਰਨ ਦੀ ਇੱਛਾ ਸੀ ਪਰ ਪੁੱਤ ਤੁਸੀਂ ਇਹ ਸਮਝ ਹੀ ਨਹੀਂ ਸਕੇ ਕਿ ਤੁਹਾਡੀ ਚੰਗਿਆਈ ਤੇ ਸੱਚਾਈ ਉਨ੍ਹਾਂ ਕੁਝ ਲੋਕਾਂ ਦੇ ਕਾਗਜ਼ੀ ਦਾਵਿਆਂ ਦੇ ਅਸਲ ਸੱਚ ਨੂੰ ਜਗ ਜਾਹਿਰ ਕਰ ਰਹੀ ਸੀ, ਅੱਜ ਦੇ ਦਿਨ ਮੈਂ ਆਪਣੀ ਕੁੱਖ ਦੇ ਸੁੱਖ ਨੂੰ, ਉਨ੍ਹਾਂ ਰੰਜਿਸ਼ ਭਰੀਆਂ ਸਾਜ਼ਿਸ਼ਾਂ ਦੀ ਅਣਮੰਗੀ ਚਿਖਾ ਹਵਾਲੇ ਕਰ ਦਿੱਤਾ ਸੀ ਤੇ ਮੇਰੇ ਫੱਕਰ ਪੁੱਤ ਦੀ ਚਿਖਾ ਹੁਣ ਮੇਰੀਆਂ ਅੱਖਾਂ 'ਚ ਹਰ ਵੇਲੇ ਉਸੇ ਤਰ੍ਹਾਂ ਮੱਚਦੀ ਆ ਤੇ ਮੈਨੂੰ ਆਕਾਲ ਪੁਰਖ ਤੇ ਯਕੀਨ ਆ ਉਨ੍ਹਾਂ ਪਾਪੀਆਂ ਦੀ ਚਿਖਾ ਵੀ ਅਣਮੰਗੀ ਹੋਣੀ ਆ ਤੇ ਉਨ੍ਹਾਂ ਨੂੰ ਮੱਚਦਿਆਂ ਮੈਂ ਜ਼ਰੂਰ ਦੇਖਣਾ।''

