‘ਕਾਨਸ ਫ਼ਿਲਮ ਫੈਸਟੀਵਲ’ ''ਤੇ ਵੀ ''ਕੋਰੋਨਾ'' ਦਾ ਕਹਿਰ, ਮੁਲਤਵੀ ਕੀਤੀ ਐਵਾਰਡ ਸੈਰਾਮਨੀ

Friday, Jan 29, 2021 - 10:07 AM (IST)

ਨਵੀਂ ਦਿੱਲੀ : ਪਿਛਲੇ ਸਾਲ ਤੋਂ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਸਮਾਗਮਾਂ, ਐਵਾਰਡ ਸੈਰਾਮਨੀ ਨੂੰ ਰੱਦ ਕਰ ਦਿੱਤਾ ਗਿਆ। ਹੁਣ ਪਿਛਲੇ ਸਾਲ ਰੱਦ ਕੀਤੇ ਗਏ ‘ਕਾਨਸ ਫ਼ਿਲਮ ਫੈਸਟੀਵਲ’ ਨੂੰ ਇਸ ਸਾਲ ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਕਾਨਸ ਦੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਉਦੋਂ ਤਕ ਸਥਿਤੀ ਠੀਕ ਹੋ ਜਾਵੇਗੀ ਅਤੇ ਉਹ ਲੋਕਾਂ ਦੀ ਮੌਜੂਦਗੀ ਵਿਚ ‘ਕਾਨਸ ਫ਼ਿਲਮ ਫੈਸਟੀਵਲ’ ਦਾ ਅਨੰਦ ਲੈਣ ਦੇ ਯੋਗ ਹੋ ਜਾਣਗੇ। ਬੁੱਧਵਾਰ ਨੂੰ ਪ੍ਰਬੰਧਕਾਂ ਨੇ ਘੋਸ਼ਣਾ ਕੀਤੀ ਕਿ ਇਸ ਸਾਲ ‘ਕਾਨਸ ਫ਼ਿਲਮ ਫੈਸਟੀਵਲ’ ਇਸ ਦੇ ਨਿਯਮਤ ਕਾਰਜਕ੍ਰਮ ਤੋਂ ਲਗਭਗ 2 ਮਹੀਨਿਆਂ ਬਾਅਦ 6-17 ਜੁਲਾਈ ਨੂੰ ਹੋਵੇਗਾ।

ਦੱਸ ਦੇਈਏ ਕਿ ਪਿਛਲੇ ਸਾਲ ‘ਕਾਨਸ ਫ਼ਿਲਮ ਫੈਸਟੀਵਲ’ ਨੂੰ ਪਹਿਲਾਂ ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਜਦੋਂ ਸਥਿਤੀ ਠੀਕ ਨਹੀਂ ਕੀਤੀ ਗਈ ਤਾਂ ਇਹ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 'ਗ੍ਰੈਮੀ ਐਵਾਰਡ' ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਰਿਕਾਰਡਿੰਗ ਅਕਾਦਮੀ ਅਤੇ ਪ੍ਰਸਾਰਕ ਸੀਬੀਐਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ, 'ਸਿਹਤ ਮਾਹਰਾਂ, ਮੇਜ਼ਬਾਨਾਂ ਅਤੇ ਸਾਡੇ ਕਲਾਕਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ ਇਸ ਰਸਮ ਨੂੰ ਫਿਲਹਾਲ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ।'

ਪਹਿਲਾਂ '63ਵੇਂ ਗ੍ਰੈਮੀ ਐਵਾਰਡ' ਦਾ ਸਮਾਰੋਹ 31 ਜਨਵਰੀ ਨੂੰ ਹੋਣਾ ਸੀ ਪਰ ਹੁਣ ਇਹ 14 ਮਾਰਚ 2021 ਨੂੰ ਹੋਵੇਗਾ। ਇਸ ਸਮੇਂ ਦੌਰਾਨ ਇਹ ਵੀ ਦੱਸਿਆ ਗਿਆ ਕਿ ਲਾਸ ਏਂਜਲਸ ਵਿਚ ਕੋਵਿਡ ਕਰਕੇ ਹਾਲਤ ਬਹੁਤ ਖ਼ਰਾਬ ਹੈ। ਜਿਵੇਂ ਕਿ ਕੋਵਿਡ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਸ਼ੋਅ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ ਕਿਉਂਕਿ ਸ਼ੋਅ ਦੇ ਬਹੁਤ ਸਾਰੇ ਗਾਇਕ, ਸੰਗੀਤਕਾਰ ਅਤੇ ਨਿਰਮਾਤਾ ਇਸ ਵਿਚ ਸ਼ਾਮਲ ਹੁੰਦੇ ਹਨ ਅਤੇ ਸਭ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ।

ਨੋਟ -  ‘ਕਾਨਸ ਫ਼ਿਲਮ ਫੈਸਟੀਵਲ’ ਦੀ ਇਸ ਖ਼ਬਰ ਸਬੰਧੀ ਆਪਣੀ ਰਾਏ ਸਾਨੂੰ ਕੁਮੈਂਟ ਬਾਕਸ ’ਚ ਜ਼ਰੂਰ ਦਿਓ। 


sunita

Content Editor

Related News