ਕੰਗਨਾ ਰਣੌਤ ਨੂੰ ਵੱਡਾ ਝਟਕਾ, ਮੁੰਬਈ ਪੁਲਸ ਅੱਗੇ ਪੇਸ਼ ਹੋਣ ਦਾ ਨੋਟਿਸ

Monday, Dec 13, 2021 - 03:49 PM (IST)

ਕੰਗਨਾ ਰਣੌਤ ਨੂੰ ਵੱਡਾ ਝਟਕਾ, ਮੁੰਬਈ ਪੁਲਸ ਅੱਗੇ ਪੇਸ਼ ਹੋਣ ਦਾ ਨੋਟਿਸ

ਮੁੰਬਈ (ਬਿਊਰੋ) - ਮੁੰਬਈ ਹਾਈ ਕੋਰਟ ਨੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਸੁਣਵਾਈ ਕਰਦੇ ਹੋਏ ਉਸ ਨੂੰ 22 ਦਸੰਬਰ ਤੋਂ ਪਹਿਲਾਂ ਮੁੰਬਈ ਪੁਲਸ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਦਰਅਸਲ, ਕੰਗਨਾ ਰਣੌਤ ਨੇ ਸਰਕਾਰ ਦੁਆਰਾ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ, ''ਖਾਲਿਸਤਾਨੀ ਅੱਤਵਾਦੀਆਂ ਨੇ ਅੱਜ ਸਰਕਾਰ ਦੀ ਬਾਂਹ ਮਰੋੜ ਦਿੱਤੀ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਮਹਿਲਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਭਾਵੇਂ ਇਸ ਕਾਰਨ ਦੇਸ਼ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਇਆ ਹੋਵੇ।''

ਇਸ ਬਿਆਨ ਤੋਂ ਬਾਅਦ ਕੰਗਨਾ ਖ਼ਿਲਾਫ਼ ਕਈ ਥਾਵਾਂ 'ਤੇ ਐੱਫ. ਆਈ. ਆਰ. ਦਰਜ ਹੋਈਆਂ। ਲੋਕਾਂ ਦਾ ਕਹਿਣਾ ਸੀ ਕਿ ਕੰਗਨਾ ਨਫਰਤ ਦੀ ਫੈਕਟਰੀ ਬਣ ਗਈ ਹੈ। ਅਸੀਂ ਸਰਕਾਰ ਤੋਂ ਇੰਸਟਾਗ੍ਰਾਮ 'ਤੇ ਅਜਿਹੀਆਂ ਨਫਰਤ ਭਰੀਆਂ ਪੋਸਟਾਂ ਪਾਉਣ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ, ਕੰਗਨਾ ਦੀ ਸੁਰੱਖਿਆ ਅਤੇ ਪਦਮ ਸ਼੍ਰੀ ਨੂੰ ਤੁਰੰਤ ਵਾਪਸ ਲਿਆ ਜਾਵੇ।

PunjabKesari

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਇਸ ਤੋਂ ਪਹਿਲਾਂ ਜਦੋਂ ਉਹ ਪੰਜਾਬ 'ਚ ਸੀ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੀਰਤਪੁਰ 'ਚ ਉਸ ਦੀ ਕਾਰ ਰੋਕ ਦਿੱਤੀ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਝੰਡੇ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਉਸ ਨੇ ਕਿਸਾਨਾਂ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲਿਆਂ ਵਿਰੁੱਧ ਆਪਣੀ ਬਿਆਨਬਾਜ਼ੀ ਲਈ ਕੰਗਨਾ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਵਧਦੇ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲਸ ਬਲ ਵੀ ਮੌਕੇ 'ਤੇ ਬੁਲਾਇਆ ਗਿਆ। ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਕਰੀਬ ਦੋ ਘੰਟੇ ਬਾਅਦ ਕੰਗਨਾ ਨੇ ਆਖਰਕਾਰ ਮੁਆਫੀ ਮੰਗ ਲਈ, ਜਿਸ ਤੋਂ ਬਾਅਦ ਕਿਸਾਨਾਂ ਨੇ ਉਸ ਨੂੰ ਜਾਣ ਦਿੱਤਾ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News