PunjabKesari

ਦੱਸ ਦਈਏ ਕਿ ਸਿੱਧੂ ਦੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਪੋਸਟ ਸਾਂਜੀ ਕਰਦਿਆਂ ਲਿਖਿਆ ਸੀ, "ਸੁੱਖਾਂ ਸੁੱਖ ਕੇ ਓ ਦਿਨ ਆਇਆ ਸੀ, ਜਦ ਮੈਂ ਆਪਣੀ ਕੁੱਖ 'ਚ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕੀਤਾ ਸੀ, ਬੜੀਆਂ ਰੀਝਾਂ ਤੇ ਚਾਵਾਂ ਨਾਲ ਤੁਹਾਨੂੰ 9 ਮਹੀਨੇ ਪਾਲ ਕੇ ਚੜ੍ਹਦੀ ਜੂਨ 'ਚ ਗਲ਼ ਨਾਲ ਲਾਇਆ ਸੀ। ਕਦੇ ਨਜ਼ਰਾਂ ਤੋਂ ਬਚਾਉਂਦੀ ਨੇ ਤੇ ਕਦੇ ਖੇਡਾਂ ਨਾਲ ਖਿਡਾਉਂਦੀ ਨੇ, ਸੋਹਣਾ ਸਰਦਾਰ ਸਜਾਇਆ ਸੀ। ਕਦੇ ਸੱਚ ਤੇ ਅਣਖ ਦਾ ਪਾਠ ਪੜ੍ਹਾਉਂਦੀ, ਕਦੇ ਕਿਰਤ ਦੇ ਮੁੱਲ ਦਾ ਗਿਆਨ ਸਿਖਾਉਂਦੀ, ਝੁਕ ਕੇ ਚੱਲਣਾ ਗੱਲ ਬੁਰੀ ਨਾ ਇਹੋ ਗੱਲ ਨੂੰ ਜ਼ਹਿਨ 'ਚ ਪਾਉਂਦੀ ਨੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਇਆ ਸੀ। ਪਰ ਮੈਂ ਨਹੀਂ ਜਾਣਦੀ ਸੀ ਪੁੱਤ ਕਿ ਤੁਹਾਡਾ ਮੁਕਾਮ ਹੀ ਤੁਹਾਨੂੰ ਮੇਰੇ ਤੋਂ ਦੂਰ ਕਰ ਦੇਵੇਗਾ। ਮੇਰੇ ਲਈ ਇਸ ਤੋਂ ਵੱਡੀ ਸਜ਼ਾ ਕੀ ਹੋਣੀ ਆ ਜਿਹਦੀਆਂ ਲੰਮੀਆਂ ਉਮਰਾਂ ਦੀ ਸੁੱਖ ਮੈਂ ਦਿਨ ਰਾਤ ਸੁੱਖਦੀ ਸੀ, ਅੱਜ ਆਪਣੇ ਉਹੀ ਸ਼ੁੱਭ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖੇ ਨੂੰ ਇਕ ਸਾਲ ਹੋ ਗਿਆ। ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਗੁਨਾਹ ਤੋਂ ਕੁੱਝ ਘਟੀਆ ਲੋਕਾਂ ਨੇ ਮੇਰੇ ਬੱਚੇ ਨੂੰ ਮੇਰੇ ਤੋਂ ਖੋਹ ਲਿਆ। ਅੱਜ ਇਕ ਸਾਲ ਹੋ ਗਿਆ ਪੁੱਤ ਤੁਹਾਨੂੰ ਮੈਂ ਗਲ਼ ਨਾਲ ਨਹੀਂ ਲਾਇਆ। ਤੁਹਾਡੇ ਨਾਲ ਕੋਈ ਦੁੱਖ ਸਾਂਝਾ ਨਹੀਂ ਕੀਤਾ, ਤੁਹਾਨੂੰ ਤੁਹਾਡਾ ਮਨਪਸੰਦ ਖਾਣਾ ਆਪਣੇ ਹੱਥੀਂ ਨਹੀਂ ਖੁਆਇਆ, ਸ਼ੁੱਭ ਜਦੋਂ ਤੁਸੀਂ ਮੇਰੇ ਕੋਲ ਹੁੰਦੇ ਸੀ, ਮੈਨੂੰ ਹਰ ਮੁਸ਼ਕਲ ਹਰ ਦੁੱਖ ਛੋਟਾ ਲੱਗਦਾ ਸੀ, ਪਰ ਤੁਹਾਡੇ ਬਿਨਾਂ ਮੈਂ ਇਕ ਸਾਲ ਦਾ ਮਾਂ ਕਿਵੇਂ ਬਿਤਾਇਆ ਇਹ ਸਿਰਫ ਮੇਰੀ ਅੰਤਰ ਆਤਮਾ ਜਾਣਦੀ ਆ। ਅੱਜ ਵੀ ਇਹੋ ਸੋਚ ਰਹੀ ਆਂ ਕਿ ਉਹ ਤਰੀਕ ਤਾਂ ਮੁੜ ਆਈ ਆ ਕਿ ਪਤਾ ਤੁਸੀਂ ਵੀ ਆ ਜਾਵੋ। ਮੇਰੀ ਪਰਛਾਈ, ਮੇਰੀ ਹੋਂਦ ਦੀ ਪਛਾਣ ਮੇਰੇ ਗੱਗੂ, ਪੁੱਤ ਮੈਂ ਤੁਹਾਨੂੰ ਗਲ਼ ਨਾਲ ਲਾਉਣਾ, ਮੇਰੀ ਤੜਫਣਾ ਖ਼ਤਮ ਕਰ ਦਵੋ ਪੁੱਤ ਘਰ ਵਾਪਸ ਆ ਜਾਓ, ਕਿਸੇ ਘੜੀ ਵੀ ਜੀ ਨਹੀਂ ਲੱਗਦਾ।" 

PunjabKesari

ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ। ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਬੀਤੇ ਦਿਨੀਂ ਉਸ ਥਾਂ ’ਤੇ ਪਾਠ ਕਰਵਾਇਆ ਗਿਆ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ ’ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ।

 


sunita

Content Editor

Related News